ਸਾਹਿਤਕ ਸੱਥਗੁਸਤਾਖੀਆਂਵਿਸ਼ੇਸ਼ ਲੇਖ

ਹਾਸ ਵਿਅੰਗ : ਰਾਸ਼ੀਫਲ ਦੀਆਂ ਭਵਿੱਖਬਾਣੀਆਂ

ਅਸੀਂ ਅਖ਼ਬਾਰ ਵਿਚ ਸਭ ਤੋਂ ਪਹਿਲਾਂ ਰਾਸ਼ੀਫਲ ਪੜ੍ਹਦੇ ਹਾਂ, ਫਿਰ ਮੌਸਮ ਦਾ ਹਾਲ ਦੇਖਦੇ ਹਾਂ। ਉਸ ਮਗਰੋਂ ਹੀ ਘਰੋਂ ਨਿਕਲਦੇ ਹਾਂ। ਉਸ ਦਿਨ ਰਾਸ਼ੀਫਲ ਵਿਚ ਲਿਖਿਆ ਸੀ, ਦਿਨ ਖਰਾਬ ਲੰਘੇਗਾ, ਬੱਚ ਕੇ ਰਹਿਣਾ ਤੇ ਮੌਸਮ ਬਾਰੇ ਦੱਸਿਆ ਸੀ ਕਿ ਅੱਜ ਬੱਦਲ ਗਰਜਣ ਨਾਲ ਹਲਕੀ ਬਾਰਿਸ਼ ਵੀ ਹੋਵੇਗੀ। ਪਰ ਸਵੇਰ ਤੋਂ ਸ਼ਾਮ ਹੋ ਗਈ। ਨਾ ਕੁਝ ਗਰਜਿਆ ਤੇ ਨਾ ਕੁਝ ਵਰਿ੍ਹਆ ਪਰ ਸ਼ਾਮ ਨੂੰ ਘਰ ਵਿਚ ਕਦਮ ਰੱਖਦਿਆਂ ਹੀ ਸ਼੍ਰੀਮਤੀ ਜੀ ਜ਼ਰੂਰ ਗਰਜੀ, ‘‘ਥੋਨੂੰ ਤਾਂ ਕੌਡੀ ਭਰ ਦੀ ਵੀ ਅਕਲ ਨੀਂ। ਤੁਹਾਡੇ ਕੋਲੋਂ ਤਾਂ ਅਕਲਮੰਦ ਰਮਾਬਾਈ ਐ।’’
ਰਮਾਬਾਈ ਮੇਮਸਾਬ੍ਹ ਦੇ ਮੂੰਹੋਂ ਆਪਣੀ ਤਾਰੀਫ ਸੁਣ ਕੇ ਖੁਸ਼ੀ ਨਾਲ ਫੁੱਲ ਕੇ ਕੁੱਪਾ ਹੋ ਰਹੀ ਸੀ ਤੇ ਸਾਡੇ ਵੱਲ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਅਸੀਂ ਕੁਝ ਸਮਝਦੇ ਇਸ ਤੋਂ ਪਹਿਲਾਂ ਹੀ ਰਮਾਬਾਈ ਨੇ ਤਿੜਦਿਆਂ ਕਿਹਾ, ‘‘ਸਾਬ੍ਹ, ਕੱਲ ਜਿਹੜੀ ਸਾੜ੍ਹੀ ਤੁਸੀਂ ਲਿਆਏ ਸੀ, ਅੱਜ ਮੇਮਸਾਬ੍ਹ ਉਸ ਨੂੰ ਪਹਿਨ ਕੇ ਆਪਣੀਆਂ ਸਹੇਲੀਆਂ ਨੂੰ ਮਿਲਣ ਗਈ ਸੀ। ਮੇਮਸਾਬ੍ਹ ਨੇ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਇਹ ਢਾਈ ਹਜ਼ਾਰ ਦੀ ਹੈ ਤਾਂ ਮਿਸਿਜ਼ ਸ਼ਰਮਾ ਤੁਰੰਤ ਬੋਲੀ, ‘‘ਇਹ ਤਾਂ ਸੜਕਛਾਪ ਸੇਲ ’ਚ 350 ਰੁਪਏ ਦੀ ਮਿਲ ਰਹੀ ਸੀ। ਫਿਰ ਮਿਸਿਜ਼ ਸ਼ਰਮਾ ਨੇ ਤੁਹਾਨੂੰ ਖ਼ਰੀਦਦੇ ਵੀ ਦੇਖਿਆ ਸੀ। ਹੁਣ ਮੇਮਸਾਬ੍ਹ ਦੀ ਤਾਂ ਬੇਇੱਜ਼ਤੀ ਹੋ ਗਈ….।’’
ਮੈਂ ਸੋਚ ਰਿਹਾ ਸੀ ਕਿ ਇੰਨੇ ਵੱਡੇ-ਵੱਡੇ ਘਪਲੇ ਹੋ ਰਹੇ ਹਨ। ਜਨਤਾ ਚੀਕ ਰਹੀ ਐ ਪਰ ਘਪਲੇਬਾਜ਼ਾਂ ਦੀਆਂ ਸ਼੍ਰੀਮਤੀਆਂ ਹਮੇਸ਼ਾ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਪਤੀ ਬਿਲਕੁਲ ਨਿਰਦੋਸ਼ ਹਨ ਪਰ ਮੇਰੀ ਸ਼੍ਰੀਮਤੀ ਤਾਂ….ਹਾਏ ਮੇਰਿਆ ਰੱਬਾ ਪੂਰੀ ਛੁਰੀ ਐ ਛੁਰੀ। ਜਦੋਂ ਤਕ ਸਾਰੀਆਂ ਪਰਤਾਂ ਨਾ ਖੁਰਚ ਦੇਵੇ, ਉਦੋਂ ਤਕ ਇਸ ਨੂੰ ਚੈਨ ਨਹੀਂ ਮਿਲਦਾ।
ਅਗਲੇ ਦਿਨ ਦੇ ਅਖ਼ਬਾਰ ਵਿਚ ਮੌਸਮ ਬਾਰੇ ਲਿਖਿਆ ਸੀ ਕਿ ਅਸਮਾਨ ਸਾਫ ਰਹੇਗਾ ਤੇ ਰਾਸ਼ੀਫਲ ਵਿਚ ਭਵਿੱਖਬਾਣੀ ਸੀ ਕਿ ਜੇਬ ਹਲਕੀ ਰਹੇਗੀ। ਮੈਂ ਸੋਚ ਰਿਹਾ ਸੀ ਕਿ ਚਲੋ ਅੱਜ ਦਾ ਦਿਨ ਚੰਗਾ ਲੰਘੇਗਾ। ਸਭ ਕੁਝ ਸਾਫ ਤੇ ਹਲਕਾ ਰਹੇਗਾ ਪਰ ਆਫਿਸ ਜਾਂਦੇ ਸਮੇਂ ਪੈਂਟ ਦੀਆਂ ਜੇਬਾਂ ਫਰੋਲੀਆਂ ਤਾਂ ਪਤਾ ਲੱਗਾ ਕਿ ਉਹ ਤਾਂ ਪਹਿਲਾਂ ਹੀ ਹਲਕੀਆਂ ਕਰ ਦਿੱਤੀਆਂ ਗਈਆਂ।
ਜਦੋਂ ਮੈਂ ਇਹ ਗੱਲ ਸ਼੍ਰੀਮਤੀ ਨੂੰ ਦੱਸੀ ਤਾਂ ਉਹ ਕਹਿਣ ਲੱਗੀ, ‘‘ਉਹ ਹੋ, ਜੇਬਾਂ ਹੀ ਤਾਂ ਹਲਕੀਆਂ ਹੋਈਆਂ ਨੇ। ਗਲਾ ਤਾਂ ਸਲਾਮਤ ਐ ਨਾ? ਅੱਜਕਲ ਕੀ ਸਾਫ ਹੋ ਜਾਵੇ ਤੇ ਕੀ ਹੌਲਾ ਹੋ ਜਾਵੇ, ਕੁਝ ਨਹੀਂ ਕਹਿ ਸਕਦੇ। ਗਲ ’ਤੋਂ ਗਾਨੀ ਸਾਫ ਹੋ ਜਾਂਦੀ ਹੈ, ਦਫ਼ਤਰਾਂ ਤੋਂ ਫਾਈਲਾਂ ਹਲਕੀਆਂ ਹੋ ਜਾਂਦੀਆਂ ਨੇ। ਚਲੋ, ਕੋਈ ਗੱਲ ਨਹੀਂ, ਹੁਣ ਤੁਸੀਂ ਆਫਿਸ ਵਿਚ ਚਾਹ ਨਾ ਪੀਣਾ ਤੇ ਆਫਿਸ ਪੈਦਲ ਜਾਣਾ। ਸਭ ਠੀਕ ਹੋ ਜੂ।’’
ਮੈਂ ਆਪਣੀ ਪ੍ਰੇਸ਼ਾਨੀ ਘਟਾਉਣ ਲਈ ਇਕ ਦਿਨ ਟੀ. ਵੀ. ਚੈਨਲ ’ਤੇ ਬਾਬਾ ਜੀ ਨੂੰ ਫੋਨ ਲਗਾਇਆ ਤੇ ਕਿਹਾ, ‘‘ਬਾਬਾ ਜੀ, ਹਰ ਭਵਿੱਖਬਾਣੀ ਮੇਰੇ ਖਿਲਾਫ ਜਾਂਦੀ ਐ ਪਰ ਸ਼੍ਰੀਮਤੀ ਜੀ ਦੇ ਪੱਖ ਵਿਚ….ਮੈਂ ਤਾਂ ਹਰ ਗੱਲ ‘ਤੇ ਮੂੰਹ ਦੀ ਖਾ-ਖਾ ਕੇ ਪ੍ਰੇਸ਼ਾਨ ਹੋ ਗਿਆ ਹਾਂ….ਕੋਈ ਉਪਾਅ ਦੱਸੋ।’’
ਬਾਬਾ ਜੀ ਨੇ ਫੌਰਨ ਆਪਣਾ ਕੰਪਿਊਟਰ ਖੋਲ੍ਹਿਆ। ਮੇਰਾ ਨਾਂ, ਜਨਮ ਮਿਤੀ ਪੁੱਛੀ ਤੇ ਫਿਰ ਪਟਾਰਾ ਖੋਲ੍ਹਦਿਆਂ ਕਿਹਾ, ‘‘ਤੁਹਾਡੀ ਸ਼ਾਦੀ ਲਈ ਜਦੋਂ ਲੜਕੀ ਲੱਭੀ ਜਾ ਰਹੀ ਸੀ, ਉਸ ਸਮੇਂ ਰਾਹੂ ਦੀ ਸਿੱਧੀ ਦ੍ਰਿਸ਼ਟੀ ਤੁਹਾਡੇ ਉੱਪਰ ਸੀ ਪਰ ਜਦੋਂ ਸ਼ਾਦੀ ਦੀਆਂ ਰਸਮਾਂ ਚੱਲ ਰਹੀਆਂ ਸਨ, ਉਸ ਸਮੇਂ ਕੇਤੂ ਦੀ ਦ੍ਰਿਸ਼ਟੀ ਤੇ ਸ਼ਾਦੀ ਤੋਂ ਬਾਅਦ ਤੋਂ ਸ਼ਨੀ ਦੀ ਦਸ਼ਾ ਚੱਲ ਰਹੀ ਹੈ ਇਸ ਲਈ ਤੁਹਾਡੀ ਸ਼੍ਰੀਮਤੀ ਉੱਚੇ ਸਥਾਨ ‘ਤੇ ਬਿਰਾਜਮਾਨ ਹੈ ਤੇ ਤੁਸੀਂ ਨਿਮਨ ਸਥਾਨ ‘ਤੇ। ਖ਼ੈਰ, ਤੁਸੀਂ ਪ੍ਰੇਸ਼ਾਨ ਨਾ ਹੋਵੋ, ਬਸ ਥੋੜ੍ਹੇ ਜਿਹੇ ਉਪਾਅ ਕਰਨੇ ਹੋਣਗੇ। ਸਵੇਰੇ-ਸਵੇਰੇ ਆਪਣੇ ਹੱਥੀਂ ਚਾਰ ਰੋਟੀਆਂ ਕਾਲੀ ਗਊ ਨੂੰ ਖਵਾਇਆ ਕਰੋ।
ਉਸ ਤੋਂ ਇਲਾਵਾ ਤੁਹਾਨੂੰ ‘ਸ਼੍ਰੀਮਤੀ ਰੱਖਿਆ ਲਾਕੇਟ’ ਪਹਿਨਣਾ ਹੋਵੇਗਾ ਤੇ ਉਸ ਨੂੰ ਖ਼ਰੀਦਣ ਲਈ ਕਾਲ ਕਰਨਾ। ਇਸ ਦੀ ਕੀਮਤ ਹੈ ਪੰਜ ਹਜ਼ਾਰ ਰੁਪਏ, ਜੇ ਤੁਸੀਂ ਕਾਲ ਕਰੋਗੇ ਤਾਂ ਇਹ ਤੁਹਾਨੂੰ ਕੇਵਲ ਚਾਰ ਹਜ਼ਾਰ ਰੁਪਏ ਵਿਚ ਮਿਲ ਜਾਵੇਗਾ ਟਿੰਗ ਟਾਂਗ….।’’
ਬਾਬਾ ਜੀ ਨਾਲ ਮੇਰੀਆਂ ਗੱਲਾਂ ਰਮਾਬਾਈ ਨੇ ਸੁਣ ਲਈਆਂ ਸਨ ਤੇ ਉਸ ਨੇ ਸ਼੍ਰੀਮਤੀ ਜੀ ਨੂੰ ਸਭ ਕੁਝ ਦੱਸ ਦਿੱਤਾ।
ਇਕ ਦਿਨ ਮੈਂ ਬਾਬਾ ਜੀ ਨੂੰ ਫੋਨ ‘ਤੇ ਦੱਸਿਆ, ‘‘ਬਾਬਾ ਜੀ, ਤੁਹਾਡੇ ਉਪਾਅ ਦਾ ਕੋਈ ਅਸਰ ਵਿਖਾਈ ਨਹੀਂ ਦਿੰਦਾ। ਬੀਮਾਰੀ ਦਾ ਇਲਾਜ ਹੋਣ ਦੀ ਬਜਾਏ ਉਹ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਐ।’’
ਬਾਬਾ ਜੀ ਕਹਿਣ ਲੱਗੇ, ‘‘ਬੇਟਾ, ਮੰਗਲ ‘ਤੇ ਸ਼ਨੀ ਦੀ ਦ੍ਰਿਸ਼ਟੀ ਪੈਣ ਨਾਲ ਪਤਨੀ ਪ੍ਰਲਯ ਯੋਗ ਸ਼ਰੂ ਹੋ ਗਿਆ ਹੈ ਇਸ ਲਈ ਰੱਖਿਆ ਲਾਕੇਟ ਦੇ ਨਾਲ-ਨਾਲ ਸ਼੍ਰੀਮਤੀ ਜੀ ਪ੍ਰਲਯ ਨਾਸ਼ਕ ਲਾਕੇਟ ਵੀ ਪਹਿਨਣਾ ਹੋਵੇਗਾ। ਇਸ ਦੀ ਕੀਮਤ ਬਸ ਦਸ ਹਜ਼ਾਰ ਰੁਪਏ….।’’
ਇਕ ਦਿਨ ਫਿਰ ਮੈਂ ਬਾਬਾ ਜੀ ਨੂੰ ਦੱਸਿਆ, ‘‘ਬਾਬਾ ਜੀ, ਕੋਈ ਫ਼ਰਕ ਨਹੀਂ ਪਿਆ….।’’
ਇਸ ‘ਤੇ ਬਾਬਾ ਜੀ ਬੋਲੇ, ‘‘ਬੇਟਾ, ਤੂੰ ਤਾਂ ਸ਼੍ਰੀਮਤੀ ਜੀ ਦੇ ਯੋਗ ਤੋਂ ਪ੍ਰੇਸ਼ਾਨ ਐਂ ਪਰ ਮੇਰੇ ਪਿੱਛੇ ਤਾਂ ਸ਼੍ਰੀਮਤੀ ਜੀ ਮਹਾਰੋਗ ਪਿਆ ਹੋਇਐ….।’’
ਮੈਂ ਬਾਬਾ ਜੀ ਨੂੰ ਕਿਹਾ, ‘‘ਮੈਂ ਕੁਝ ਸਮਝਿਆ ਨਹੀਂ।’’
ਉਦੋਂ ਹੀ ਮੇਰੀ ਸ਼੍ਰੀਮਤੀ ਆ ਗਈ ਤੇ ਕਹਿਣ ਲੱਗੀ, ‘‘ਬਾਬਾ, ਤੂੰ ਮੇਰੇ ਸਿੱਧੇ-ਸਾਧੇ ਪਤੀ ਨੂੰ ਭੜਕਾ ਰਿਹੈਂ…..ਕਹਿਣ ਨੂੰ ਤਾਂ ਔਰਤਾਂ ਅੰਧਵਿਸ਼ਵਾਸੀ ਹੁੰਦੀਆਂ ਨੇ…..ਪਰ ਮੈਨੂੰ ਲੱਗ ਰਿਹੈ ਮਰਦ ਸਾਥੋਂ ਜ਼ਿਆਦਾ ਅੰਧਵਿਸ਼ਵਾਸੀ ਨੇ। ਸ਼੍ਰੀਮਤੀ ਰੱਖਿਆ ਲਾਕੇਟ ਦੀ ਮੇਰੇ ਪਤੀ ਨੂੰ ਨਹੀਂ, ਤੈਨੂੰ ਜ਼ਿਆਦਾ ਲੋੜ ਐ, ਜ਼ਰਾ ਪਿੱਛੇ ਮੁੜ ਕੇ ਵੇਖ ਲੈ।’’
ਬਾਬਾ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਟੂਡੀਓ ਵਿਚ ਬਾਬਾ ਜੀ ਦੇ ਪਿੱਛੇ ਉਨ੍ਹਾਂ ਦੀ ਸ਼੍ਰੀਮਤੀ ਜੀ ਵੇਲਣਾ ਲਈ ਖੜ੍ਹੀ ਸੀ। ਹੁਣ ਤਾਂ ਬਾਬਾ ਜੀ ਦਾ ਚਿਹਰਾ ਦੇਖਣ ਵਾਲਾ ਸੀ।

-ਸੰਤੋਸ਼ ਸ੍ਰੀਵਾਸਤਵ

Comment here