ਸਾਹਿਤਕ ਸੱਥਗੁਸਤਾਖੀਆਂਮਨੋਰੰਜਨ

ਹਾਸ ਵਿਅੰਗ : ਵਿਅੰਗਕਾਰ ਦੀ ਰਾਇ

ਇੱਕ ਵਿਅੰਗਕਾਰ ਆਪਣੇ ਮਿੱਤਰ ਦਾ ਇੱਕ ਨਿੱਜੀ ਹਸਪਤਾਲ ਵਿੱਚ ਹਾਲ਼-ਚਾਲ ਪੁੱਛਣ ਚਲਾ ਗਿਆ ਜੋ ਦਿਲ ਦੀ ਧੜਕਣ ਵਧਣ ਕਾਰਨ ਕਈ ਦਿਨਾਂ ਤੋਂ ਉੱਥੇ ਦਾਖਲ ਸੀ।
‘‘ਓਹ ਕਿਵੇਂ ਆਂ ਕਸਤੂਰੀ ਲਾਲ ਜਿਉਂਦਾ ਹਾਲੇ…।”
‘‘…ਹਾਂ ਛੋਟੇ ਭਾਈ…।”
‘‘ਕੋਈ ਨਾ ਹੁਣ ਨੀਂ ਮਰਦਾ…ਜੇ ਮਰਨਾ ਹੁੰਦਾ ਤਾਂ…ਉਦੋਂ ਹੀ ਮਰ ਜਾਂਦਾ ਜਦੋਂ ਆਪਣੇ ਪਿੰਡ ਆਲੇ ਕਮਲਿਆਂ ਦੀ ਲਾਜੋ ਨਾਲ਼ ਕਿਸੇ ਗੱਲੋਂ ਕਾਟੋ-ਕਲੇਸ਼ ਕਰਕੇ ਕਾਲਜ ਦੀ ਦੂਜੀ ਮੰਜ਼ਿਲ ਤੋਂ ਖਿੜਕੀ ਥਾਣੀ ਹੇਠਾਂ ਛਾਲ ਮਾਰ ਦਿੱਤੀ ਸੀ…ਤੂੰ ਉਦੋਂ ਹੇਠਾਂ ਬਰੇਤੀ ਪਈ ਹੋਣ ਕਰਕੇ ਬਚ ਗਿਆ ਸੀ…ਯਾਦ ਐ।”
‘‘ਓ ਚੱਲ ਯਾਦ ਤਾਂ ਹੈ ਹੁਣ ਕਾਹਨੂੰ ਪਰਦੇ ਫਰੋਲੀ ਜਾਨੈ…।”
‘‘ਵੈਸੇ ਤੇਰੀ ਉਮਰ ਕਿੰਨੀ ਕੁ ਹੋਗੀ…?”
‘‘ਹੋਊ ਚੋੰਹਟ- ਪੈੰਹਠ ਸਾਲ…।”
ਫਿਰ ਹੋਰ ਕੀ ਭਾਲਦੈਂ…ਏਦੂੰ ਅਗਾਹਾਂ ਤਾਂ ਜੁਆਕ ਸੇਵਾ ਕਰਨੋਂ ਵੀ ਹੱਟ ਜਾਂਦੇ ਆ…ਅੱਜ ਕੱਲ੍ਹ ਦੀਆਂ ਨੂੰਹਾਂ ਕਿਹੜਾ ਬਜ਼ੁਰਗਾਂ ਦੀ ਸੇਵਾ ਕਰਕੇ ਰਾਜ਼ੀ ਨੇ..?…ਮੈਂ ਤਾਂ ਕਹਿਨੈ ਰੱਬ ਤੋਂ ਮੌਤ ਮੰਗਿਆ ਕਰ ਸੁਖਾਲੀ ਜਿਹੀ।”
‘‘ਓ ਤੂੰ ਸ਼ੁਭ ਬਚਨ ਬੋਲ ਪਤੰਦਰਾ।”
‘‘ਬਚਨ ਤਾਂ ਸ਼ੁਭ ਈ ਨੇ ਪਰ ਤੈਨੂੰ ਅਸ਼ੁਭ ਲੱਗੀ ਜਾਂਦੇ ਆ…।”
‘‘ਤੂੰ ਤਾਂ ਕਿਸਮਤ ਆਲਾਂ ਜਿਹੜਾ ਤੇਰੇ ਜੁਆਕ ਤੈਨੂੰ ਡਾਕਟਰ ਕੋਲ ਲੈ ਆਏ…ਨਹੀਂ ਤਾਂ ਬੁੜੇ ਨੂੰ ਪਹਿਲੀ ਸੱਟੇ ਕਚਹਿਰੀਆਂ ਲੈ ਕੇ ਜਾਂਦੇ ਆ ਬਈ ਕਰਾ ਜ਼ਮੀਨ ਨਾਂਅ…।”
‘‘ਓ ਆਪਾਂ ਤਾਂ ਪਹਿਲਾਂ ਹੀ ਫਾਹਾ ਵੱਢ ਤਾ ਜ਼ਮੀਨਾਂ-ਜ਼ਮੂਨਾਂ ਦਾ…ਕੁਝ ਤੇਰੀ ਭਰਜਾਈ ਭਾਵ ਕਿ ਆਪਣੀ ਘਰਵਾਲੀ ਦੇ ਨਾਂਅ ਕਰਾ ਤੀ ਦੋ ਕੁ ਕਿੱਲੇ ਆਪ ਰੱਖ ਲਈ ਬਾਕੀ ਜੁਆਕਾਂ ’ਚ ਵੰਡ ਤੀ…ਆਪਣੀ ਕਮਾਉਣ…ਖਾਣ…।”
‘‘ਤੂੰ ਵਸੀਅਤ ਵੀ ਕਰਾ ਤੀ ਹੋਊ ਜਿਹੜਾ ਚੱਕੀ ਫਿਰਦੇ ਆ।”
‘‘ਹਾਂ ਉਹ ਤਾਂ ਕਰਾਉਣੀ ਓ ਸੀ…।”
ਐਨੇ ਨੂੰ ਡਾਕਟਰ ਸਾਹਿਬ ਰਾਉਂਡ ’ਤੇ ਫੇਰਾ ਪਾਉੰਦੇ ਹਨ। ਵਿਅੰਗਕਾਰ ਡਾਕਟਰ ਨਾਲ਼ ਝੱਟ ਜਾਣ-ਪਛਾਣ ਕੱਢਦਾ ਆਖਦਾ ਹੈ,
‘‘ਹੋਰ ਕਿਵੇਂ ਓ ਡਾਕਟਰ ਸਾਹਿਬ… ਪਛਾਣਿਆ…।”
‘‘ਨਹੀਂ..।”
‘‘ਮੈਂ ਵਿਅੰਗਕਾਰ ਊਟਪਟਾਂਗ ਸਿੰਘ…।”
‘‘ਅੱਛਾ – ਅੱਛਾ…।”
‘‘ਜਾਣ ਪਛਾਣ ਹੋਰ ਸਿੰਪਲ ਕਰਦਾ ਹਾਂ ਕਿ ਪਿਛਲੇ ਮਹੀਨੇ ਮੇਰੀ ਘਰਵਾਲੀ ਦੀ ਮੌਤ ਤੁਹਾਡੇ ਹਸਪਤਾਲ ਹੀ ਹੋਈ ਸੀ ਜਦੋਂ ਇੱਕ ਟੀਕਾ ਗਲਤ ਲੱਗ ਗਿਆ ਸੀ…ਥੋਡੇ ਬੰਦਿਆਂ ਤੋਂ …।”
ਡਾਕਟਰ ਹੈਰਾਨ ਹੁੰਦਿਆਂ,”ਮੈਂ ਸਮਝਿਆ ਨੀਂ…।”
‘‘…ਓਦੋਂ ਜੀ ਜਦੋਂ ਤੁਹਾਡੇ ਹਸਪਤਾਲ ਵਿੱਚ ਮੇਰੇ ਸਹੁਰੇ ਦੀ ਮੌਤ ਨੂੰ ਨਾ ਸਹਾਰਦਿਆਂ…ਮੇਰੀ ਘਰਵਾਲੀ ਦੇ ਦੌਰਾ ਪੈ ਗਿਆ ਸੀ…ਅਤੇ ਤੁਹਾਡੇ ਤੋਂ ਡੇਟ ਲੰਘੀ ਵਾਲਾ ਟੀਕਾ ਲੱਗ ਗਿਆ ਸੀ…ਆਪਣਾ ਪੰਜ ਲੱਖ ’ਚ ਸਮਝੌਤਾ ਹੋਇਆ ਸੀ…।”
‘‘ਓਹ ਤਾਂ…।”
‘‘(ਡਾਕਟਰ ਦੀ ਗੱਲ ਨੂੰ ਵਿੱਚੋਂ ਟੋਕ ਕੇ ਵਿਅੰਗਕਾਰ)…ਉਹ ਤਾਂ ਛੱਡੋ ਜੀ…ਆਪਾਂ ਕਾਹਨੂੰ ਉੱਜੜੀਆਂ ਖੱਡਾਂ ’ਚ ਹੱਥ ਪਾਉਨੈ…ਹੁਣ ਐਂ ਦੱਸੋ ਬਈ ਆਪਣਾ ਆਹ ਮਰੀਜ਼ ਕਿਵੇਂ ਆ…?…ਥੋੜ੍ਹਾ ਪੋਆਇੰਟ ’ਤੇ ਆਓ…।”
‘‘ਹਾਲੇ ਟ੍ਰੀਟਮੈੰਟ ਚੱਲੇਗਾ ਜੀ ਦੇਖੋ…।”
‘‘ਆਹ ਚੱਲਣ-ਚੁੱਲਣ ਆਲੀ ਤਾਂ ਗੱਲ ਛੱਡੋ…ਇਹਨਾਂ ਕੋਲੇ ਪੈਸੇ ਰਹਿਗੇ ਸਿਰਫ਼ ਪੰਜ ਹਜ਼ਾਰ…ਗੱਲ ਧਿਆਨ ਨਾਲ਼ ਸੁਣੋ…।”
‘‘ਸੁਣਾਓ…।”
‘‘ਇਹ ਮੰਗਦੇ ਆ ਮੈਥੋਂ ਪੈਸੇ…ਮੇਰੇ ਕੋਲ ਹੈਨੀ…ਹੁਣ ਤੁਸੀਂ ਦੱਸੋ…ਥੋਡੇ ਕੋਲੇ ਪੰਦਰਾਂ ਦਿਨ ਹੋ ਗਏ…ਅੱਗੇ ਕੀ ਵਿਚਾਰ ਐ…।”
‘‘ਮ..ਮ..ਮੈਂ ਤਾਂ ਇਨ੍ਹਾਂ ਨੂੰ ਕੱਲ੍ਹ ਹੀ ਛੁੱਟੀ ਕਰਨ ਬਾਰੇ ਸੋਚ ਰਿਹਾ ਸੀ…ਹੁਣ ਰਿਪੋਰਟ ਕਰਾਉਣੀ ਐ…ਉਮੀਦ ਐ ਠੀਕ ਈ ਆਊ…।”
‘‘ਚੰਗਾ ਕਸਤੂਰੀ ਲਾਲਾ…ਕੱਲ੍ਹ ਨੂੰ ਆ ਜੀਂ ਘਰੇ…ਉੱਥੇ ਗੱਲਾਂ ਬਾਤਾਂ ਮਾਰਾਂਗੇ…ਕੋਈ ਨਾ ਮਰ-ਮੁਰ ਗਿਆ ਫਿਕਰ ਨਾ ਕਰੀਂ…ਮੈਂ ਵੀ ਸਾਲ ਖੰਡ ਤੱਕ ਤੇਰੇ ਕੋਲ ਈ ਆ ਜੂੰ…ਜੇ ਜਿਉਂਦਾ ਰਿਹਾ ਤਾਂ ਪਾਵਾਂਗੇ ਬਾਘੀਆਂ ਏਥੇ ਈ…ਓਕੇ…।”
ਵਿਅੰਗਕਾਰ ਦੇ ਜਾਣ ਮਗਰੋਂ ਕਸਤੂਰੀ ਲਾਲ ਦੀਆਂ ਸਾਰੀਆਂ ਰਿਪੋਰਟਾਂ ਸਹੀ ਆ ਗਈਆਂ। ਡਾਕਟਰ ਨੇ ਉਸਨੂੰ ਸਵੇਰ ਦੀ ਬਜਾਏ ਆਥਣੇ ਹੀ ਛੁੱਟੀ ਕਰ ਦਿੱਤੀ। ਜਾਂਦਾ-ਜਾਂਦਾ ਕਸਤੂਰੀ ਲਾਲ ਆਪਣੀ ਘਰਵਾਲੀ ਨੂੰ ਕਹਿੰਦਾ,
‘‘ਭਾਗਵਾਨੇ ਮੈਨੂੰ ਲਗਦਾ ਡਾਕਟਰ ਨੂੰ ਵਿਅੰਗਕਾਰ ਦੀ ਰਾਇ ਫਿੱਟ ਬੈਠ ਗਈ।”
‘‘ਚਲੋ ਜੀ ਜਿਵੇਂ ਵੀ ਆ ਤੁਸੀਂ ਠੀਕ ਹੋ ਗਏ।” ਅੱਗੋਂ ਘਰਵਾਲੀ ਦਾ ਜਵਾਬ ਸੀ।

-ਮਾਲਵਿੰਦਰ ਸ਼ਾਇਰ

Comment here