ਸਾਹਿਤਕ ਸੱਥਗੁਸਤਾਖੀਆਂਵਿਸ਼ੇਸ਼ ਲੇਖ

ਹਾਸ ਵਿਅੰਗ : ਵੱਖਰੀ ਪਛਾਣ ਦੀ ਪੂਛ…

ਜੀਵ ਵਿਗਿਆਨੀਆਂ ਅਨੁਸਾਰ ਮਨੁੱਖ ਵਰਤਮਾਨ ਰੂਪ ਵਿਚ ਆਉਣ ਤੋਂ ਪਹਿਲਾਂ ਜਦੋਂ ਜੰਗਲਾਂ ਦਾ ਵਾਸੀ ਸੀ ਜਾਂ ਇਸ ਦੇ ਵਿਕਾਸ ਦਾ ਮੁੱਢ ਬੱਝਾ ਸੀ ਤਾਂ ਪੂਛ ਵਾਲਾ ਹੀ ਸੀ। ਇਸ ਰੂਪ ਵਿਚ ਪਹੁੰਚਣ ਲਈ ਇਸ ਨੂੰ ਲੱਖਾਂ ਸਾਲ ਲੱਗੇ ਹਨ। ਹੋਰ ਪੂਛਲਾਂ ਵਾਲੇ ਪ੍ਰਾਣੀਆਂ ਦੀਆਂ ਤਾਂ ਪੂਛਲਾਂ ਨਾਲ ਹੀ ਹਨ ਪਰ ਮਨੁੱਖ ਦੀ ਪੂਛ ਗਾਇਬ ਹੋ ਗਈ। ਜਦੋਂ ਮਨੁੱਖ ਥੋੜ੍ਹਾ ਸਿਆਣਾ ਹੋਇਆ ਤਾਂ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਪੂਛ ਤਾਂ ਮੇਰੀ ਪਛਾਣ ਸੀ! ਪੂਛੋਂ ਬਗੈਰ ਤਾਂ ਮੈਂ ਅਧੂਰਾ ਹਾਂ। ਇਸ ਲਈ ਹੀ ਆਪਣੀ ਸਿਆਣਪ ਵਰਤ ਕੇ ਮਨੁੱਖ ਨੇ ਵੱਖਰੀ ਪੂਛ ਜੋੜਨੀ ਸ਼ੁਰੂ ਕਰ ਦਿੱਤੀ, ਕਹਿਣ ਤੋਂ ਭਾਵ, ਵੱਖਰੀ ਪਛਾਣ ਦੀ ਪੂਛ। ਜਿਵੇਂ: ਤਖੱਲਸ, ਉੱਚੀ ਜਾਤ ਜਾਂ ਰੁਤਬੇ ਦੀ ਪੂਛ ਦੇ ਰੂਪ ਵਿਚ।
ਪੂਛਲਾਂ ਵਾਲੇ ਅਨੇਕ ਪ੍ਰਾਣੀ ਹਨ ਪਰ ਸਭ ਤੋਂ ਵਿਸ਼ੇਸ਼ ਦਰਜਾ ਕੁੱਤੇ ਦੀ ਪੂਛ ਨੂੰ ਹਾਸਲ ਹੈ। ਕੁੱਤੇ ਦੀ ਪੂਛ ਕੱਟਣ ਤੋਂ ਬਾਅਦ ਵੀ ਅਮਰ ਹੈ। ਕਿਉਂਕਿ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਫਲਾਣਾ ਬੰਦਾ ਬੜਾ ਸੰਢੇ ਦੀ ਪੂਛ, ਸ਼ੇਰ ਦੀ ਪੂਛ ਜਾਂ ਕਿਸੇ ਹੋਰ ਦੀ ਪੂਛ ਹੈ। ਕੁੱਤੇ ਦੀ ਮਾਰਫ਼ਤ ਇਹ ਮਾਣ-ਸਨਮਾਨ ਮਨੁੱਖ ਨੇ ਹੀ ਮਨੁੱਖ ਨੂੰ ਦਿੱਤਾ ਹੈ। ਕੁੱਤਾ ਮਨੁੱਖ ਦਾ ਸਭ ਤੋਂ ਵੱਧ ਨੇੜਲਾ ਅਤੇ ਵਫ਼ਾਦਾਰ ਪ੍ਰਾਣੀ ਮੰਨਿਆ ਗਿਆ ਹੈ। ਮਨੁੱਖੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਸਭ ਤੋਂ ਵੱਧ ਨੇੜਲਿਆਂ ਨੂੰ ਹੀ ਭੰਡਦਾ ਹੈ, ਆਪਣੇ ਨੇੜਲਿਆਂ ਵਿਚ ਹੀ ਇਸ ਨੂੰ ਸਭ ਤੋਂ ਵੱਧ ਔਗੁਣ ਨਜ਼ਰ ਆਉਂਦੇ ਹਨ। ਪਰ ਆਪਣੇ ਔਗੁਣ ਇਹ ਵੇਖਦਾ ਹੀ ਨਹੀਂ। ਇਸ ਕਰਕੇ ਹੀ ਕਹੇਗਾ, ‘ਫਲਾਣਾ ਬੜਾ ਕੁੱਤੇ ਦੀ ਪੂਛ’ ਹੈ। ਭਾਵ ਬੜਾ ਕੁੱਤਾ ਬੰਦਾ ਹੈ। ਹੁਣ ਮਨੁੱਖ ਨੇ ਸ਼ਾਇਦ ਇਹ ਮੁਹਾਵਰਾ ਬਦਲਣ ਲਈ ਪਾਲਤੂ ਕੁੱਤਿਆਂ ਦੀਆਂ ਪੂਛਲਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮਾਮਲੇ ’ਚ ਕੁੱਤੇ ਬਹੁਤ ਖੁਸ਼ ਹਨ। ਕਮ-ਸੇ-ਕਮ ਉਹ ਇਸ ਮਿਹਣੇ ਤੋਂ ਮੁਕਤ ਹੋ ਜਾਣਗੇ ਕਿ ’ਐਨਾ ਚਿਰ ਕੁੱਤੇ ਦੀ ਪੂਛ ਵੰਝਲੀ ਵਿਚ ਪਾ ਛੱਡੀ, ਬਾਹਰ ਕੱਢੀ ਫਿਰ ਵਿੰਗੀ ਦੀ ਵਿੰਗੀ’, ਇਥੇ ਵੀ ਮਨੁੱਖ ਦਾ ਸੁਆਰਥ ਹੈ। ਕਿਉਂਕਿ ਕੁੱਤੇ ਵਲੋਂ ਆਪਣੇ ਮਾਲਕ ਨੂੰ ਮਿਲਣ ਆਉਣ ਵਾਲੇ ਦਾ ਵੀ ਪੂਛ ਹਿਲਾ ਕੇ ਸੁਆਗਤ ਕੀਤਾ ਜਾਂਦਾ ਹੈ। ਪੂਛ ਹਿਲਾਉਂਦਿਆਂ ਵਫ਼ਾਦਾਰੀ ਸਿੱਧ ਹੁੰਦੀ ਹੈ। ਪਰ ਕੁੱਤੇ ਦੀ ਲੰਡੀ ਪੂਛ ਹਿਲਦੀ ਇੰਜ ਲਗਦੀ ਹੈ ਜਿਵੇਂ ਕੁੱਤਾ ਨਹੀਂ, ਕੁੱਤੇ ਦਾ ਮਾਲਕ ਕੁੱਤੇ ਦੀ ਮਾਰਫ਼ਤ ਆਉਣ ਵਾਲੇ ਨੂੰ ਅੰਗੂਠਾ ਵਿਖਾ ਰਿਹਾ ਹੋਵੇ। ਵੈਸੇ ਤਾਂ ਪੂਛ ਪਛਾਣ ਹੈ ਤੇ ਜੇ ਪੂਛ ਕੱਟ ਦਿੱਤੀ ਜਾਵੇ ਜਾਂ ਆਪਣੇ-ਆਪ ਝੜ ਜਾਵੇ ਤਾਂ ਲੰਡਾ ਜਾਂ ਲੰਡੀ ਦੀ ਪਛਾਣ ਆਪਣੇ-ਆਪ ਹੀ ਜੁੜ ਜਾਂਦੀ ਹੈ। ਜਿਵੇਂ ਇਕ ਅੱਖੋਂ ਹੀਣਾ ਭਾਵੇਂ ਚੰਗਾ ਹੀ ਹੋਵੇ ਤਾਂ ਵੀ ਕਈ ਕਹਿ ਦੇਂਦੇ ਹਨ, ‘ਕਾਣੇ ਦੀ ਤਾਂ ਰਗ ਹੀ ਵੱਖਰੀ ਹੈ।’ ਖ਼ੈਰ, ਜਾਨਵਰਾਂ ਦੀ ਗੱਲ ਛੱਡ ਕੇ ਇਨਸਾਨ ਦੀ ਗੱਲ ਕਰੀਏ।
ਹਰੇਕ ਜਾਨਦਾਰ ਪ੍ਰਾਣੀ ਦੇ ਵੱਗ ਜਾਂ ਡਾਰ ਵਿਚ ਇਕ ਮੁਖੀ ਹੁੰਦਾ ਹੈ। ਉਸ ਦੀ ਅਗਵਾਈ ਵਿਚ ਸਾਰੇ ਹੀ ਚਲਦੇ ਹਨ। ਕੋਈ ਸਮਾਂ ਹੋਵੇਗਾ ਜਦੋਂ ਮਨੁੱਖੀ ਵੱਗ ਦੀ ਅਗਵਾਈ ਕਿਸੇ ਸਿਆਣੇ ਨੇ ਕੀਤੀ ਹੋਵੇਗੀ ਤੇ ਮਨੁੱਖ ਜੰਗਲਾਂ ’ਚੋਂ ਬਾਹਰ ਆ ਗਿਆ। ਪਰ ਵਰਤਮਾਨ ਵਿਚ ਇਸ ਵੱਗ ’ਚ ਵਿਚਰਨ ਵਾਲਾ ਹਰੇਕ ਈ ਆਪਣੇ-ਆਪ ਨੂੰ ਸਭ ਤੋਂ ਸਿਆਣਾ ਤੇ ਉੱਤਮ ਸਮਝਦਾ ਹੈ ਅਤੇ ਬਾਕੀਆਂ ਦੀ ਅਗਵਾਈ ਕਰਨਾ ਚਾਹੁੰਦਾ ਹੈ। ਇਸ ਕਰਕੇ ਹੀ ਵੱਖਰੀ ਪਛਾਣ ਲਈ ਪੂਛ ਲਾਉਣ ਦੀ ਲੋੜ ਪਈ। ਇਸ ਪੂਛ ਨੂੰ ਅਸੀਂ ਹਉਮੈ ਦੀ ਪੂਛ ਵੀ ਕਹਿ ਸਕਦੇ ਹਾਂ। ਮਨੁੱਖੀ ਸਮਾਜ ਵਿਚ ਰੁਤਬੇ ਲਈ ਉੱਚੀ ਜਾਤ ਤੋਂ ਇਲਾਵਾ ਸਕੱਤਰੀ, ਚੇਅਰਮੈਨੀ, ਸਰਪ੍ਰਸਤੀ ਆਦਿ ਕਈ ਪੂਛਾਂ ਹਨ। ਪਰ ਸਭ ਤੋਂ ਉੱਤਮ ਹੈ, ‘ਪ੍ਰਧਾਨਗੀ ਦੀ ਪੂਛ।’ ਇਸ ਪੂਛ ਅੱਗੇ ਸਾਰੇ ਹੀ ਪੂਛਾਂ ਹਿਲਾਉਣ ਲੱਗ ਪੈਂਦੇ ਹਨ। ਇਹ ਵੱਖਰੀ ਗੱਲ ਹੈ ਕਿ ਪੂਛ ਲੱਗਣ ਤੋਂ ਬਾਅਦ ਪ੍ਰਧਾਨ ਦੀ ਅੱਖ ਸਭ ਨੂੰ ਲੰਡੇ ਹੀ ਵੇਖਣ ਲੱਗ ਪੈਂਦੀ ਹੈ। ਜਿਸ ਦੀ ਪ੍ਰਤੱਖ ਉਦਾਹਰਨ ਅਸੀਂ ਰਾਜਨੀਤੀ ਵਿਚ ਵਿਚਰਦੇ ਪ੍ਰਧਾਨਾਂ ਦੀ ਵੇਖ ਸਕਦੇ ਹਾਂ। ਪੂਛ ਲਵਾਉਣ ਖ਼ਾਤਰ ਕਈ ਜੋੜ-ਤੋੜ, ਤਿਕੜਮਬਾਜ਼ੀਆਂ, ਅੱਖਾਂ ’ਚ ਹੰਝੂਆਂ ਦੇ ਨਾਟਕ, ਜੋਸ਼ੀਲੇ ਭਾਸ਼ਨ, ਗੱਲ-ਗੱਲ ’ਤੇ ਬੇਮਤਲਬ ਭਾਵੁਕਤਾ ਜਿਵੇਂ ਦੁਨੀਆ ਭਰ ਦੇ ਦੁੱਖਾਂ ਨਾਲ ਮਨ ਭਰਿਆ ਹੋਵੇ, ਕਿੰਨਿਆਂ ਨੂੰ ਹੀ ਪੂਛ ਲਈ ਤਰਸਦਿਆਂ ਨੂੰ ਨੁੱਕਰੇ ਲਾਇਆ ਜਾਂਦਾ ਹੈ, ਜੋ ਸਿਰਫ਼ ਗੋਡੀਂ ਹੱਥ ਲਵਾਉਣ ਜੋਗੇ ਹੀ ਰਹਿ ਜਾਂਦੇ ਹਨ। ਵੈਸੇ ਪੂਛ ਨਾਲ ਸਾਬਕਾ ਲੱਗਣ ਨਾਲ ਤਾਂ ਤਾਉਮਰ ਲਈ ਪੂਛ ਲੱਗ ਜਾਂਦੀ ਹੈ। ਪ੍ਰਧਾਨਗੀ ਦੀ ਪੂਛ ਦੇ ਫ਼ਾਇਦੇ ਬਹੁਤ ਹਨ। ਜਣਾ-ਖਣਾ, ਲੰਡੀ-ਬੁੱਚੀ, ਐਰਾ-ਗੈਰਾ, ਨੱਥੂ-ਖੈਰਾ ’ਪ੍ਰਧਾਨ ਜੀ’ ਜਾਂ ‘ਪ੍ਰਧਾਨ ਸਾਹਿਬ’ ਕਹਿ ਕੇ ਬੁਲਾਉਂਦਾ ਹੈ।
ਪ੍ਰਧਾਨ ਬਣ ਕੇ ਤੁਸੀਂ ਕੁਝ ਵੀ ਕਰੀ ਜਾਓ, ਸਾਰਾ ਕੁਝ ਮੁਆਫ ਹੁੰਦਾ ਹੈ। ਕੁੱਤੇ ਕੰਮ ਕਰਦਿਆਂ ਬੇਸ਼ੱਕ ਤੁਸੀਂ ਆਪਣੀ ਉਮਰ ਦਾ ਵੀ ਖਿਆਲ ਨਾ ਰੱਖੋ। ਹਾਂ, ਤੁਹਾਡੇ ਹੱਕ ’ਚ ਭੁਗਤਣ ਵਾਲੇ ਤੇ ਨਾਅਰੇ ਲਾ ਕੇ ਤੁਹਾਨੂੰ ਸੱਚਾ-ਸੁੱਚਾ ਸਿੱਧ ਕਰਨ ਲਈ ਪੂਛਾਂ ਵਾਲੇ ਚਮਚੇ ਜ਼ਰੂਰ ਰੱਖਣੇ ਪੈਣਗੇ। ਫਿਰ ਤੁਹਾਡੀ ਪੂਛ ਨੂੰ ਕੋਈ ਖ਼ਤਰਾ ਨਹੀਂ। ਕਿਧਰੇ ਵੀ ਬੁਲਾਵੇ ’ਤੇ ਜਾਂਦੇ ਹੋ, ਪ੍ਰਧਾਨਗੀ ਮੰਡਲ ਵਿਚ ਤੁਹਾਡੀ ਸੀਟ ਰਾਖਵੀਂ ਹੈ। ਤੁਸੀ ਐਂਟਰੀ ਕੀਤੀ ਤੇ ਸਟੇਜ ਸਕੱਤਰ ਨੇ ਅਨਾਊਂਸ ਕੀਤਾ ਕਿ, ‘ਫਲਾਣੀ ਸਭਾ, ਸੁਸਾਇਟੀ, ਵਰਕਰ ਯੂਨੀਅਨ, ਧਾਰਮਿਕ ਜਥੇਬੰਦੀ, ਮਿਸ਼ਨ ਜਾਂ ਵਿਸ਼ੇਸ਼ ਜਾਤੀ ਦੇ ਪ੍ਰਧਾਨ ਪਹੁੰਚੇ ਹਨ, ਉਨ੍ਹਾਂ ਦਾ ਸਵਾਗਤ ਹੈ, ਕਿਰਪਾ ਕਰਕੇ ਉਹ ਪ੍ਰਧਾਨਗੀ ਮੰਡਲ ਵਿਚ ਆ ਜਾਣ।’ ਉਸ ਵਕਤ ਆਪੂੰ ਬਣੇ ਜਾਂ ਅਖੌਤੀ ਪ੍ਰਧਾਨ ਦੀ ਇੱਜ਼ਤ ਦਾ ਮਜ਼ਾ ਤਾਂ ਉਹੀ ਮਹਿਸੂਸ ਕਰ ਸਕਦਾ ਹੈ, ਜਿਸ ਦੇ ਪ੍ਰਧਾਨਗੀ ਦੀ ਪੂਛ ਲੱਗੀ ਹੋਵੇ। ਪ੍ਰਧਾਨਗੀ ਦੀ ਪੂਛ ਦਾ ਅਨੰਦ ਹੀ ਵੱਖਰਾ ਹੈ। ਵੱਡੇ-ਵੱਡੇ ਅਫ਼ਸਰ ਤੁਹਾਡੇ ਅੱਗੇ ਸਿਰ ਝੁਕਾ ਹੱਥ ਜੋੜ-ਜੋੜ ਪੂਛਲਾਂ ਹਿਲਾਉਂਦੇ ਫਿਰਦੇ ਹਨ ਕਿ ਪ੍ਰਧਾਨ ਸਾਹਿਬ ਦੀ ਸਵੱਲੀ ਨਿਗ੍ਹਾ ਸਾਡੇ ’ਤੇ ਮਿਹਰਬਾਨ ਹੋ ਜਾਵੇ। ਮਿਹਰਬਾਨ ਪੂਛ ਕਰਕੇ ਕਈ ਨਿਕੰਮੇ ਕੰਮ ’ਤੇ ਲੱਗ ਜਾਂਦੇ ਹਨ ਤੇ ਪ੍ਰਧਾਨਗੀ ਦੀ ਪੂਛ ਲਈ ਸਾਰੀ ਉਮਰ ਪੂਛਾਂ ਹਿਲਾਉਂਦੇ ਰਹਿੰਦੇ ਹਨ। ਇਸ ਰੁਤਬੇ ਦੀ ਜਾਣ-ਪਛਾਣ ਕਰਵਾਉਣ ਵਾਲਾ ਕਹੇਗਾ, ‘ਸਰ ਇਹ ਨੇ ਫਲਾਣੀ ਸਤਿਸੰਗ ਕਮੇਟੀ, ਗਊ ਸ਼ਾਲਾ ਕਮੇਟੀ, ਸੇਵਾ ਸੰਮਤੀ, ਢਿਮਕੜਾ ਸੇਵਾ ਦਲ, ਹੱਡਾ ਰੋੜੀ, ਕੁੱਤਾ ਬਚਾਓ ਕਮੇਟੀ, ਫਲਾਂ ਸਭਾ ਦੇ ਪ੍ਰਧਾਨ।’ ਉਸ ਵੇਲੇ ਪੂਛ ਆਕੜ ਕੇ ਕੰਡ ਨਾਲ ਲੱਗ ਜਾਂਦੀ ਹੈ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੋਈ ਅਦਾਰਾ ਜਾਂ ਸੰਸਥਾ ਮੁਖੀ ਤੋਂ ਬਿਨਾਂ ਨਹੀਂ ਚਲਦੀ ਪਰ ਤੁਹਾਨੂੰ ਆਲੇ-ਦੁਆਲੇ ਸਮਾਜ ਵਿਚ ਐਸੇ ਲੋਕ ਮਿਲ ਜਾਣਗੇ ਜਿਨ੍ਹਾਂ ਕੋਲ ਕੇਵਲ ਤੇ ਕੇਵਲ ਪ੍ਰਧਾਨਗੀ ਦੀ ਪੂਛ ਤਾਂ ਹੁੰਦੀ ਹੈ ਪਰ ਹੋਰ ਕੁਝ ਨਹੀਂ ਹੁੰਦਾ। ਤੁਸੀਂ ਰਾਜਨੀਤੀ ਵਿਚ ਵੇਖਿਆ ਹੋਵੇਗਾ ਕਿ ਪ੍ਰਧਾਨਗੀ ਦੀ ਪੂਛ ਖ਼ਾਤਰ ਆਪਣੇ ਬੱਚਿਆਂ ਦੀ ਉਮਰ ਦੇ ਪ੍ਰਧਾਨਾਂ ਦੀ ਚਾਪਲੂਸੀ ਕਰਦਿਆਂ ਉਨ੍ਹਾਂ ਅੱਗੇ ਪੂਛ ਹਿਲਉਂਦਿਆਂ, ਉਸ ਦੀ ਵੱਡੀ ਪ੍ਰਧਾਨਗੀ ਦੀ ਕਾਮਨਾ ਕਰਦਿਆਂ ਹੀ ਉਮਰ ਬੀਤ ਜਾਂਦੀ ਹੈ। ਕਿਉਂਕਿ ਉਨ੍ਹਾਂ ਦੁਆਵਾਂ ਵਿਚ ਹੀ ਖੁਦ ਦੀ ਪ੍ਰਧਾਨਗੀ ਦੀ ਪੂਛ ਛੁਪੀ ਹੁੰਦੀ ਹੈ। ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਪੂਛ ਬੈਠਣ ਲੱਗਿਆਂ ਥਾਂ ਸਾਫ਼ ਕਰਨ ਦੇ ਕੰਮ ਵੀ ਆਉਂਦੀ ਹੈ ਪਰ ਅਜਿਹੀਆਂ ਪੂਛਲਾਂ ਤਾਂ ਲੋਕਾਂ ਦੇ ਬੋਝੇ ਹੀ ਸਾਫ਼ ਕਰਦੀਆਂ ਹਨ।
ਲਓ ਜੀ, ਅਸੀਂ ਵੀ ਅੱਧੀ ਕੁ ਉਮਰ ਦੂਜਿਆਂ ਦੇ ਅੱਗੇ-ਪਿੱਛੇ ਪੂਛ ਹਿਲਾਉਂਦੇ ਪ੍ਰਧਾਨਗੀ ਦੀ ਪੂਛ ਲਵਾਉਣ ’ਚ ਕਾਮਯਾਬ ਹੋ ਹੀ ਗਏ। ਸਾਡੀ ਪ੍ਰਧਾਨਗੀ ਦੀ ਖ਼ਬਰ ਜਿਉਂ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ ਤਾਂ ਫੋਨ ਸਾਹ ਨਾ ਲੈਣ ਦੇਵੇ। ਮੁਕਤਸਰੋਂ ਆਜ਼ਾਦ, ‘ਭੰਗੂ ਸਾਹਬ ਪ੍ਰਧਾਨਗੀ ਦੀਆਂ ਮੁਬਾਰਕਾਂ’, ਫਿਰੋਜ਼ਪੁਰੋਂ ਐੱਮ ਕੇ ਰਾਹੀ ਗਿਲਾ ਕਰੀ ਜਾਵੇ, ’ਯਾਰ ਪ੍ਰਧਾਨ ਕਾਹਦਾ ਬਣਿਆਂ ਮਾੜੇ ਬੰਦੇ ਦਾ ਫੋਨ ਈ ਨਹੀਂ ਚੱਕਦਾ! ਸਾਡੇ ਗੁਰੂ ਨੂਰ ਸੰਤੋਖਪੁਰੀ ਜੀ ਦਾ ਕਾਫ਼ੀ ਉਤਸ਼ਾਹ ਭਰਿਆ ਫੋਨ ਸੀ, ‘ਅਖੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ’ ਯਾਰ ਚੰਗਾ ਛੜੱਪਾ ਮਾਰਿਆ ਈ, ਮੇਰੀ ਅੱਧੀ ਉਮਰ ਲੰਘ ਗਈ ਆ, ਪ੍ਰਧਾਨਗੀ ਦਾ ਜੁਗਾੜ ਕਿਵੇਂ ਬਣਾ ਲਿਆ?’, ਹਾਲੇ ਗੱਲ ਚੱਲ ਹੀ ਰਹੀ ਸੀ, ਵਿਚੇ ਹੀ ਸੂਬੇਦਾਰ ਪਤੰਗ ਮੋਗੇ ਆਲੇ ਦਾ ਫੋਨ ਆ ਗਿਆ, ‘ਭੰਗੂ ਮੈਨੂੰ ਪਤਾ ਆ ਤੇ ਤੂੰ ਵੀ ਜਾਣਦੈਂ, ਫ਼ੌਜ ਵਿਚ ਜਦੋਂ ਕੋਈ ਕਿਸੇ ਨੂੰ ਪੂਛ ਨਾ ਫੜਾਉਂਦਾ ਹੋਵੇ ਤਾਂ ਉਸ ਨੂੰ ਪ੍ਰਮੋਸ਼ਨ ਦੀ ਪੂਛ ਲਾ ਕੇ ਕਾਬੂ ਕੀਤਾ ਜਾਂਦਾ ਹੈ, ਹੁਣ ਡਟ ਕੇ ਜਵਾਨਾਂ ਵਾਂਗੂ ਪੂਛ ਦੀ ਲਾਜ ਰੱਖੀਂ, ਕਿਤੇ ਚੱਡਿਆਂ ’ਚ ਲੈ ਕੇ ਈ ਤੁਰਿਆ ਫਿਰੇਂ। ਮਹੱਤਵਪੂਰਨ ਪੂਛ ਲੈਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ’
ਅਸੀਂ ਬੜੇ ਖੁਸ਼ ਸਾਂ ਮਿੱਤਰ ਪਿਆਰਿਆਂ ਦੇ ਫੋਨ ਸੁਣ ਕੇ। ਪ੍ਰਧਾਨਗੀ ਦਾ ਜਸ਼ਨ ਨਾ ਹੋਵੇ ਇਹ ਕਿਵੇਂ ਹੋ ਸਕਦਾ ਸੀ? ਪਹਿਲੇ ਦਿਨ ਹੀ ਪੈਂਤੀ ਸੌ ਨੂੰ ਥੁੱਕ ਲੱਗਾ, ਬੇਸ਼ੱਕ ਸਾਡੇ ਹਿੱਸੇ ਦੋ ਪੈੱਗ ਵਿਸਕੀ ਤੇ ਇਕ ਖਾਰੇ ਦੀ ਬੋਤਲ ਹੀ ਆਈ ਬਾਕੀ ਸਭ ਕੁਝ ਸਾਡੇ ਪਿੱਛੇ ਪੂਛਾਂ ਹਿਲਾਉਣ ਵਾਲੇ ਜਾਣਨ। ਅਸੀਂ ਗੁਲਾਬੀ ਜਿਹੇ ਹੋਏ ਆਪਣੇ ਖ਼ਾਸ ਮਿੱਤਰ ‘ਤੇਜਾ ਤਿਕੜਮਬਾਜ਼’ ਜੋ ਸਾਡੇ ਤੋਂ ਬਾਅਦ ਪ੍ਰਧਾਨਗੀ ਦੀ ਪੂਛ ਦਾ ਆਪਣੇ-ਆਪ ਨੂੰ ਦਾਅਵੇਦਾਰ ਸਮਝਦਾ ਸੀ, ਉਹਦੇ ਉੱਤੇ ਤੇ ਘਰ ਪਰਿਵਾਰ ’ਤੇ ਪ੍ਰਧਾਨਗੀ ਦਾ ਰੋਅਬ ਜਿਹਾ ਪਾਉਣ ਲਈ ਆਪਣੇ ਨਾਲ ਹੀ ਲੈ ਆਏ ਸਾਂ। ਕਾਫ਼ੀ ਲੇਟ ਜਿਉਂ ਹੀ ਘਰ ਦੀ ਡੋਰ ਬੈੱਲ ਦੇ ਬਟਨ ’ਤੇ ਹੱਥ ਰੱਖਣ ਹੀ ਲੱਗੇ ਸਾਂ ਕਿ ਅੰਦਰੋਂ ਸ੍ਰੀਮਤੀ ਉਰਫ਼ ਵੇਲਣਾ ਸਰਕਾਰ ਦੀ ਕੜਕਵੀਂ ਆਵਾਜ਼ ਕੰਨੀਂ ਪਈ, ‘ਅੱਜ ਆ ਲੈਣ ਦੇ ਵੱਡੇ ਲਿਖਾਰੀ ਨੂੰ, ਅਖੇ ਮੈਂ ਪ੍ਰਧਾਨਗੀ ਦੀ ਪਾਰਟੀ ਦੇਣ ਜਾਣਾ ਆ, ਇਹਨੂੰ ਇਹ ਪਤਾ ਨਹੀਂ ਕਿ ਘਰ ’ਚ ਵੀ ਕਿਸੇ ਨੇ ਢਿੱਡ ਨੂੰ ਝੁਲਕਾ ਦੇਣਾ ਆ।’
ਬਸ ਫਿਰ ਕੀ ਸੀ, ਸਾਡੀ ਪ੍ਰਧਾਨਗੀ ਦੀ ਆਕੜੀ ਪੂਛ ਲੱਕ ਨਾਲ ਲੱਗੀ ਝੱਟ ਦੇਣੇ ਚੱਡਿਆਂ ’ਚ ਸੀ। ਤੇ ਪਤੰਗ ਦੇ ਬੋਲ ਕੰਨਾਂ ’ਚ ਗੂੰਜ ਰਹੇ ਸਨ। ਅਸੀਂ ਪਿੱਛੇ ਭਉਂ ਕੇ ਵੇਖਿਆ ਨਾਲ ਵਾਲੇ ਖ਼ਾਸ ਮਿੱਤਰ ਖੋਤੇ ਦੇ ਸਿੰਗਾਂ ਵਾਂਗ ਗਾਇਬ ਸਨ। ਅਸੀਂ ਬੀਬੇ ਰਾਣੇ ਬਣ ਕੇ ਘੰਟੀ ਦਾ ਜਗਦਾ ਬਟਨ ਦੱਬ ਦਿੱਤਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਡੇ ਨਾਲ ਘਰ ’ਚ ਜਿਹੜੀ ‘ਉਹ ਖਾਣੀ’ ਹੋਈ ਉਹ ਵੀ ਲਿਖਾਂ। ‘ਯਾਰ ਜ਼ਿੰਮੇਵਾਰ ਪ੍ਰਧਾਨ ਹਾਂ, ਐਨਾ ਬੇਵਕੂਫ਼ ਨਹੀਂ ਕਿ ਘਰ ਦੀ ਗੱਲ ਬਾਹਰ ਕੱਢਾਂ।’ ਪਰ ਪੰਜਾਬੀ ਦੇ ਮੋਢੀ ਵਿਦਵਾਨਾਂ ਵਿਚੋਂ ਡਾ: ਮੋਹਨ ਸਿੰਘ ਦੀਵਾਨਾ ਜੀ ਦੇ ਲਿਖੇ ਬੋਲ ਜ਼ਿਹਨ ’ਚੋਂ ਨਹੀਂ ਵਿਸਰਦੇ, ‘ਦੁਨੀਆ ਕੁੱਤੇ ਦੀ ਪੂਛਲ ਹੈ, ਇਸ ਨੇ ਸਿੱਧੀ ਹੋਣਾ ਕੀ!’

-ਤਰਸੇਮ ਸਿੰਘ ਭੰਗੂ

Comment here