ਗੁਸਤਾਖੀਆਂਚਲੰਤ ਮਾਮਲੇਮਨੋਰੰਜਨ

ਹਾਸ ਵਿਅੰਗ : ਪੇਟੀ ਵਾਲੀ ਬੇਬੇ

ਸੱਥ ’ਚ ਆਉਂਦਿਆਂ ਹੀ ਬਜ਼ੁਰਗ ਬਦਨ ਸਿਉਂ ਨੇ ਸੱਥ ‘ਚ ਬੈਠੇ ਆਪਣੇ ਹਾਣੀ ਬਾਬੇ ਪਾਖਰ ਸਿਉਂ ਨੂੰ ਆ ਕੇ ਪੁੱਛਿਆ, ‘‘ਕਿਉਂ ਬਈ ਪਾਖਰ ਸਿਆਂ! ਤੂੰ ਸੀਗ੍ਹਾ ਕੱਲ੍ਹ ਓੱਥੇ ਜਦੋਂ ਬਚਨੇ ਰਾਠ ਦੇ ਟੱਬਰ ਦੀ ਕਨੇਡੇ ਤੋਂ ਆਈ ਲਾਸ਼ ਆਲੀ ਪੇਟੀ ਖੋਲ੍ਹੀ ਸੀ?’’
ਬਾਬਾ ਪਾਖਰ ਸਿਉਂ ਕਹਿੰਦਾ, ‘‘ਮੈਂ ਤਾਂ ਨ੍ਹੀ ਸੀ ਉਥੇ, ਪਰ ਦੱਸਦੇ ਐ ਬਈ ਕਹਿੰਦੇ ਅੰਦਰ ਬੈਠਕ ਦਾ ਬਾਰ ਬੰਦ ਕਰਕੇ ਖੋਹਲੀ ਖਾਹਲੀ ਐ। ਪਤਾ ਨ੍ਹੀ ਕੀ ਨਿਓਜੇ ਭੇਜੇ ਐ ਬੁੜ੍ਹੀ ਨਾਲ।’’
ਮਾਹਲਾ ਨੰਬਰਦਾਰ ਕਹਿੰਦਾ, ‘‘ਕੁਸ ਹੋਊਗਾ ਓਹਦੇ ’ਚ ਜਿਹੜੀ ਚੋਰੀਉਂ ਪੇਟੀ ਖੋਹਲੀ ਐ।’’
ਸੀਤਾ ਮਰਾਸੀ ਕਹਿੰਦਾ, ‘‘ਮਰੀ ਵੀ ਬੁੜ੍ਹੀ ਸੀ ਓਹਦੇ ‘ਚ ਹੋਰ ਕੀ ਟੂੰਮਾਂ ਹੋਣੀਆਂ ਸੀ। ਪੇਟੀ ਦਾ ਢੱਕਣ ਜਾ ਤਾਂ ਬਾਹਰ ਵੇਹੜੇ ‘ਚ ਈ ਪੱਟ ਲਿਆ ਸੀ। ਉਹਦੇ ‘ਚ ਇੱਕ ਚਿੱਠੀ ਲਿਖੀ ਵੀ ਆਈ ਸੀ। ਜਦੋਂ ਉਹ ਚਿੱਠੀ ਪੜ੍ਹੀ, ਫੇਰ ਅੰਦਰ ਲਜਾਕੇ ਪੇਟੀ ਦੀ ਫਰੋਲਾ ਫਰਾਲੀ ਕੀਤੀ ਐ।’’
ਬਾਬਾ ਪਾਖਰ ਸਿਉਂ ਕਹਿੰਦਾ, ‘‘ਕੰਨਾਂ ਆਲੀ ਵਾਲੀਆਂ ਹੋਣੀਆਂ ਬੁੜ੍ਹੀ ਦੇ ਪਾਈਆਂ ਵੀਆਂ, ਉਹ ਲਾਹੀਆਂ ਹੋਣੀਆਂ ਅੰਦਰ ਲਜਾ ਕੇ ਹੋਰ ਕਿਹੜਾ ਚਰਖਾ ਕਤਾਉਣਾ ਸੀ ਬੁੜ੍ਹੀ ਤੋਂ।’’
ਬਜ਼ੁਰਗ ਬਦਨ ਸਿਉਂ ਕਹਿੰਦਾ, ‘‘ਐਮੇਂ ਤਾਂ ਨ੍ਹੀ ਕੰਜੂਸਾਂ ਨੇ ਅੰਦਰ ਲਜਾ ਕੇ ਪੇਟੀ ਖੋਹਲੀ, ਕੋਈ ਘਾਲ਼ਾ ਮਾਲ਼ਾ ਹੋਣੈ ਪਾਖਰ ਸਿਆਂ।’’
ਪ੍ਰਤਾਪਾ ਭਾਊ ਬਾਬੇ ਪਾਖਰ ਸਿਉਂ ਨੂੰ ਕਹਿੰਦਾ, ‘‘ਕਿਉਂ ਬਾਬਾ! ਯਾਰ ਇੱਕ ਗੱਲ ਦੀ ਸਮਝ ਨ੍ਹੀ ਆਈ। ਜਦੋਂ ਲਾਸ਼ ਘਰੇ ਆ ਗੀ, ਸਾਰੇ ਟੱਬਰ ਨੇ ਰੋਣ ਆਲੀ ਗਰਦ ਪੱਟ ’ਤੀ। ਜਦੋਂ ਵੱਡੀ ਕੁੜੀ ਨੇ ਪੇਟੀ ’ਚੋਂ ਨਿੱਕਲੀ ਚਿੱਠੀ ਪੜ੍ਹੀ, ਫੇਰ ਈ ਅੰਦਰ ਵੜੇ ਐ ਪੇਟੀ ਲੈ ਕੇ। ਅੰਦਰ ਜਾ ਕੇ ਸਾਰਾ ਟੱਬਰ ਗੂੰਗਾ ਈ ਹੋ ਗਿਆ। ਪਹਿਲਾਂ ਤਾਂ ਰੋ ਰੋ ਕੇ ‘ਸਮਾਨ ਚੱਕ ’ਤਾ, ਜਦੋਂ ਚਿੱਠੀ ਪੜ੍ਹਣ ਪਿੱਛੋਂ ਅੰਦਰ ਜਾ ਕੇ ਪੇਟੀ ਫਰੋਲੀ, ਉਦੋਂ ਸਾਰਾ ਟੱਬਰ ਇਉਂ ਚੁੱਪ ਕਰ ਗਿਆ ਜਿਮੇਂ ਕੋਈ ਸੱਪ ਸੁੰਘ ਗਿਆ ਹੁੰਦਾ।’’
ਸੀਤਾ ਮਰਾਸੀ ਟਿੱਚਰ ’ਚ ਕਹਿੰਦਾ, ‘‘ਕਿਤੇ ਬਚਨੇ ਰਾਠ ਦੀ ਲਾਸ਼ ਨਾ ਹੋਵੇ, ਪੰਜ ਦਿਨ ਹੋ ਗੇ ਪਿੰਡ ‘ਚ ਗੱਲ ਉੱਡੀ ਨੂੰ ਬਈ ਪ੍ਰਸਿੰਨ ਕੁਰ ਮਰ ਗੀ ਪ੍ਰਸਿੰਨ ਕੁ ਮਰ ਗੀ। ਹੁਣ ਜਦੋਂ ਲਾਸ਼ ਪਿੰਡ ਆ ਗੀ, ਹੁਣ ਕਹਿੰਦੇ ਹੋਣੇ ਐ ਬਈ ਇਹ ਤਾਂ ਬਚਨਾ ਰਾਠ ਐ।’’
ਬਾਬਾ ਪਾਖਰ ਸਿਉਂ ਕਹਿੰਦਾ, ‘‘ਜੇ ਬਚਨਾ ਮਰਿਆ ਹੁੰਦਾ ਤਾਂ ਬਚਨੇ ਦਾ ਈ ਨਾਂ ਲੈਣਾ ਸੀ। ਮਰੀ ਤਾਂ ਪ੍ਰਸਿੰਨ ਕੁਰ ਈ ਐ, ਪਰ ਜਿਹੜੀ ਚਿੱਠੀ ਪੜ੍ਹਣ ਪਿੱਛੋਂ ਲੋਥ ਆਲੀ ਪੇਟੀ ਅੰਦਰ ਲੈ ਗੇ, ਇਹਦੇ ’ਚ ਤਾਂ ਕੋਈ ਰਾਜ ਐ।’’
ਸੀਤਾ ਮਰਾਸੀ ਫੇਰ ਬੋਲਿਆ ਟਿੱਚਰ ’ਚ, ‘‘ਕਿਤੇ ਇਉਂ ਤਾਂ ਹੋ ਗੀ ਬਈ ਮਰੀ ਤਾਂ ਤਾਈ ਪ੍ਰਸਿੰਨ ਕੁਰ ਐ, ਤੇ ਪੇਟੀ ’ਚ ਤਾਏ ਬਚਨੇ ਜਿਉਂਦੇ ਨੂੰ ਈਂ ਬੰਦ ਕਰ ਕੇ ਭੇਜ’ਤਾ ਹੋਵੇ। ਪਤਾ ਐਥੇ ਆ ਕੇ ਲੱਗਿਆ ਹੋਵੇ ਬਈ ਇਹ ਤਾਂ ਕਨੇਡੇ ਆਲੇ ਭਲੇਖਾ ਈ ਖਾ ਗੇ।’’
ਏਨੇ ਚਿਰ ਨੂੰ ਨਾਥਾ ਅਮਲੀ ਸੱਥ ’ਚ ਆ ਕੇ ਬਾਬੇ ਪਾਖਰ ਸਿਉਂ ਨੂੰ ਕਹਿੰਦਾ, ‘‘ਕਿਉਂ ਬਾਬਾ! ਕੀ ਬੁੱਝੀਏ ਯਾਰ ਤਾਈ ਪ੍ਰਸਿੰਨ ਕੁਰ ਦਾ। ਬਮਾਰ ਤਾਂ ਤਾਇਆ ਬਚਨਾ ਰਹਿੰਦਾ ਸੀ, ਲੱਕੜਾਂ ਦੇ ਨੇੜੇ ਤਾਈ ਹੋ ਗੀ। ਫੇਰ ਦੂਜੀ ਗੱਲ ਐ, ਲਾਸ਼ ਦੇ ਨਾਲ ਤਾਂ ਤਾਏ ਨੂੰ ਆਉਣਾ ਚਾਹੀਦਾ, ਉਹ ਵੀ ਪਤੰਦਰ ਡਾਲਰਾਂ ਨੇ ਈ ਮਧੋਲ ਲਿਆ।’’
ਸੀਤਾ ਮਰਾਸੀ ਕਹਿੰਦਾ, ‘‘ਅਮਲੀਆ ਜਦੋਂ ਤੇਰੀ ਤਾਈ, ਤਾਏ ਨੂੰ ਆਪ ਈ ਛੱਡ ਕੇ ਉਠ ਗੀ, ਤਾਏ ਨੇ ਫੇਰ ਕਾਹਦਾ ਆਉਣਾ ਸੀ ਨਾਲ, ਉਹ ਵੀ ਆਕੜ ਗਿਆ ਹੋਣੈ ਸਿਆਲ ਦੇ ਘਿਉ ਆਂਗੂੰ। ਕਹਿੰਦਾ ਹੋਣਾ ਮੈਂ ਮਨ੍ਹੀ ਜਾਣਾ ਹੁਣ ਪਿੰਡ ਨੂੰ ਤੇਰੇ ਨਾਲ। ‘ਕੱਲੀ ਓ ਈ ਜਾ ਤੂੰ ਹੁਣ।’’
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ‘‘ਅਮਲੀਆ! ਤੇਰਾ ਤਾਂ ਬਚਨੇ ਰਾਠ ਕੇ ਘਰੇ ਖਾਸਾ ਆਉਣਾ ਜਾਣੈ, ਤੈਨੂੰ ਤਾਂ ਪਤਾ ਈ ਹੋਊ ਗੱਲ ਦਾ ਬਈ ਇਹ ਕਹਾਣੀ ਕੀ ਬਣੀ ਜਾਂਦੀ ਐ। ਨਾ ਬਚਨਾ ਆਇਆ ਨਾ ਕੁੜੀ ਆਈ ਐ ਨਾਲ। ਬੰਸੋ ਦੀ ਤਾਂ ਫਿਰ ਵੀ ਮਾਂ ਸੀ, ਕੁੜੀ ਨੂੰ ਤਾਂ ਆਉਣਾ ਚਾਹੀਦਾ ਈ ਸੀ। ਚੱਲੋ ਪ੍ਰਾਹੁਣਾ ਤਾਂ ਭਾਮੇਂ ਨਾ ਆਉਂਦਾ, ਕੁੜੀ ਆ ਜਾਂਦੀ ਬਚਨਾ ਆ ਜਾਂਦਾ, ਇਹ ਤਾਂ ਕੋਈ ਗੱਲ ਐ।’’
ਅਮਲੀ ਨੇ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਮਦਾਰੀ ਦੀ ਪਟਾਰੀ ਵਾਂਗੂੰ ਸਾਰੀ ਗੱਲ ਫਰੋਲ ਕੇ ਰੱਖ ’ਤੀ। ਅਮਲੀ ਨੰਬਰਦਾਰ ਦੇ ਗੋਡੇ ’ਤੇ ਹੱਥ ਮਾਰ ਕੇ ਕਹਿੰਦਾ, ‘‘ਲੈ ਸੁਣ ਲਾ ਫਿਰ ਨੰਬਰਦਾਰਾ ਸਾਰੀ ਹੀਰ। ਬਚਨੇ ਦੀ ਵੱਡੀ ਕੁੜੀ ਬੰਸੋ ਦਾ ਸਾਕ ਕਾਮਿਆਂ ਦੇ ਬੱਗੜ ਮਾਹਟਰ ਨੇ ਕਰਾਇਆ ਸੀ ਆਵਦੀ ਸਾਲੀ ਦੇ ਮੁੰਡੇ ਨੂੰ। ਮੁੰਡੇ ਆਲੇ ਸਿਰੇ ਦੇ ਕੰਜੂਸ ਐ। ਸਾਲੇ ਕੀੜੀ ਤੋਂ ਵੀ ਛਿੱਤਰ ਮਾਰ ਕੇ ਦਾਣਾ ਖੋਹਣ ਤੱਕ ਜਾਂਦੇ ਐ। ਹੁਣ ਵੇਖ ਲਾ ਗਾਹਾਂ ਜਾ ਵੜੇ ਕਨੇਡੇ। ਉੱਥੇ ਤੈਨੂੰ ਪਤਾ ਡਾਲਰ ਇਉਂ ਟਣਕਦੇ ਐ ਜਿਮੇਂ ਚੱਲਦੇ ਹਲਟ ਦੀ ਗਲਾਰੀ ‘ਚ ਕੁੱਤਾ ਜਾ ਟਣਕਦਾ ਹੁੰਦਾ। ਉੱਥੇ ਜਾ ਕੇ ਬਾਹਲੀ ਕੰਜੂਸੀ ਧਾਰ ਗੇ। ਹੁਣ ਤਾਈ ਮਰੀ ਤੋਂ ਖਰਚ ਕਰਨ ਤੋਂ ਨੱਕ ਵੱਟ ਗੇ। ਤਾਈ ਦੀ ਲਾਸ਼ ਪੇਟੀ ’ਚ ਬੰਦ ਕਰਕੇ ਪਿੰਡ ਭੇਜ’ਤੀ ਬਈ ਜੇ ਆਪਾਂ ਜਾਮਾਂਗੇ, ਨਾਲੇ ਤਾਂ ਕੰਮ ਛੱਡਾਂਗੇ, ਨਾਲੇ ਅੱਭਰੀ ਦਾ ਕਰਾਇਆ ਭਾੜਾ ਲੱਗੂ। ਕੁੜੀ ਦੇ ਸਹੁਰਿਆਂ ਨੇ ਖਰਚੇ ਤੋਂ ਡਰਦਿਆਂ ਨੇ ਨਾ ਤਾਂ ਬਚਨੇ ਨੂੰ ਭੇਜਿਆ, ਨਾ ਹੀ ਕੁੜੀ ਨੂੰ, ਆਪ ਤਾਂ ਵੇਖ ਲਾ ਕਾਹਦਾ ਆਉਣਾ ਸੀ। ਵੱਸ! ਤਾਈ ਪ੍ਰਸਿੰਨ ਕੁਰ ਨੂੰ ਕਰ ਕੇ ਪੇਟੀ ‘ਚ ਬੰਦ ਇਉਂ ਪਿੰਡ ਭੇਜ ’ਤਾ ਜਿਮੇਂ ਵਿਆਹ ‘ਚੋਂ ਰੁੱਸ ਕੇ ਭੱਜਦੇ ਫੁੱਫੜ ਦੀ ਜਪਿ ‘ਚ ਲੀੜਿਆਂ ਗੰਢੜੀ ਸਿੱਟ ‘ਤੀ ਹੋਵੇ।’’
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਬਾਬੇ ਪਾਖਰ ਸਿਉਂ ਨੇ ਅਮਲੀ ਨੂੰ ਪੁੱਛਿਆ, ‘‘ਤੇ ਜਿਹੜੀ ਚਿੱਠੀ ਸੀ ਪੇਟੀ ‘ਚ ਆਈ, ਉਹਦਾ ਕੀ ਚੱਕਰ ਸੀ ਜਿਹਨੂੰ ਪੜ੍ਹ ਕੇ ਸਾਰਾ ਟੱਬਰ ਇਉਂ ਚੁੱਪ ਕਰ ਗਿਆ ਸੀ ਜਿਮੇਂ ਗੂੰਜਾਂ ਪਾਉਂਦੀ ਆਟੇ ਆਲੀ ਚੱਕੀ ਪਟਾ ਲਹੇ ਤੋਂ ਚੁੱਪ ਹੋ ਜਾਂਦੀ ਐ।’’
ਅਮਲੀ ਕਹਿੰਦਾ, ‘‘ਉਹ ਚਿੱਠੀ ’ਚ ਈ ਸਾਰਾ ਯੰਤਰ ਮੰਤਰ ਸੀ।’’
ਬਦਨ ਸਿਉਂ ਕਹਿੰਦਾ, ‘‘ਚਿੱਠੀ ਦੀ ਕਹਾਣੀ ਦੱਸ ਅਮਲੀਆ।’’
ਅਮਲੀ ਕਹਿੰਦਾ, ‘‘ਜਿਹੜੀ ਪੇਟੀ ‘ਚ ਤਾਈ ਦੀ ਲਾਸ਼ ਬੰਦ ਕਰਕੇ ਭੇਜੀ ਸੀ, ਇਹ ਚਿੱਠੀ ਉਹਦੇ ‘ਚ ਸੀ। ਤਾਏ ਬਚਨੇ ਦੀ ਕੁੜੀ ਨੇ ਚਿੱਠੀ ਲਿਖ ਕੇ ਪੇਟੀ ’ਚ ਰੱਖ’ਤੀ। ਜਦੋਂ ਸਸਕਾਰ ਕਰਨ ਵਾਸਤੇ ਤਾਈ ਨਫੰ ਨਹਾਉਣ ਲਈ ਪੇਟੀ ਖੋਹਲੀ ਤਾਂ ਚਿੱਠੀ ਉੱਤੇ ਈ ਪਈ ਸੀ। ਪਹਿਲਾਂ ਬਚਨੇ ਦੇ ਮੁੰਡੇ ਪਾਲੇ ਨੇ ਚਿੱਠੀ ਓ ਈ ਪੜ੍ਹੀ। ਚਿੱਠੀ ’ਚ ਕੁੜੀ ਨੇ ਲਿਖਿਐ ਸੀ ‘ਮੈਂ ਤੇ ਬਾਪੂ ਆ ਨ੍ਹੀ ਸਕਦੇ ਕਿਉਂਕਿ ਕੰਮ ਵਾਲੀ ਕੰਪਨੀ ਨੇ ਛੁੱਟੀਆਂ ਨ੍ਹੀਂ ਦਿੱਤੀਆਂ। ਬਾਪੂ ‘ਕੱਲੇ ਤੋਂ ਆਇਆ ਨ੍ਹੀ ਸੀ ਜਾਣਾ ਜਿਸ ਕਰਕੇ ਉਹਨੂੰ ਭੇਜਣਾ ਔਖਾ ਲੱਗਿਆ। ਨਾਲੇ ਮਾਂ ਕਹਿੰਦੀ ਹੁੰਦੀ ਸੀ ਬਈ ਮੇਰੀ ਮਿੱਟੀ ਤਾਂ ਮੇਰੇ ਪਿੰਡ ’ਚ ਰਲਾ ਦਿਉ, ਮੇਰਾ ਫੂਕ ਫਕਈਆ ਕਿਤੇ ਹੋਰ ਥਾਂ ਨਾ ਕਰ ਦਿਉ। ਇਸ ਲਈ ਬੇਬੇ ਦੀ ਲਾਸ਼ ਪਿੰਡ ਭੇਜੀ ਹੈ। ਬਾਕੀ ਜਿਹੜਾ ਸਮਾਨ ਬੇਬੇ ਦੇ ਨਾਲ ਪੇਟੀ ’ਚ ਆਇਆ ਉਹ ਕਿਸੇ ਨੂੰ ਦਖਾਇਓ ਨਾ, ਅੰਦਰ ਲਜਾ ਕੇ ਪੇਟੀ ’ਚੋਂ ਸਾਰਾ ਸਮਾਨ ਕੱਢ ਲਿਉ। ਬੇਬੇ ਦੇ ਸੱਜੇ ਗੁੱਟ ’ਤੇ ਜਿਹੜੀ ਘੜੀ ਬੰਨ੍ਹੀ ਵੀ ਐ ਉਹ ਵੱਡੇ ਵੀਰੇ ਪਾਲੇ ਨੂੰ ਦੇ ਦੇਣੀ। ਜਿਹੜੀ ਘੜੀ ਖੱਬੇ ਗੁੱਟ ’ਤੇ ਬੰਨ੍ਹੀ ਵੀ ਐ, ਉਹ ਵੱਡੇ ਜੀਜਾ ਜੀ ਛਨੱਤਰ ਸਿਉਂ ਨੂੰ ਦੇ ਦੇਣੀ। ਜਿਹੜੇ ਬੂਟ ਬੇਬੇ ਦੇ ਪਾਏ ਵੇ ਐ, ਉਹ ਛੋਟੇ ਵੀਰੇ ਜੱਸੇ ਨੂੰ ਦੇ ਦੇਣੇ। ਬੇਬੇ ਦੇ ਤਿੰਨ ਕੋਟੀਆਂ ਤੇ ਇੱਕ ਜਾਕਟ ਪਾਈ ਵੀ ਐ ਜਿਹੜੀ, ਉਨ੍ਹਾਂ ਚੋਂ ਇੱਕ ਰਾਣੀ ਭੈਣ ਨੂੰ, ਇੱਕ ਵੱਡੀ ਭਾਬੀ ਨੂੰ, ਇੱਕ ਛੋਟੀ ਭਾਬੀ ਮਨਜਿੰਦਰ ਨੂੰ ਦੇ ਦੇਣੀ। ਜਾਕਟ ਮਾਮੇ ਤਾਰੇ ਨੂੰ ਭੇਜ ਦੇਣੀ। ਜਿਹੜੇ ਬੱਚਿਆਂ ਆਲੇ ਲੀੜੇ ਐ, ਉਹ ਸਾਰੇ ਛੋਟੇ ਬੱਚਿਆਂ ਨੂੰ ਮੇਚ ਮਤਾਬਕ ਵੰਡ ਦੇਣੇ। ਬੇਬੇ ਦੇ ਨਾਲ ਦੋ ਪਰਸ ਵੀ ਭੇਜੇ ਐ। ਉਹ ਨਾਨਕਿਆਂ ਆਲੀ ਭਾਬੀ ਸੁਖਦੀਪ ਤੇ ਭੂਆ ਜੀ ਦੀ ਵੱਡੀ ਨੂੰਹ ਰਾਣੋ ਨੂੰ ਦੇ ਦੇਣੇ। ਬੇਬੇ ਦੇ ਪਾਈਆਂ ਵੀਆਂ ਚਾਰ ਸੋਨੇ ਦੀਆਂ ਚੂੜੀਆਂ ਘਰੇ ਦੋਨਾਂ ਭਾਬੀਆਂ ਨੂੰ ਦੇ ਦੇਣੀਆਂ। ਪੇਟੀ ’ਚ ਤਿੰਨ ਚਾਰ ਬਦਾਮਾਂ ਦੇ ਪੈਟਕ ਵੀ ਐ। ਉਹ ਘਰੇ ਰੱਖ ਲੈਣੇ। ਬੇਬੇ ਦੇ ਗਲ ’ਚ ਜਿਹੜੀ ਚੈਨੀ ਪਾਈ ਵੀ ਐ ਉਹ ਭੂਆ ਜੀ ਨੂੰ ਦੇ ਦੇਣੀ। ਪੇਟੀ ’ਚ ਜਿਹੜੇ ਦੋ ਭੁਰੇ ਘੱਲੇ ਐ ਉਹ ਲਾਗੀਆਂ ਨੂੰ ਦੇ ਦੇਣੇ। ਹਾਕਮ ਮਹਿਰੇ ਤੇ ਦਲੀਪ ਕੁਰ ਨੂੰ ਮੇਰੇ ਵੱਲੋਂ ਆਵਦੇ ਕੋਲੋਂ ਸੌ ਸੌ ਰਪੀਆ ਦੇ ਦੇਣਾ’।’’
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਸੀਤੇ ਮਰਾਸੀ ਨੇ ਪੁੱਛਿਆ, ‘‘ਹੋਰ ਕਿਸੇ ਸਕੂਲ ਜਾਂ ਗੁਰਦੁਆਰੇ ਧਰਮਸਾਲਾ ਨੂੰ ਨ੍ਹੀ ਕੁਸ ਘੱਲਿਆ ਅਮਲੀਆ?’’
ਮਰਾਸੀ ਦੀ ਗੱਲ ਸੁਣ ਕੇ ਬਾਬਾ ਪਾਖਰ ਸਿਉਂ ਮਰਾਸੀ ਦੇ ਖੂੰਡੀ ਦੀ ਹੁੱਜ ਮਾਰ ਕੇ ਕਹਿੰਦਾ, ‘‘ਚੁੱਪ ਕਰ ਓਏ ਮੀਰ ਤੂੰ, ਗੱਲ ਗਾਹਾਂ ਹੋਣ ਦੇ।’’
ਮਰਾਸੀ ਨੂੰ ਚੁੱਪ ਕਰਾ ਕੇ ਬਾਬਾ ਪਾਖਰ ਸਿਉਂ ਅਮਲੀ ਨੂੰ ਕਹਿੰਦਾ, ‘‘ਚੱਲ ਹੋਰ ਦੱਸ ਕੀਹਨੂੰ ਕੀ ਘੱਲਿਆ ਤੇ ਹੋਰ ਕੀ ਲਿਖਿਆ ਕੁੜੀ ਨੇ?’’
ਅਮਲੀ ਬਾਬੇ ਨੂੰ ਕਹਿੰਦਾ, ‘‘ਹੋਰ ਕੀ ਘੱਲਣਾ ਸੀ ਕਿਸੇ ਨੂੰ। ਚਿੱਠੀ ’ਚ ਮਗਰ ਜੇ ਜਾ ਕੇ ਸਹੁਰੀ ਕਮਲੀ ਨੇ ਹੋਰ ਈ ਕੱਛ ‘ਚੋਂ ਮੂੰਗਲਾ ਕੱਢ ਮਾਰਿਆ। ਕਹਿੰਦੀ ‘ਜਿਮੇ ਜਿਮੇਂ ਚਿੱਠੀ ’ਚ ਕਿਸੇ ਦਾ ਸਮਾਨ ਲਿਖਿਐ, ਓਮੇ ਓਮੇ ਸਭ ਨੂੰ ਦੇ ਦੇਣਾ। ਜੇ ਕੋਈ ਰਹਿ ਗਿਆ ਹੋਇਆ ਤਾਂ ਚਿੱਠੀ ’ਚ ਲਿਖ ਕੇ ਦੱਸ ਦੇਣਾ ਭੇਜ ਦਿਆਂਗੇ, ਬਾਪੂ ਵੀ ਢਿੱਲਾ ਈ ਐ, ਅਕੇ ਡਾਕਦਾਰ ਕਹਿੰਦੇ ਸੇਵਾ ਈ ਐ ਇਹਦੀ ਤਾਂ ਹੁਣ, ਉਹ ਘਰੇ ਲਜਾ ਕੇ ਕਰ ਲੋ’।’’
ਅਮਲੀ ਤੋਂ ਚਿੱਠੀ ਦੀ ਗੱਲ ਸੁਣ ਕੇ ਬਾਬੇ ਦੇ ਨਾਲ ਬੈਠਾ ਬਦਨ ਸਿਉਂ ਅਮਲੀ ਨੂੰ ਕਹਿੰਦਾ, ‘‘ਵਾਖਰੂ ਵਾਖਰੂ ਕਰੋ ਅਮਲੀਆ।’’
ਸੀਤਾ ਮਰਾਸੀ ਕਹਿੰਦਾ, ‘‘ਜੇ ਕੁੜੀ ਨੇ ਇਹੀ ਗੱਲ ਲਿਖੀ ਐ ਤਾਂ ਬਚਨਾ ਵੀ ਆਇਆ ਈ ਲੈ ਫਿਰ ਪੇਟੀ ‘ਚ ਬੰਦ ਹੋ ਕੇ।’’
ਅਮਲੀ ਕਹਿੰਦਾ, ‘‘ਕੁੜੀ ਨੇ ਵੀ ਬਾਬਾ ਹੱਦ ਈ ਕਰ ‘ਤੀ। ਲੈ, ਅਕੇ ਬਾਪੂ ਵੀ ਢਿੱਲਾ ਈ ਰਹਿੰਦਾ। ਜੇ ਬਾਪੂ ਢਿੱਲੈ ਤਾਂ ਦੁਆਈ ਦੁਆਓ ਓੁਹਨੂੰ।’’
ਸੀਤਾ ਮਰਾਸੀ ਕਹਿੰਦਾ, ‘‘ਜੇ ਤਾਂ ਹੋਰ ਸਮਾਨ ਮਗਾਉਣੈ ਤਾਂ ਕੁੜੀ ਨੂੰ ਕਹਿ ਦਿਓ ਭਾਈ ਵੇਖੀਂ ਕਿਤੇ ਬਾਪੂ ਨੂੰ ਦੁਆਈ ਦੁਆ ਦਿੰਦੀ, ਏਥੇ ਤਾਂ ਅੱਧਾ ਟੱਬਰ ਹਜੇ ਨੰਗਾ ਈ ਫਿਰਦੈ, ਤੂੰ ਬਾਪੂ ਨੂੰ ਦੁਆਈ ਦੁਆਕੇ ਸਾਡੇ ਸਮਾਨ ‘ਚ ‘ੜਿੱਕਾ ਲਾਏਂਗੀ।’’
ਗੱਲਾਂ ਕਰਦਿਆਂ ਕਰਦਿਆਂ ਤੋਂ ਏਨੇ ਚਿਰ ਨੂੰ ਸੱਥ ਕੋਲ ਦੀ ਲੰਘੇ ਜਾਂਦੇ ਸੂਬੇਦਾਰ ਗਮਦੂਰ ਸਿਉਂ ਨੂੰ ਬਾਬੇ ਪਾਖਰ ਸਿਉਂ ਨੇ ਆਵਾਜ਼ ਮਾਰ ਕੇ ਪੁੱਛਿਆ, ‘‘ਗਮਦੂਰ ਸਿਆਂ ਕਿੱਧਰ ਨੂੰ ਤਿਆਰੇ ਕੀਤੇ ਐ?’’
ਸੂਬੇਦਾਰ ਬੋਲਿਆ, ‘‘ਕਹਿੰਦੇ ਭਜਨ ਸਿਉਂ ਕਨੇਡਿਉਂ ਆਇਆ ਰਾਤ, ਉਨ੍ਹਾਂ ਦੇ ਘਰ ਨੂੰ ਚੱਲਿਆਂ।’’
ਸੂਬੇਦਾਰ ਦੀ ਗੱਲ ਸੁਣ ਕੇ ਨਾਥੇ ਅਮਲੀ ਨੇ ਸੂਬੇਦਾਰ ਨੂੰ ਪੁੱਛਿਆ, ‘‘ਪੇਟੀ ’ਚ ਬੰਦ ਹੋ ਕੇ ਆਇਆ ਉਹ ਵੀ ਕੁ ਖੁੱਲ੍ਹਾ ਈ ਆ ਗਿਆ?’’
ਬਾਬੇ ਪਾਖਰ ਸਿਉਂ ਨੇ ਅਮਲੀ ਨੂੰ ਘੂਰਿਆ, ‘‘ਚੁੱਪ ਕਰ ਓਏ ਅਮਲੀਆ, ਐਮੇ ਨਾ ਹਰੇਕ ਈ ਕਨੇਡੇ ਆਲੇ ਨੂੰ ਮਾਰੀ ਜਾ।’’
ਸੂਬੇਦਾਰ ਗਮਦੂਰ ਸਿਉਂ ਬਾਬੇ ਪਾਖਰ ਸਿਉਂ ਨੂੰ ਕਹਿੰਦਾ, ‘‘ਆ ਚੱਲੀਏ ਪਾਖਰ ਸਿਆਂ ਭਜਨ ਸਿਉਂ ਨੂੰ ਮਿਲਿਆਈਏ।’’
ਸੂਬੇਦਾਰ ਦੀ ਗੱਲ ਸੁਣ ਕੇ ਬਾਬਾ ਪਾਖਰ ਸਿਉਂ, ਬੁੜ੍ਹਾ ਬਦਨ ਸਿਉਂ ਤੇ ਮਾਹਲਾ ਨੰਬਰਦਾਰ ਜਿਉਂ ਹੀ ਸੱਥ ’ਚੋਂ ਉੱਠ ਕੇ ਸੂਬੇਦਾਰ ਨਾਲ ਭਜਨ ਸਿਉਂ ਨੂੰ ਮਿਲਣ ਤੁਰ ਪਏ ਤਾਂ ਬਾਕੀ ਦੀ ਸੱਥ ਬਚਨੇ ਰਾਠ ਕੇ ਘਰ ਨੂੰ ਬੁੜ੍ਹੀ ਮਰੀ ਦਾ ਅਫਸੋਸ ਕਰਨ ਨੂੰ ਚੱਲ ਪਏ।

-ਸੁਖਮੰਦਰ ਸਿੰਘ ਬਰਾੜ

Comment here