ਸਾਹਿਤਕ ਸੱਥਗੁਸਤਾਖੀਆਂਚਲੰਤ ਮਾਮਲੇ

ਹਾਸ ਵਿਅੰਗ…ਫੇਰ ਸਾਡੀ ਨੱਕ ਕੱਟ ਜਾਊ

ਮੈਂ ਘੋੜੀ ’ਤੇ ਬੈਠਾਂ ਹਾਂ, ਪਰ ਮੇਰਾa ਦਿਲ ਨਹੀਂ ਕਰ ਰਿਹਾ। ਇਹ ਕੀ ਡਰਾਮਾ ਹੋ ਰਿਹਾ ਹੈ? ਮੇਰੇ ਪੈਰਾਂ ਤੋਂ ਸਿਰ ਤੱਕ ਕੀੜੀਆਂ ਹੀ ਕੀੜੀਆਂ ਲੜ ਰਹੀਆਂ ਜਾਪਦੀਆਂ ਨੇ। ਮੇਰਾ ਜੀਅ ਕੀਤਾ ਕਿ ਮੈਂ ਆਪਣੀ ਟਾਈ ਖੋਲ੍ਹ ਕੇ ਪੈਂਟ ਤੇ ਬੂਟ ਲਾਹ ਕੇ ਪਰ੍ਹਾਂ ਮਾਰਾਂ ਤੇ ਸਾਰੇ ਸਰੀਰ ’ਤੇ ਖੁਰਕਾਂ। ਸਾਹਮਣੇ ਮੂਵੀ ਵਾਲੇ ’ਤੇ ਬਹੁਤ ਗੁੱਸਾ ਆ ਰਿਹਾ ਸੀ। ਉਸ ਦੀਆਂ ਲਾਈਟਾਂ ਮੇਰੀਆਂ ਅੱਖਾਂ ’ਚ ਪਈਆਂ ਤੇ ਮੈਂ ਅੱਖਾਂ ਮੀਚ ਲਈਆਂ। ਮੇਰੇ ਸਿਰ ਤੋਂ ਪੈਰਾਂ ਤੱਕ ਫੇਰ ਖੁਰਕ ਹੋਈ। ਮੈਂ ਇਕਦਮ ਘੋੜੀ ਤੋਂ ਉਤਰ ਕੇ ਸਾਰੇ ਕੱਪੜੇ ਲਾ ਸੁੱਟੇ ਹਨ ਤੇ ਸਾਰੇ ਰੌਲਾ ਪੈ ਗਿਆ ਹੈ। ਦੂਸਰੇ ਦਿਨ ਸਾਰੇ ਅਖ਼ਬਾਰਾਂ ’ਚ ਮੇਰੇ ਬਾਰੇ ਖ਼ਬਰਾਂ ਲੱਗੀਆਂ ਹੋਈਆਂ ਨੇ। ਮੇਰੇ ਪੱਟ ’ਤੇ ਸ਼ਰਾਬੀ ਨੇ ਜ਼ੋਰ ਦੀ ਹੱਥ ਮਾਰਿਆ ਤੇ ਮੈਂ ਘੋੜੀ ’ਤੇ ਕੋਟ ਪੈਂਟ ’ਚ ਬੈਠਾ ਸੀ। ਵਾਜਿਆਂ ਦਾ ਰੌਲਾ ਰੱਪਾ, ਲਾਈਟਾਂ ਦੀ ਰੌਸ਼ਨੀ ਮੇਰਾ ਜੀਅ ਘਬਰਾਇਆ ਹੋਇਆ ਸੀ। ਮੈਂ ਅਤੀਤ ’ਚੋਂ ਵਰਤਮਾਨ ’ਚ ਆ ਗਿਆ ਸੀ।
ਯਾਰ ਦੋਸਤ ਨੱਚ ਰਹੇ ਨੇ। ਘੋੜੀ ਦੇ ਮੂਹਰੇ ਲਲਕਾਰੇ ਵੱਜ ਰਹੇ ਨੇ। ਸ਼ਰਾਬ ਦੀ ਬੋਅ ਹਵਾ ’ਚ ਹੈ। ਮੈਂ ਨਾ ਚਾਹੁੰਦਿਆਂ ਵੀ ਮੁਸਕਰਾਉਂਦਾ ਹਾਂ। ਪਿਤਾ ਜੀ ਸ਼ੈਂਪੇਨ ਦੀ ਬੋਤਲ ਖੋਲ੍ਹ ਲੋਕਾਂ ’ਤੇ ਛਿੜਕ ਰਹੇ ਨੇ। ਘੋੜੀ ਰੋਕ ਕੇ ਮੇਰੇ ਨਾਲ ਮੇਰੇ ਦੋਸਤ ਫੋਟੋ ਖਿਚਵਾਉਂਦੇ ਨੇ। ਮੈਨੂੰ ਫੇਰ ਮੁਸਕਰਾਉਣਾ ਪੈਂਦਾ ਹੈ। ਮੈਂ ਫੇਰ ਗੰਭੀਰ ਹੋ ਜਾਂਦਾ ਹਾਂ। ਇਹੀ ਸੋਚ ਕੇ ਕਿ ਲੋਕ ਕੀ ਕਹਿਣਗੇ ਬਈ ਹੁਣੇ ਤੋਂ ‘ਵਹੁਟੀ’ ਦੇ ਸੁਪਨੇ ਲੈਣ ਲੱਗ ਪਿਆ।
ਮੈਂ ਪਿਤਾ ਜੀ ਨੂੰ ਬੜੇ ਤਰੀਕੇ ਨਾਲ ਕਿਹਾ ਸੀ, ‘‘ਡੈਡੀ, ਮੈਂ ਤਾਂ ਸਾਦਾ ਜਿਹਾ ਵਿਆਹ ਕਰਨਾ। ਬੱਸ ਚੁੰਨੀ ਚੜ੍ਹਾ ਕੇ ਲਿਆਵਾਂਗੇ। ਬਾਅਦ ’ਚ ਦੋਸਤਾਂ ਮਿੱਤਰਾਂ ਨੂੰ ਪਾਰਟੀ ਦੇ ਦੇਵਾਂਗੇ।’’
‘‘ਨਹੀਂ ਰਾਜੇ, ਵਿਆਹ ਵੱਜ ਗੱਜ ਕੇ ਕਰਨਾ। ਲੋਕ ਕੀ ਕਹਿਣਗੇ? ਨਾਲੇ ਆਪਣਾ ਤਾਂ ਅਖੀਰਲਾ ਵਿਆਹ!’’
ਮੈਨੂੰ ਨਹੀਂ ਪਤਾ ਸੀ ਕਿ ਦਾੜ੍ਹੀ ਨਾਲੋਂ ਮੁੱਛਾਂ ਵਧ ਜਾਣਗੀਆਂ। ਮੈਨੂੰ ਹੋਟਲ ਦੇ ਕਮਰੇ ’ਚੋਂ ਸਜਾ ਕੇ ਬਾਹਰ ਕੱਢ ਘੋੜੀ ’ਤੇ ਬਿਠਾਇਆ ਗਿਆ। ਮੈਨੂੰ ਡਰ ਲਗ ਰਿਹਾ ਸੀ। ਪਹਿਲਾਂ ਤਾਂ ਮੈਨੂੰ ਫਾਇਨੈਂਸ ਵਾਲਿਆਂ ਤੋਂ ਡਰ ਲੱਗ ਰਿਹਾ ਸੀ। ਹੁਣ ਘੋੜੀ ਤੋਂ ਵੀ ਡਰ ਲੱਗ ਰਿਹਾ ਸੀ, ਮਤੇ ਉਹ ਵੀ ਮੇਰੇ ਵਾਂਗ ਘਬਰਾ ਜਾਵੇ। ਮੈਂ ਘਬਰਾ ਕੇ ਡੈਡੀ ਨੂੰ ਕਿਹਾ ਸੀ, ‘‘ਡੈਡੀ, ਆਪਾਂ ਇਹ ਸਭ ਨਹੀਂ ਕਰਨਾ।’’
‘‘ਰਾਜੇ ਬੇਟੇ, ਤੁਹਾਨੂੰ ਨਹੀਂ ਪਤਾ ਜਿਨ੍ਹਾਂ ਜਿਨ੍ਹਾਂ ਵਿਆਹਾਂ ’ਤੇ ਮੈਂ ਗਿਆਂ, ਮੈਂ ਉਨ੍ਹਾਂ ਉਨ੍ਹਾਂ ਲੋਕਾਂ ਨੂੰ ਬੁਲਾਇਆ ਤੇ ਸ਼ਗਨ ਵੀ ਲੈਣਾ। ਤੂੰ ਜ਼ਿੱਦ ਨਾ ਕਰ ਰਾਜੇ, ਲੋਕ ਕੀ ਕਹਿਣਗੇ? ਬਸ ਮੇਰੇ ਮੁਤਾਬਿਕ ਚੱਲ।’’
ਹੁਣ ਘੋੜੀ ਮੇਰੇ ਮੁਤਾਬਿਕ ਚੱਲ ਰਹੀ ਸੀ ਜਾਂ ਇਉਂ ਕਹਿ ਲਉ ਕਿ ਘੋੜੀ ਤੋਂ ਡਰ ਨਹੀਂ ਲੱਗ ਰਿਹਾ ਸੀ, ਪਰ ਹੁਣ ਮੈਨੂੰ ਗਰਮੀ ਲੱਗ ਰਹੀ ਸੀ। ਗਰਮੀਆਂ ਦੇ ਦਿਨ, ਉੱਪਰੋਂ ਕੋਟ ਪੈਂਟ। ਮੱਥੇ ’ਤੇ ਆਇਆ ਪਸੀਨਾ ਹੌਲੀ ਹੌਲੀ ਸਿਰ ਤੋਂ ਪੈਰਾਂ ਤੱਕ ਚਲਿਆ ਗਿਆ ਸੀ। ਮੈਂ ਆਪਣੇ ਆਪ ਨੂੰ ਗਾਲ੍ਹ ਕੱਢੀ। ਗਾਲ੍ਹ ਦੀ ਆਵਾਜ਼ ਮੂੰਹ ਤੋਂ ਬਾਹਰ ਤਾਂ ਆਈ, ਪਰ ਬੈਂਡ ਵਾਲਿਆਂ ਦੀ ਆਵਾਜ਼ ਵਿੱਚ ਦੱਬ ਗਈ। ਮੇਰੇ ਅਚਾਨਕ ਖਾਜ ਹੋਈ। ਮੈਂ ਮਜਬੂਰੀ ਵਿੱਚ ਚਿਹਰੇ ’ਤੇ ਮੁਸਕਰਾਹਟ ਲਿਆ ਕੇ ਖਾਜ ਕੀਤੀ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ। ਇਸ ਦਾ ਇੱਕ ਕਾਰਨ ਮੂਵੀ ਵਾਲਾ ਕੈਮਰਾ ਵੀ ਸੀ।
‘‘ਵਧਾਈਆਂ ਬੇਟੇ,’’ ਇੱਕ ਨੇ ਗੁਲਦਸਤਾ ਫੜਾਉਂਦਿਆਂ ਕਿਹਾ। ਮੈਂ ਉਸ ਦਾ ਧੰਨਵਾਦ ਕੀਤਾ। ਕੈਮਰੇ ਵੱਲ ਗੁਲਦਸਤਾ ਕਰ, ਚਿਹਰੇ ’ਤੇ ਮੁਸਕਰਾਹਟ ਲਿਆ ਫਿਰ ਖਾਜ ਕੀਤੀ।
ਬੈਂਡ ਮਾਸਟਰ ਨੇ ਨਵੇਂ ਹਿੱਟ ਗੀਤ ਦੀ ਧੁਨ ਵਜਾਈ। ਸਾਰੇ ਮੁੰਡੇ ਨੱਚ ਰਹੇ ਸਨ। ਮੈਨੂੰ ਬੜਾ ਅਜੀਬ ਲੱਗ ਰਿਹਾ ਸੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਗਧੇ ’ਤੇ ਬੈਠਾ ਹੋਵਾਂ। ਪਰ ਰਿਸ਼ਤੇਦਾਰ ਪੰਜਾਂ ਦਸਾਂ ਦੇ ਨੋਟ ਹਵਾ ਵਿੱਚ ਉਡਾ ਰਹੇ ਸਨ। ਬੈਂਡ ਮਾਸਟਰ ਦੀ ਨਜ਼ਰ ਨੋਟਾਂ ’ਤੇ ਸੀ ਉਹ ਨੋਟ ਚੁੱਕਣ ਲਈ। ਦੋ ਛਣਕਣੇ ਵਜਾਉਣ ਵਾਲੇ ਬੜੀ ਫੁਰਤੀ ਨਾਲ ਨੋਟ ਚੁੱਕ ਰਹੇ ਸਨ। ਮੈਨੂੰ ਬਹੁਤ ਗੁੱਸਾ ਆਇਆ। ਇਹ ਜਿਵੇਂ ਮਰਜ਼ੀ ਨੱਚੀ ਟੱਪੀ ਜਾਣ, ਪਰ ਮੈਂ ਇਨ੍ਹਾਂ ਦੇ ਵਿਆਹਾਂ ’ਤੇ ਬਿਲਕੁਲ ਨਹੀਂ ਨੱਚਣਾ। ਸ਼ਹਿਰ ਦੇ ਮੇਨ ਚੌਕ ਵਿੱਚ ਆ ਗਏ ਸਾਂ। ਟਰੈਫਿਕ ਸਾਡੇ ਕਰਕੇ ਜਾਮ ਸੀ। ਆਉਂਦੇ ਜਾਂਦੇ ਲੋਕਾਂ ਦੇ ਚਿਹਰੇ ਮੈਂ ਘੋੜੀ ’ਤੇ ਬੈਠਾ ਵੇਖ ਰਿਹਾ ਸਾਂ। ਕਿਸੇ ਦੇ ਚਿਹਰੇ ’ਤੇ ਮੁਸਕਰਾਹਟ ਨਹੀਂ ਸੀ। ਮੈਂ ਸੋਚ ਰਿਹਾ ਸਾਂ ਕਿ ਪਿਛਲੇ ਹਫ਼ਤੇ ਜਦੋਂ ਮੈਂ ਜ਼ਰੂਰੀ ਕੰਮ ਜਾ ਰਿਹਾ ਸੀ ਤਾਂ ਇਸੇ ਤਰ੍ਹਾਂ ਕਿਸੇ ਦੀ ਬਾਰਾਤ ਨੇ ਟਰੈਫਿਕ ਜਾਮ ਕੀਤਾ ਹੋਇਆ ਸੀ। ਮੈਂ ਘੱਟ ਤੋਂ ਘੱਟ ਸੌ ਗਾਲ੍ਹਾਂ ਕੱਢੀਆਂ ਹੋਣਗੀਆਂ। ਅੱਜ ਇਉਂ ਹੀ ਮੈਨੂੰ ਵੀ ਗਾਲ੍ਹਾਂ ਮਿਲੀਆਂ ਹੋਣਗੀਆਂ। ਦੋ ਸਿਪਾਹੀ ਹੌਲੀ ਹੌਲੀ ਜਾਂਦੇ ਹੋਏ ਟਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਮੈਂ ਖ਼ੁਦ ਨੂੰ ਵੀ.ਆਈ.ਪੀ. ਮਹਿਸੂਸ ਕਰ ਰਿਹਾ ਸੀ। ਮੈਂ ਹੁਣ ਸੀਨਾ ਸਿੱਧਾ ਕੀਤਾ। ਸਾਰੇ ਲੋਕਾਂ ਦਾ ਧਿਆਨ ਮੇਰੇ ਵੱਲ ਹੀ ਸੀ। ਅਚਾਨਕ ਮੈਨੂੰ ਧਿਆਨ ਆਇਆ ਕਿ ਮੈਂ ਕਿਧਰੇ ਜੋਕਰ ਤਾਂ ਨਹੀਂ ਲੱਗ ਰਿਹਾ, ਹੋਰ ਸਭ ਮੇਰਾ ਮਜ਼ਾਕ ਹੀ ਉਡਾ ਰਹੇ ਹੋਣ।
ਹੌਲੀ ਹੌਲੀ ਘੋੜੀ ਅੱਗੇ ਵੱਲ ਜਾ ਰਹੀ ਸੀ। ਅਚਾਨਕ ਠਾਹ ਦੀ ਆਵਾਜ਼ ਨੇ ਮੈਨੂੰ ਡਰਾ ਦਿੱਤਾ, ਪਰ ਘੋੜੀ ਦਾ ਮਾਲਕ ਤਜ਼ਰਬੇਕਾਰ ਸੀ ਜਿਸ ਨੇ ਘੋੜੀ ਰੋਕ ਲਈ। ਮੈਨੂੰ ਪਟਾਕੇ ਚਲਾਉਣ ਵਾਲਿਆਂ ’ਤੇ ਬਹੁਤ ਗੁੱਸਾ ਆਇਆ। ਪੰਜ ਸੱਤ ਕੁੜੀਆਂ ਨੇ ਮੇਰੇ ਵੱਲ ਵੇਖਿਆ ਤੇ ਹੱਸੀਆਂ। ਇਹ ਕੌਣ? ਮੇਰੇ ਵੱਲ ਵੇਖ ਕੇ ਕਿਉਂ ਹੱਸੀਆਂ? ਪੱਕਾ ਮੈਂ ਉਨ੍ਹਾਂ ਨੂੰ ਜੋਕਰ ਲੱਗਿਆ ਹੋਵਾਂਗਾ। ਸੀ ਇਹ ਤਾਂ ਤਮਾਸ਼ਾ ਹੀ। ਮੈਂ ਆਪਣੇ ਆਪ ਨੂੰ ਕਬੂਲਿਆ। ਅਗਲਾ ਚੌਕ ਆ ਗਿਆ ਸੀ।
ਠਾਹ ਠਾਹ ਦੀਆਂ ਆਵਾਜ਼ਾਂ। ਫਿਰ ਕਿਸੇ ਨੇ ਪਟਾਕੇ ਚਲਾ ਦਿੱਤੇ, ਪਰ ਇਸ ਵਾਰ ਘੋੜੀ ਦੇ ਮਾਲਕ ਨੇ ਇਸ ਨੂੰ ਪਹਿਲਾਂ ਹੀ ਸੰਭਾਲ ਲਿਆ। ਮੈਨੂੰ ਗੁੱਸਾ ਆ ਰਿਹਾ ਸੀ। ਮੇਰਾ ਜੀਅ ਕਰ ਰਿਹਾ ਸੀ ਕਿ ਮੈਂ ਜਾ ਕੇ ਉਨ੍ਹਾਂ ਨੂੰ ਥੱਪੜ ਮਾਰਾਂ, ਬਈ ‘ਐਵੇਂ ਪਟਾਖੇ ਚਲਾਈ ਜਾਨੇ ਓਂ, ਆਪਾਂ ਕੀ ਤੀਰ ਮਾਰਤਾ।’ ਪਰ ਫਿਰ ਮੈਨੂੰ ਵਿਨੈ ਦੇ ਵਿਆਹ ਦੀ ਗੱਲ ਯਾਦ ਆਈ ਕਿ ਉਸ ਵੇਲੇ ਮੈਂ ਵੀ ਪਟਾਖੇ ਚਲਾਏ ਸਨ। ਦਰਅਸਲ, ਤਿੰਨ ਸਾਲਾਂ ’ਚ ਸਭ ਕੁਝ ਬਦਲ ਗਿਆ।
ਬਾਰਾਤ ਰੁਕ ਗਈ ਸੀ। ਸ਼ਾਇਦ ਕੋਈ ਰੌਲਾ ਰੱਪਾ ਪੈ ਗਿਆ। ਮੈਨੂੰ ਪਤਾ ਲੱਗਾ ਕਿ ਕਿਸੇ ’ਤੇ ਪਟਾਖਾ ਪੈ ਗਿਆ, ਪਰ ਉਹ ਬਚ ਗਿਆ। ਮੈਨੂੰ ਯਾਦ ਆਇਆ ਕਿ ਹਾਲੇ ਕੱਲ ਹੀ ਪਟਾਖੇ ਨਾਲ ਸਾਰਾ ਬਾਜ਼ਾਰ ਸੜ ਕੇ ਸੁਆਹ ਹੋ ਗਿਆ ਸੀ। ਮੈਂ ਮੂਵੀ ਵਾਲੇ ਨੂੰ ਹੱਥ ਮਾਰ ਕੇ ਬੁਲਾਇਆ ਤੇ ਪਟਾਖੇ ਨਾ ਚਲਾਉਣ ਬਾਰੇ ਕਿਹਾ। ਪਰ ਮੇਰੀ ਕੌਣ ਸੁਣਦਾ ਹੈ?
ਮੈਂ ਤਾਂ ਪਾਪਾ ਨੂੰ ਵੀ ਕਿਹਾ ਸੀ, ‘‘ਪਾਪਾ, ਇਹ ਫਜ਼ੂਲਖਰਚੀ ਆਪਾਂ ਕਾਹਤੋਂ ਕਰਨੀ, ਆਪਾਂ ਕਿਹੜਾ ਕੋਈ ਸਰਮਾਏਦਾਰ ਆਂ।’’ ‘‘ਓ ਕਮਲਿਆ! ਤੂੰ ਗੱਲ ਨਹੀਂ ਸਮਝਦਾ। ਤੂੰ ਚੁੱਪ ਰਹਿਣੈਂ। ਬਸ ਤੇਰਾ ਰੋਲ ਸਿਰਫ਼ ਚੁੱਪ ਰਹਿਣ ਦਾ ਹੀ ਹੈ।’’
‘‘ਚੁਪਚਾਪ ਕਿਊਂ ਖੜੀ ਹੈ ਫ਼ੈਸਲੇ ਕੀ ਘੜੀ ਹੈ।’’ ਬੈਂਡ ਵਾਲੇ ਨੇ ਇਹ ਧੁਨ ਵਜਾਈ। ਮੈਂ ਵੀ ਆਪਣੇ ਆਪ ਨੂੰ ਹੀਰੋ ਸਮਝ ਰਿਹਾ ਸੀ। ਪੈਲੇਸ ਕੋਲ ਪਹੁੰਚ ਗਏ। ਕੁੜੀਆਂ ਬੁੜ੍ਹੀਆਂ ਭਾਵ ਸਭ ਔਰਤਾਂ ਨੇ ਇਕ ਦੂਜੀ ਨਾਲੋਂ ਵੱਧ ਤੋਂ ਵੱਧ ਭੜਕੀਲੇ ਮੇਕਅੱਪ ਕੀਤੇ ਹੋਏ ਸਨ। ਇੰਨਾ ਹਾਰ ਸ਼ਿੰਗਾਰ! ਇਹ ਤਾਂ ਕਮਾਲ ਹੀ ਹੋ ਗਈ। ਔਰਤਾਂ ਦੀ ਕਮਜ਼ੋਰੀ ਲੱਗ ਰਿਹਾ ਸੀ ਮੈਨੂੰ ਇਹ ਹਾਰ ਸ਼ਿੰਗਾਰ। ਖ਼ੈਰ!
‘‘ਲਉ ਸਰ।’’
ਮੇਰੇ ਲਈ ਕੋਲਡ ਡਰਿੰਕਸ ਲਈ ਬੈਰ੍ਹਾ ਖੜ੍ਹਾ ਸੀ। ਆਖ਼ਰ ਮੈਂ ਲਾੜਾ ਹਾਂ। ਮਗਰ ਹੀ ਜੂਸ ਦੀ ਟਰੇਅ ਲਈ ਇੱਕ ਹੋਰ ਬੈਰ੍ਹਾ ਆ ਗਿਆ ਸੀ। ਪਹਿਲਾਂ ਮੈਂ ਠੰਢਾ ਪੀਤਾ ਤੇ ਮਗਰੇ ਜੂਸ ਦਾ ਗਲਾਸ ਪੀਤਾ। ਗਰਮੀ ਤੋਂ ਥੋੜ੍ਹੀ ਰਾਹਤ ਮਿਲੀ। ਪਸੀਨੇ ਨਾਲ ਮੇਰੇ ਸਾਰੇ ਕੱਪੜੇ ਪੂਰੇ ਭਿੱਜ ਗਏ। ਮੈਂ ਹੁਣ ਵੀ ਘੋੜੀ ’ਤੇ ਬੈਠਾ ਮੁਸਕਰਾ ਰਿਹਾ ਸਾਂ। ਹਰ ਇੱਕ ਦੀ ਨਜ਼ਰ ਮੇਰੇ ’ਤੇ ਹੈ। ਮੈਂ ਸਭ ਨੂੰ ਮੁਸਕਰਾ ਕੇ ਜਵਾਬ ਦੇ ਰਿਹਾ ਹਾਂ। ਮੇਰੇ ਅੰਦਰ ਖਾਰਿਸ਼ ਹੋ ਰਹੀ ਸੀ, ਪਰ ਮੈਂ ਖਾਜ ਨਹੀਂ ਕਰ ਸਕਦਾ ਜਿਵੇਂ ਘੋੜੀ ਚੜ੍ਹੇ ਲਾੜੇ ਲਈ ਖੰਘਣ, ਛਿੱਕ ਮਾਰਨ ਅਤੇ ਖੁਰਕਣ ’ਤੇ ਪਾਬੰਦੀ ਹੋਵੇ। ਮੈਨੂੰ ਪਿਛਲੇ ਸਾਲ ਦੀ ਇੱਕ ਖ਼ਬਰ ਯਾਦ ਆਈ ਕਿ ਦਿੱਲੀ ’ਚ ਲਾੜਾ ਘੋੜੀ ਤੋਂ ਡਿੱਗਿਆ ਅਤੇ ਬੇਹੋਸ਼ ਹੋ ਗਿਆ। ਕੁੜੀ ਵਾਲਿਆਂ ਨੇ ਇਹ ਸੋਚ ਕੇ ਵਿਆਹ ਕਰਨ ਤੋ ਨਾਂਹ ਕਰ ਦਿੱਤੀ ਕਿ ਮੁੰਡੇ ਨੂੰ ਸ਼ਾਇਦ ਕੋਈ ਭਿਅੰਕਰ ਬਿਮਾਰੀ ਹੈ। ਸਾਰੀ ਬਰਾਤ ਨੂੰ ਵਾਪਸ ਆਉਣਾ ਪਿਆ ਸੀ। ਪਸੀਨਾ ਹੁਣ ਮੇਰੇ ਪੈਰਾਂ ਤਕ ਚਲਾ ਗਿਆ ਹੈ। ਮੈਨੂੰ ਇਉਂ ਲੱਗ ਰਿਹਾ ਹੈ ਜਿਵੇਂ ਮੈਂ ਘੋੜੀ ’ਤੇ ਸਜ ਧੱਜ ਕੇ ਆਪਣੀ ਸੈਨਾ ਨਾਲ ਲੈ ਕੇ ਚੜ੍ਹਾਈ ਕਰਨ ਜਾ ਰਿਹਾ ਹੋਵਾਂ। ਮੈਂ ਆਪਣੇ ਆਪ ਨੂੰ ਪ੍ਰਗਤੀਸ਼ੀਲ ਕਹਿੰਦਾ ਤੇ ਕਹਾਉਂਦਾ ਹਾਂ, ਪਰ ਹੋ ਸਭ ਕੁਝ ਉਲਟਾ ਰਿਹਾ।
ਮੈਂ ਸ਼ੁਰੂ ਤੋਂ ਹੀ ਦਹੇਜ ਤੇ ਫਜ਼ੂਲਖਰਚੀ ਦੇ ਖ਼ਿਲਾਫ਼ ਸਾਂ। ਕਾਲਜ ਸਮੇਂ ਜਦੋਂ ਮੈਂ ਸੋਨੀਆ ਨੂੰ ਪੁੱਛਿਆ, ‘‘ਤੂੰ ਵਿਆਹ ਕਿਸ ਨਾਲ ਕਰੇਵਾਏਂਗੀ?’’
‘‘ਜਿਸ ਦੇ ਆਪਣੇ ਸਿਧਾਂਤ ਹੋਣ।’’
ਮੇਰਾ ਖ਼ਿਆਲ ਸੀ ਮੇਰੇ ਨਾਲ ਕਰਵਾਏਗੀ, ਪਰ ਮੈਂ ਉਸ ਨੂੰ ਕਹਿ ਵੀ ਨਹੀਂ ਸਕਿਆ। ਸ਼ਾਇਦ ਉਹ ਦੂਸਰੀ ਜਾਤ ਦੀ ਹੋਣ ਕਰਕੇ ਮੈਂ ਪ੍ਰਗਤੀਸ਼ੀਲ ਨਾਲੋਂ ਦੂਰਦਰਸ਼ੀ ਹੋਣਾ ਜ਼ਿਆਦਾ ਠੀਕ ਸਮਝਿਆ ਸੀ। ਹਾਲਾਂਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਉਸ ਨੇ ਮੈਨੂੰ ਹਾਂ ਕਹਿ ਵੀ ਦਿੱਤੀ ਸੀ। ਉਹ ਮੇਰੇ ਮੂੰਹੋਂ ਕਹਾਉਣਾ ਚਾਹੁੰਦੀ ਸੀ। ਜੇ ਅੱਜ ਉਹ ਮੈਨੂੰ ਸਜੇ ਸੰਵਰੇ ਨੂੰ ਵੇਖ ਲਵੇ ਤਾਂ। ਮੇਰੇ ਅੰਦਰ ਇਕਦਮ ਝਨਝਨਾਹਟ ਹੋਈ, ਅੰਦਰ ਕੰਬਿਆ।
ਮੇਰੇ ਲਈ ਏ.ਸੀ. ਕਮਰਾ ਖੋਲ੍ਹਿਆ ਗਿਆ। ਮੈਂ ਛੇਤੀ-ਛੇਤੀ ਆਪਣਾ ਕੋਟ ਪੈਂਟ, ਬੂਟ ਤੇ ਪਗੜੀ ਲਾਹੀ। ਹੁਣ ਮੈਨੂੰ ਰਾਹਤ ਮਿਲੀ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਆਪਣੇ ਅਸਤਰ ਸ਼ਸਤਰ ਲਾਹ ਦਿੱਤੇ ਹੋਣ। ਮੈਂ ਪਹਿਲੀ ਵਾਰ ਏ.ਸੀ. ਕਮਰੇ ’ਚ ਬੈਠਾ ਸਾਂ। ਮੇਰੇ ਇੱਕ ਦੋ ਹੋਰ ਦੋਸਤ ਕਮਰੇ ’ਚ ਬੈਠੇ ਨੇ। ਹੁਣ ਮੈਂ ਬਾਥਰੂਮ ’ਚ ਬੈਠਾ ਸੋਚ ਰਿਹਾ ਸਾਂ ਕਿ ਸਾਨੂੰ ਏ.ਸੀ. ਕਮਰੇ ’ਚ ਠਹਿਰਾਉਣ ਦੀ ਕੀ ਲੋੜ ਸੀ? ਘਰ ’ਚ ਕਿਹੜਾ ਏ.ਸੀ. ਲੱਗਾ ਹੈ। ਪਾਪਾ ਨੇ ਵੀ ਕਿੰਨਾ ਖਰਚਾ ਕਰਵਾ ਦਿੱਤਾ ਕੁੜੀ ਵਾਲਿਆਂ ਦਾ। ਪਰ ਗ਼ਲਤੀ ਤਾਂ ਮੇਰੀ ਹੀ ਹੈ। ਮੈਂ ਆਪਣੇ ਖ਼ਾਸ ਅੱਠ ਦਸ ਰਿਸ਼ਤੇਦਾਰ ਲੈ ਕੇ ਆ ਜਾਂਦਾ ਤੇ ਦੋਸਤਾਂ ਮਿੱਤਰਾਂ ਨੂੰ ਬਾਅਦ ’ਚ ਪਾਰਟੀ ਦੇ ਦਿੰਦਾ, ਪਰ ਪਾਪਾ ਕਹਿੰਦੇ ਨੇ ‘‘ਸਾਡੀ ਨੱਕ ਕੱਟ ਜਾਊ।’’
ਮੈਨੂੰ ਪੁਰਾਣੇ ਰਿਸ਼ੀ ਮੁਨੀ ਯਾਦ ਆਏ। ਉਹ ਰਾਜ ਕੰਨਿਆ ਨੂੰ ਵਿਆਹ ਕੇ ਆਪਣੀ ਕੁਟੀਆ ’ਚ ਲੈ ਜਾਂਦੇ ਸਨ। ਰਾਜੇ ਗ਼ਰੀਬ ਕੰਨਿਆ ਨੂੰ ਵਿਆਹ ਕੇ ਮਹਿਲਾਂ ’ਚ ਲੈ ਜਾਂਦੇ। ਉਨ੍ਹਾਂ ’ਚ ਕੋਈ ਭੇਦਭਾਵ ਨਹੀਂ ਸੀ। ਮੈਂ ਆਪਣੇ ਆਪ ਨੂੰ ਦੋਗਲਾ ਮਹਿਸੂਸ ਕਰ ਰਿਹਾ ਸੀ। ਮੈਂ ਇਹੀ ਸੋਚ ਰਿਹਾ ਸਾਂ ਕਿ ਮੈਂ ਉਡਾਰੀ ਮਾਰ ਵਿਆਹ ਵਾਲੀ ਘੋੜੀ ਸਮੇਤ ਕਿਧਰੇ ਉੱਡ ਜਾਵਾਂ। ਇਨ੍ਹਾਂ ਖੋਖਲੇ ਰੀਤ ਰਿਵਾਜਾਂ ਤੋਂ ਬਿਨਾਂ।

-ਡਾ. ਅਮਰੀਕ ਸਿੰਘ ਕੰਡਾ

Comment here