ਸਾਹਿਤਕ ਸੱਥਗੁਸਤਾਖੀਆਂਚਲੰਤ ਮਾਮਲੇ

ਹਾਸ ਵਿਅੰਗ : ਤਾਇਆ ਬਲਬੀਰ

ਤਾਇਆ ਬਲਬੀਰ, ਪੂਰੀਆਂ ਸਾਢੇ ਪੰਜ ਜਮਾਤਾਂ ਪੜਿ੍ਹਆ, ਪਿੰਡ ਦਾ ਜੁਗਾੜੂ ਡੰਗਰ ਡਾਕਟਰ, ਬੰਦਾ ਇਮਾਨਦਾਰ ਏ, ਘਰੋਂ ਠੀਕ-ਠਾਕ ਹੁੰਦੇ ਵੀ, ਪੱਲਿਓਂ ਪੈਸੇ ਲਾ ਕੇ ਲੋਕਾਂ ਦੀ ਮਦਦ ਵੀ ਕਰਦਾ ਏ ਪਰ ਇਕ ਬੇਹੱਦ ਖਾਸ ਗੁਣ ਏ ਉਸਦਾ, ਗੱਪਾਂ ਮਾਰਦਾ ਪਰਵਾਹ ਨ੍ਹੀਂ ਕਰਦਾ, ਆਤਮਵਿਸ਼ਵਾਸ਼ ’ਮੋਦੀ’ ਤੋਂ ਵੀ ਭੋਰਾ ਵੱਧ ਈ ਏ, ਪੱਕਾ ਤਕੀਆ ਕਲਾਮ ਏ, ਅਖੇ ਮੈਂ ਮੌਕੇ ਤੇ ਸੀ, ਲੋਕਾਂ ਨੂੰ ਪਤਾ ਏ ਪਰ ਹਰੇਕ ਦੀ ਵੰਗਾਰ ਕੱਢਦਾ ਏ ਤਾਂ ਲੋਕ ਗੱਪਾਂ ਸੁਣ ਕੇ ਵੀ ਚੁੱਪ ਕਰ ਜਾਂਦੇ ਨੇ। ਉਸਦੀਆਂ ਇੰਨਾਂ ਗੱਪਾਂ ਨੂੰ ਸੁਣਨ ਵਾਲੇ ਚਾਰ ਕੁ ਖਾਸ ਸਰੋਤੇ ਫੈਨ ਨੇ, ਇੰਨੇ ਸਹਿਣਸ਼ੀਲ ਤੇ ਵਫ਼ਾਦਾਰ ਨੇ ਕਿ ਇੰਨੀਆਂ ਗੱਪਾਂ ਸੁਣ ਕੇ ਵੀ ਭੋਰਾ ਨ੍ਹੀਂ ਹੱਸਦੇ, ਨਾ ਸਵਾਲ ਕਰਦੇ ਨੇ, ਕਿਉਂਕਿ ਸਵਾਲ ਕਰਨ ਤੇ ਅਕਸਰ ਤਾਇਆ ਗਾਲ੍ਹ ਵਰਾਉਂਦਾ ਏ, ਇਸੇ ਲਈ ਇਹ ਸਾਰੇ, ਹਾਂ-ਹਾਂ, ਵਾਹ-ਵਾਹ ਕਰੀ ਜਾਣਗੇ, ਗੱਪਾਂ ਦਾ ਨਮੂਨਾ ਦੇਖੋ,
ਤਾਇਆ ਸੁਣਾਉਂਦਾ ਏ, ‘‘ਆਪਣੇ ਪਿੰਡ ਇਕ ਵਾਰੀ, ਰਾਠੋੜਾਂ ਦੇ ਬੀਰੇ ਨੇ ਖਾਦੀ-ਪੀਤੀ ’ਚ ਘਰੇ ਕਲੇਸ਼ ਤੋਂ ਬਾਅਦ, ਆਪਣੇ ਈ ਢਿੱਡ ’ਚ ਚਾਕੂ ਮਾਰ ਲਿਆ। ਮੈਂ ਰਾਤੀਂ ਰੋਟੀ ਖਾ ਕੇ ਬਾਹਰ ਆ, ਬੀੜੀ ਈ ਲਾਈ ਸੀ, ਉਹਨਾਂ ਘਬਰਾ ਕੇ ਮੈਨੂੰ ਹਾਕ ਮਾਰੀ, ਮੈਂ ਸਬੂਤੀ ਬੀੜੀ ਸੁੱਟਦਿਆਂ ਭੱਜ ਕੇ ਗਿਆ, ਬੀਰੇ ਦੇ, ਫੇਫੜੇ, ਲੀਵਰ, ਹਾਲਟ, ਗੁਰਦੇ, ਅਪੈਂਡਸ, ਕੀ ਦੱਸਾਂ ਸਾਰਾ ਅੜੰਗਾ ਈ ਬਾਹਰ ਆਇਆ ਪਿਆ ਸੀ, ਸਾਰੇ ਘਬਰਾ ਗਏ, ਅਖੇ ਇਹ ਨ੍ਹੀਂ ਬੱਚਦਾ, ਤੁਹਾਨੂੰ ਪਤਾ ਏ ਮੈਂ ਤਾਂ ਡਾਕਟਰ ਆਂ, ਮੈਂ ਥੋੜੀ ਘਬਰਾਉਣਾ ਸੀ। ਮੈਂਨੂੰ ਪਤਾ ਸੀ ਸਾਰਾ ਸਾਮਾਨ ਕਿੱਥੇ-ਕਿੱਥੇ ਹੁੰਦਾ ਏ, ਮੈਂ ਚੜ੍ਹਾਏ ਦਸਤਾਨੇ ਤੇ ਹਿਸਾਬ ਜਿਹੇ ਨਾਲ ਪਹਿਲਾਂ ਹਾਲਟ ਫਿੱਟ ਕੀਤਾ, ਥੋੜਾ-ਥੋੜਾ ਦੇਸੀ ਘਿਓ ਲਾ ਕੇ ਦੋਵੇਂ ਗੁਰਦੇ ਵੀ ਅੜਾ ਦਿੱਤੇ, ਬੀਰੇ ਦੀ ਪੀਤੀ ਹੋਈ, ਨਸ਼ੇ ਆਲੇ ਟੀਕੇ ਦਾ ਈ ਕੰਮ ਕਰ ਰਹੀ ਸੀ, ਲੈ ਭਾਈ, ਅਖੀਰ ਪਾ ਕੇ ਦੋਵੇਂ ਫੇਫੜੇ, ਸਾਰਾ ਸਮਾਨ ਅੰਦਰ ਤੁੰਨਕੇ, ਉੱਪਰ ਸਾਫਾ ਬੰਨ੍ਹਤਾ, ਇੰਨੇ ਨੂੰ ਸਰਪੰਚਾਂ ਆਲੀ ਜੀਪ ਆ ਗਈ, ਉਹ ਹਿਮੰਤ ਕਰਕੇ ਸ਼ਹਿਰ ਡਾਕਟਰ ਗੁਪਤੇ ਦੇ ਲੈ ਗਏ, ਗੁਪਤਾ ਸਿਆਣਾ ਡਾਕਟਰ ਸੀ, ਉਹਨੇ ਸਾਰੀ ਜਾਂਚ ਕਰਕੇ ਪਿੰਡ ਆਲਿਆਂ ਨੂੰ ਪੁੱਛਿਆ, ‘‘ਪਹਿਲਾਂ ਇਹ ਦੱਸੋ ਤੁਹਾਡੇ ਪਿੰਡ ਐਮ ਡੀ ਡੀ ਐਸ, ਡਾਕਟਰੀ ਕਿੰਨੇ ਕੀਤੀ ਏ, ਜਿਸ ਨੇ ਇਸ ਦੀ ਜਾਨ ਬਚਾ ਦਿੱਤੀ ਏ”।
ਸਾਰੇ ਹੈਰਾਨ ਹੋ ਗਏ ਪਰ ਜਦੋਂ ਉਹਨਾਂ ਡਾਕਟਰ ਨੂੰ ਦੱਸਿਆ ਬਈ, ਇਹ ਤਾਂ ਸਾਡੇ ਪਿੰਡ ਦੇ ਤਾਏ ਬਲਬੀਰ ਦਾ ਕੰਮ ਏ ਤਾਂ ਡਾਕਟਰ ਇੰਨਾਂ ਹੈਰਾਨ ਹੋਇਆ ਚੱਕਰ ਖਾ ਗਿਆ, ਬੀਰੇ ਦੇ ਨਾਲ ਆਲੇ ਬੈਡ ਤੇ ਡਾਕਟਰ ਦੇ ਸਾਰੀ ਰਾਤ ਬੋਤਲ ਲੱਗੀ ਰਹੀ। ਬੀਰੇ ਦੀ ਜਾਨ ਬੱਚ ਗਈ, ਉਸ ਤੋਂ ਬਾਅਦ ਮੈਨੂੰ ਡਾਕਟਰ ਗੁਪਤੇ ਨੇ ਕਿੰਨੀ ਵਾਰੀ ਫੋਨ ਕਰਕੇ ਆਪਣੇ ਕੋਲ ਆਪ੍ਰੇਸ਼ਨ ਵਗੈਰਾ ’ਚ ਨਾਲ ਲੱਗਣ ਲਈ ਕਿਹਾ, ਪਰ ਤੁਹਾਨੂੰ ਤਾਂ ਪਤਾ ਈ ਏ, ਆਪਾਂ ਤਾਂ ਪਿੰਡ ’ਚ ਈ ਸੇਵਾ ਕਰਨੀ ਏ”। ਸਾਰੇ ਵਫ਼ਾਦਾਰ ਸਰੋਤੇ ਵਾਹ-ਵਾਹ ਕਰਦੇ, ਰਸਤੇ ’ਚ ਹੱਸਦੇ ਘਰੇ ਅੱਪੜੇ।
ਦੂਜਾ ਕਿੱਸਾ ਸੁਣੋ, ਇੰਦਰਾ ਗਾਂਧੀ ਦਾ ਫੈਨ ਏ, ਕਹਿੰਦਾ ਇਕ ਵਾਰੀ ਗਾਂਧੀ ਪਰਿਵਾਰ ਤੇ ਕਿਸੇ ਨੇ ਗਲਤ ਕੇਸ ਕਰਤਾ, ਬਈ ਇਹ ਪਰਿਵਾਰ ਪੈਸੇ ਖਾ ਗਿਆ ਏ, ਉੱਧਰ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਅਮਰੀਕਾ ਗਿਆ ਹੋਇਆ ਸੀ, ਉਹਨੂੰ ਟੈਲੀਫੋਨ ਗਿਆ, ਬਈ ਆ ਗੱਲ ਹੋ ਗਈ ਏ ’ਤੇ ਅੱਜ ਸਵੇਰੇ 9 ਵਜੇ ਅਦਾਲਤ ਖੁੱਲਦਿਆ ਈਂ, ਇੰਦਰਾ ਗਾਂਧੀ ਸਣੇ ਪੂਰੇ ਪਰਿਵਾਰ ਨੂੰ ਉਮਰਕੈਦ ਹੋ ਜਾਣੀ ਏ। ਉਹਨੇਂ ਭਰਾਵਾ, ਉਸੇ ਸਮੇਂ ਸਾਰੀਆਂ ਮੀਟਿੰਗਾਂ ਉੱਥੇ ਈ ਛੱਡ, ਆਪਣੇ ਸਰਕਾਰੀ ਜਹਾਜ ਆਲੇ ਡਲੈਵਰ ਨੂੰ ਸਵੇਰੇ ਸਾਂਝਰੇ ਈ ਉਠਾ ਕੇ, ਆਡਰ ਕਰਤਾ ਬਈ ਛੰਡਦੇ ਮਿੱਤਰਾ ਦਿੱਲੀ ਨੂੰ। ਲਓ ਬੀ ਜਹਾਜ ਤਾਂ ਬੜਾ ਭਜਾਇਆ ਪਰ ਫੇਰ ਵੀ ਦਿੱਲੀ ਆਉਂਦਿਆ ਨੂੰ ਸਾਢੇ ਨੌਂ ਵੱਜ ਗਏ, ਦੇਸਾਈ ਨੇ ਆਪਣਾ ਜਹਾਜ ਸਿੱਧਾ ਸੁਪਰੀਮ ਕੋਰਟ ਦੇ ਅੱਗੇ ਈ ਜਾ ਲਾਹਿਆ, ਮੋਰਾਰਜੀ ਦੇਸਾਈ ਛਾਲ ਮਾਰ ਕੇ ਉਤਰਿਆ ਤੇ ਜਦੋਂ ਅੰਦਰ ਵੜਿਆ ਤਾਂ ਜੱਜ ਹਥੌੜਾ ਚੁੱਕ ਸਜਾ ਸੁਣਾਉਣ ਈ ਲੱਗਾ ਸੀ, ਦੇਸਾਈ ਅੱਖਾਂ ’ਚ ਪਾਣੀ ਲਿਆਉਂਦਾ ਬੇਹੱਦ ਭਾਵੁਕ ਹੋ ਕੇ ਬੋਲਿਆ, ‘‘ਜੱਜ ਸਾਬ੍ਹ, ਇਸ ਪਰਿਵਾਰ ਦੀ ਜਿੰਮੇਵਾਰੀ ਮੇਰੀ ਏ, ਜੋ ਮਰਜੀ ਹੋਜੇ ਇਹ ਪਰਿਵਾਰ ਪੈਸੇ ਨ੍ਹੀਂ ਖਾ ਸਕਦਾ, ਜੇ ਮੇਰੀ ਗੱਲ ਝੂਠੀ ਨਿਕਲ ਜੇ ਤਾਂ ਮੇਰਾ ਗਾਟਾ ਲਾਹ ਦਿੱਤਾ ਜਾਵੇ, ਮੈਂ ਜਾਮਨ ਆਂ ਇਹਨਾਂ ਦਾ।’’
ਲੈ ਬਈ, ਜੱਜ ਦੀਆਂ ਅੱਖਾਂ ’ਚ ਵੀ ਪਾਣੀ ਆ ਗਿਆ, ਉਹਨੇ ਗਾਂਧੀ ਹੁਰੀਂ ਬਰੀ ਕਰਤੇ, ਜਿੰਦਾਬਾਦ-ਜਿੰਦਾਬਾਦ ਹੋ ਗਈ, ਸਾਰਿਆਂ ਦੀਆਂ ਅੱਖਾਂ ’ਚ ਪਾਣੀ ਆ ਗਿਆ, ਸ਼ਿਕਾਇਤ ਕਰਨ ਆਲਿਆਂ ਨੂੰ ਲੋਕਾਂ ਨੇ ਘੇਰ ਲਿਆ ਤਾਂ ਉਹ ਇੰਦਰਾ ਗਾਂਧੀ ਦੇ ਪੈਰੀਂ ਡਿੱਗ ਪਏ, ਇੰਦਰਾ ਤਾਂ ਇੰਦਰਾ ਈ ਸੀ, ਉਹਨੇ ਮਾਫ ਕਰਤੇ, ਸਾਰੀ ਦੁਨੀਆ ’ਚ ਬੱਲੇ-ਬੱਲੇ ਹੋ ਗਈ, ਬਾਅਦ ’ਚ ਪਤਾ ਲੱਗਿਆ ਸਾਰੀ ਪਾਕਿਸਤਾਨ ਆਲਿਆਂ ਦੀ ਚਾਲ ਸੀ”।
ਉਸ ਮਹਿਫਲ ’ਚ ਅੱਜ ਪਹਿਲੀ ਵਾਰੀ ਆਇਆ, ਭੰਬਲਭੂਸੇ ’ਚ ਪਿਆ ਜਗਦੀਸ਼ ਸਵਾਲ ਕਰ ਬੈਠਾ, ‘‘ਤਾਇਆ, ਜਹਾਜ ਤਾਂ ਹਵਾਈ ਅੱਡੇ ਤੋਂ ਬਿਨਾਂ ਉਤਰ ਈ ਨ੍ਹੀਂ ਸਕਦੇ…ਨਾਲੇ, ਜੱਜ, ਅਦਾਲਤ…’’ ਤਾਇਆ ਮੁਗਲੈਲ ਚੁੱਕ ਗਿਆ, ‘‘ਤੂੰ ਮੂੰਹ ਤੇ ਨਾ ਖਾ ਲਈਂ, ਮੈਨੂੰ ਗੱਲ ’ਚ ਟੋਕਾਟਾਕੀ ਨ੍ਹੀਂ ਪਸੰਦ, ਮੂਰਖ ਬੰਦਿਆਂ। ਪ੍ਰਧਾਨ ਮੰਤਰੀ ਦੇ ਜਹਾਜ ਦੇ ਵਿਚੇ ਆਰਜੀ ਪਲੇਟਫਾਰਮ ਬੰਨਿ੍ਹਆ ਹੁੰਦਾ ਏ, ਤੁਹਾਨੂੰ ਅਨਪੜ੍ਹਾਂ ਨੂੰ ਟੱਟੂ ਦਾ ਪਤਾ ਨ੍ਹੀਂ, ਪੀ ਕੇ ਪਾਈਆ ਮੂਤ ਦਾ ਇੱਥੇ ਆ ਜਾਨੇ ਓ।’’ ਡਾਕਟਰ ਦੇ ਖਾਸਮਖਾਸ ਸਰੋਤਿਆਂ ਨੇ, ਮਸਾਂ ਡਾਕਟਰ ਸ਼ਾਂਤ ਕੀਤਾ ਤੇ ਵਿਚਾਰਾ ਜਗਦੀਸ਼ ਜਿਸਨੇ ਵਾਕਈ ਘੁੱਟ ਲਾਈ ਹੋਈ ਸੀ, ਸਿਰ ਜਾ ਖੁਰਕਦਾ ਘਰ ਨੂੰ ਚੱਲ ਪਿਆ।

-ਅਸ਼ੋਕ ਸੋਨੀ, ਕਾਲਮਨਵੀਸ

Comment here