ਨੈਪੋਲੀਅਨ ਬੋਨਾਪਾਰਟ ਨੂੰ ਆਪਣਾ ਆਦਰਸ਼, ਇਸ਼ਟ, ਗੁਰੂ ਮੰਨਣ ਵਾਲਾ ਨਿਪੋਰੀ ਲਾਲ ਦੋਸਤਾਂ ਦੀ ਜੁੰਡਲੀ ’ਚ ਘਿਰਿਆ ਬੈਠਾ ਮੀਸਣਾ ਹਾਸਾ ਹੱਸਦਿਆਂ ਦਾਅਵਾ ਠੋਕਦਾ ਹੈ, ‘‘ਅੱਜ ਦੇ ਦੌਰ ਦੀ ਸਭ ਤੋਂ ਵੱਡੀ ਹਕੀਕਤ ਯਾਨੀ ਸੱਚਾਈ ਹੈ ਕਿ ਜਿਹੜਾ ਸ਼ਖ਼ਸ ਝੂਠ ਦਾ ਸਹਾਰਾ ਨਹੀਂ ਲੈਂਦਾ, ਉਹ ਮੂਰਖ, ਕੰਗਾਲ, ਬੇਸਹਾਰਾ ਹੀ ਰਹਿ ਜਾਂਦਾ ਹੈ। ਉਹ ਤਰੱਕੀ ਨਹੀਂ ਕਰ ਸਕਦਾ। ਖ਼ੁਸ਼ਹਾਲੀ ਨੂੰ ਛੂਹ ਤੱਕ ਨਹੀਂ ਪਾਉਂਦਾ। ਉਹ …! ਖ਼ੁਦ ਤਾਂ ਭੁੱਖਾ ਮਰਦਾ ਈ ਹੈ, ਨਾਲ ਉਹਦੇ ਟੱਬਰ ਦੇ ਜੀਅ ਵੀ ਫ਼ਾਕਾਕਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ।’’
‘‘ਤਾਂ ਤੇਰਾ ਕਹਿਣਾ ਹੈ ਕਿ ਝੂਠ ਦਾ ਸਹਾਰਾ ਲਏ ਬਿਨਾਂ ਜ਼ਿੰਦਗੀ ਦੀ ਗੱਡੀ ਨਹੀਂ ਦੌੜਾਈ ਜਾ ਸਕਦੀ?’’ ਉਸ ਦਾ ਇੱਕ ਦੋਸਤ ਗੱਲ ਜਿਵੇਂ ਸੁੱਟਦਾ ਹੈ, ਕਰਦਾ ਨਹੀਂ।
ਉਸ ਦੀ ਗੱਲ ਨੂੰ ਬੋਚ ਕੇ ਉਹ ਯਕਦਮ ਕਹਿੰਦਾ ਹੈ, ‘‘ਓ… ਤੂੰ ਗੱਡੀ ਦੌੜਾਉਣ ਦੀ ਗੱਲ ਕਰਦੈਂ! ਝੂਠ ਤੋਂ ਬਿਨਾਂ ਜ਼ਿੰਦਗੀ ਦੀ ਗੱਡੀ ਚਲਾਈ ਹੀ ਨਹੀਂ ਜਾ ਸਕਦੀ। ਬੱਸ, ਧੱਕੇ ਮਾਰ-ਮਾਰ ਕੇ ਰੋੜ੍ਹੀ ਜਾ ਸਕਦੀ ਹੈ… ਕੁਝ ਦੂਰੀ ਤੱਕ। ਸਾਹ ਉੱਖੜ ਜਾਂਦੇ ਹਨ। ਆਦਮੀ ਜਾਨਵਰ ਵਾਂਗ ਜੀਭ ਕੱਢ ਕੇ ਹੌਂਕਣ ਲੱਗਦਾ ਹੈ।’’
‘‘ਮੇਰੇ ਗੂੜ੍ਹੇ ਯਾਰ, ਤੇਰਾ ਗੂੜ੍ਹਾ ਫਲਸਫ਼ਾ ਇਹੀ ਕਹਿੰਦਾ ਹੈ ਕਿ ਜਿਹੜਾ ਇਨਸਾਨ ਸੱਚਾਈ ਦਾ ਸਹਾਰਾ ਲੈਂਦਾ ਹੈ, ਉਹ ਤਰੱਕੀ ਦੀ ਦੌੜ ਵਿੱਚ ਟਿਕ ਨਹੀਂ ਸਕਦਾ! ਉਹ ਮੂਧੇ-ਮੂੰਹ ਡਿੱਗ ਪੈਂਦਾ ਹੈ?’’ ਉਸ ਦਾ ਦੂਸਰਾ ਮਿੱਤਰ ਮਿੱਤਰਾਂ ਦੀ ਮਹਿਫ਼ਿਲ ਵਿੱਚ ਆਪਣੀ ਗੱਲ ਰੇੜ੍ਹਦਾ ਹੈ।
ਉਸ ਦੀ ਗੱਲ ਸੁਣ ਕੇ ਨਿਪੋਰੀ ਲਾਲ ਆਪਣੀ ਜ਼ੁਬਾਨ ਵਿਚੋਂ ਬਚਨ-ਬਿਲਾਸ ਕੱਢਦਾ ਹੈ, ‘‘ਇਹ ਮੇਰਾ ਫਲਸਫ਼ਾ ਨਹੀਂ ਹੈ। ਇਹ ਮੇਰੇ ਆਦਰਸ਼ ਸ਼੍ਰੀਮਾਨ ਨੈਪੋਲੀਅਨ ਬੋਨਾਪਰਟ ਦਾ ਹੈ। ਉਸ ਦਾ ਇਕ ਬੜਾ ਸ਼ਾਨਦਾਰ ਕਥਨ ਹੈ ਕਿ ਇਕ ਝੂਠ ਨੂੰ ਸੌ ਵਾਰ ਵੀ ਬੋਲਣਾ ਪਏ ਤਾਂ ਬੋਲਣਾ ਚਾਹੀਦਾ ਹੈ। ਝਿਜਕਣਾ, ਸੰਗਣਾ ਜਾਂ ਡਰਨਾ ਨਹੀਂ ਚਾਹੀਦਾ। ਇਕ ਝੂਠ ਨੂੰ ਸੌ ਵਾਰ ਬੋਲਣ ਨਾਲ ਉਹ ਸੁਣਨ ਵਾਲਿਆਂ ਨੂੰ ਸੱਚ ਵਾਂਗ ਲੱਗਣ ਲੱਗ ਪੈਂਦਾ ਹੈ। ਲੱਗਣ ਕੀ ਲੱਗ ਪੈਂਦਾ ਹੈ? ਉਹ ਝੂਠ ਲੋਕਾਂ ਨੂੰ ਸੌ ਫ਼ੀਸਦ ਸੱਚ ਹੀ ਲੱਗਦਾ ਹੈ।’’
‘‘ਨੈਪੋਲੀਅਨ ਦੇ ਚੇੇਲੇ, ਐ ਮੇਰੇ ਚਾਲੂ ਮਿੱਤਰ! ਕੀ ਝੂਠ ਸਭ ਜਗ੍ਹਾ ਚੱਲ ਜਾਂਦਾ ਹੈ? ਮੈਂ ਤਾਂ ਸੁਣਿਐ ਕਿ ਝੂਠ ਇਕ ਖੋਟੇ ਸਿੱਕੇ ਜਾਂ ਚੇਪੀ ਲੱਗੇ ਪਾਟੇ ਹੋਏ ਕਰੰਸੀ ਨੋਟ ਵਾਂਗ ਹੁੰਦਾ ਹੈ ਜਿਸ ਨੂੰ ਚਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ।’’ ਨਿਪੋਰੀ ਲਾਲ ਦਾ ਚੌਥਾ ਦੋਸਤ ਸਰਕੂ ਉਸ ਵੱਲ ਇਕ ਟੇਢਾ ਜਿਹਾ ਪ੍ਰਸ਼ਨ ਸਰਕਾਉਂਦਾ ਹੈ।
ਉਹਦਾ ਸੁਆਲ ਸੁਣ ਕੇ ਨਿਪੋਰੀ ਲਾਲ ਹੱਥ ’ਤੇ ਹੱਥ ਮਾਰ ਕੇ ਹੱਸ ਪੈਂਦਾ ਹੈ। ਫਿਰ ਹੱਸਦਿਆਂ-ਹੱਸਦਿਆਂ ਕਹਿੰਦਾ ਹੈ, ‘‘ਤੂੰ ਨਾਂ ਦਾ ਹੀ ਸਰਕੂ ਦੀਨ ਨਹੀਂ। ਮੈਨੂੰ ਤਾਂ ਤੂੰ ਅਕਲ ਵੱਲੋਂ ਵੀ ਦੀਨ-ਮਸਕੀਨ ਲੱਗਦੈਂ। ਮੇਰੇ ਪਿਆਰੇ ਦੋਸਤ, ਚਲਾਉਣ ਵਾਲੇ ਚਾਲੂ ਆਦਮੀ ਤਾਂ ਖੋਟਾ ਸਿੱਕਾ ਵੀ ਅਤੇ ਚੇਪੀ ਵਾਲਾ ਪਾਟਿਆ ਪੁਰਾਣਾ ਕਰੰਸੀ ਨੋਟ ਵੀ ਚਲਾ ਦਿੰਦੇ ਹਨ। ਬੱਸ, ਬੰਦੇ ਵਿੱਚ ਕਲਾ ਹੋਣੀ ਚਾਹੀਦੀ ਹੈ। ਚਲਾਉਣ ਵਾਲੇ ਤਾਂ ਕਈ ਹਜ਼ਾਰ ਦੇ ਨਕਲੀ ਨੋਟ ਮਾਰਕੀਟ ਵਿੱਚ ਚਲਾ ਦਿੰਦੇ ਹਨ। ਓ… ਯਾਰ, ਜਿਵੇਂ ਹੁਣ ਜੁਮਲੇਬਾਜ਼ੀ, ਸ਼ੋਸ਼ੇਬਾਜ਼ੀ, ਲਿਫ਼ਾਫ਼ਾਬਾਜ਼ੀ, ਤਿਕੜਮਬਾਜ਼ੀ ਚੱਲ ਰਹੀ ਹੈ ਤੇ ਆਪਣਾ ਜਲਵਾ ਦਿਖਾ ਰਹੀ ਏ, ਠੀਕ ਇਵੇਂ ਹੀ ਕ੍ਰਿਪਟੋ ਕਰੰਸੀ ਵੀ ਡਿਜੀਟਲੀ ਚੱਲ ਰਹੀ ਹੈ।’’ ਨਿਪੋਰੀ ਲਾਲ ਦੀਆਂ ਅਚਰਜ-ਭਰੀਆਂ ਗੱਲਾਂ ਸੁਣ ਕੇ ਉੱਥੇ ਯਾਰਾਂ ਦੀ ਜੁੰਡਲੀ ’ਚ ਸ਼ਾਮਿਲ ਅਚਰਜੀ ਲਾਲ ਅਤਿ ਅਚਰਜ ਹਾਲਤ ਵਿਚ ਪਹੁੰਚ ਕੇ ਪੁੱਛਦਾ ਹੈ, ‘‘ਤੂੰ ਤਾਂ ਬੜਾ ਚਾਲੂ… ਮਤਲਬ ਬਹੁਤ ਵੱਡਾ ਗਿਆਨੀ ਏਂ। ਐ ਮਹਾਂਗਿਆਨੀ, ਸਾਡੇ ਨਾਲ ਗਿਆਨ ਸਾਂਝਾ ਕਰ ਅਤੇ ਦੱਸ ਕਿ ਝੂਠ ਕਿੱਥੇ-ਕਿੱਥੇ ਚੱਲਦਾ ਹੈ?’’
ਨੈਪੋਲੀਅਨ ਬੋਨਾਪਰਟ ਦਾ ਭਗਤ, ਜਿਹੜਾ ਖ਼ੁਦ ਨੂੰ ਕਿਸੇ ਹੰਢੇ-ਸਿਆਸੀ ਸਲਾਹਕਾਰ ਦੀ ਤਰ੍ਹਾਂ ਸਮਝਦਾ ਹੈ, ਦੁਬਾਰਾ ਹੱਸ ਪੈਂਦਾ ਹੈ ਅਤੇ ਦੁਬਾਰਾ ਹੱਸਦਿਆਂ-ਹੱਸਦਿਆਂ ਇਕ ਪ੍ਰਵਚਨਕਾਰੀ ਮਾਹਿਰ ਵਾਂਗ ਸੰਜੀਦਾ ਅੰਦਾਜ਼ ’ਚ ਬੋਲਦਾ ਹੈ, ‘‘ਮੇਰੇ ਭਰਾਤਾ, ਮੇਰੇ ਸਾਥੀ, ਮੈਨੂੰ ਤੇਰੀ ਮੱਤ ਉੱਤੇ ਬਹੁਤ ਤਰਸ ਆਉਂਦਾ ਹੈ। ਤੈਨੂੰ ਪਤਾ ਹੋਣਾ ਚਾਹੀਦੈ ਕਿ ਚਲਿੱਤਰ, ਕਪਟ, ਬੇਈਮਾਨੀ, ਠੱਗੀ, ਧੋਖਾ-ਫ਼ਰੇਬ, ਗੱਦਾਰੀ, ਮੱਕਾਰੀ ਵਾਂਗ ਹੀ ਝੂਠ ਪਿਆਰ, ਵਪਾਰ, ਕਾਰੋਬਾਰ, ਪਰਿਵਾਰ, ਦਫ਼ਤਰ, ਥਾਣਾ, ਕਚਹਿਰੀ, ਸਾਹਿਤ, ਸਿਆਸਤ ਵਗ਼ੈਰਾ ਸਭ ਜਗ੍ਹਾ ਚੱਲਦਾ ਹੈ। ਸਾਹਿਤ ਵਿੱਚ ਕਲਪਨਾ ਨੂੰ ਜੇਕਰ ਝੂਠ ਅਤੇ ਆਦਰਸ਼-ਯਥਾਰਥ ਵਗ਼ੈਰਾ ਨੂੰ ਕੋਰੀ ਹਕੀਕਤ ਮੰਨ ਲਿਆ ਜਾਵੇ ਤਾਂ ਇਸ ’ਚ ਕੋਈ ਅਤਿਕਥਨੀ, ਵਾਧੂਵਚਨੀ ਨਹੀਂ ਹੈ।’’ ਕੁਝ ਪਲ ਸਾਹ (ਦਮ) ਲੈਣ ਤੋਂ ਬਾਅਦ ਨਿਪੋਰੀ ਲਾਲ ਵਾਛਾਂ ਖਿੜਾ ਕੇ ਉੱਥੇ ਗਿਆਨ ਦੀ ਨਦੀ ਵਹਾ ਦਿੰਦਾ ਹੈ, ‘‘ਬਿਨਾਂ ਝੂਠ ਬੋਲੇ ਇਕ ਮਰਦ ਨੂੰ ਨਾ ਘਰਵਾਲੀ ਦਾ ਤੇ ਨਾ ਬਾਹਰਵਾਲੀ ਦਾ ਪਿਆਰ ਮਿਲਦਾ ਹੈ। ਆਹ ਸਾਹਿਤ ਅਤੇ ਸਿਆਸਤ ਤੋਂ ਇਲਾਵਾ ਸਭ ਤੋਂ ਜ਼ਿਆਦਾ ਝੂਠ ਪਿਆਰ, ਵਿਆਹ-ਸ਼ਾਦੀ ਦੇ ਮਾਮਲੇ ਵਿੱਚ ਬੋਲਿਆ ਜਾਂਦਾ ਹੈ। ਸਿਆਸਤ ਤਾਂ ਜ਼ਿਆਦਾਤਰ ਝੂਠ ਦੇ ਦਮ ’ਤੇ ਹੀ ਅਮਰਵੇਲ ਵਾਂਗ ਪਲਦੀ, ਵਧਦੀ ਅਤੇ ਫੈਲਦੀ ਹੈ। ਸਬਜ਼ਬਾਗ਼ ਦਿਖਾਏ ਬਿਨਾਂ, ਝੂਠੇ ਵਾਅਦੇ-ਦਾਅਵੇ ਕੀਤੇ ਬਿਨਾਂ, ਵੋਟਰਾਂ ਨੂੰ ਝੂਠੇ ਭਰੋਸੇ ਦਿੱਤੇ ਬਿਨਾਂ ਕੋਈ ਵੀ ਸਿਆਸੀ ਆਗੂ ਚੋਣ ਜਿੱਤ ਨਹੀਂ ਸਕਦਾ ਅਤੇ ਗੱਦੀ ਉੱਤੇ ਆਪਣਾ ਭਾਰ ਪਾਉਣ ਤੋਂ ਬਾਅਦ ਜੇ ਉਹ ਝੂਠੇ ਅੰਕੜਿਆਂ, ਗੱਪਾਂ, ਜੁਮਲਿਆਂ ਦਾ ਸਹਾਰਾ ਨਹੀਂ ਲੈਂਦਾ ਤਾਂ ਉਹ ਹਰਗਿਜ਼ ਗੱਦੀ ਤੇ ਸਰਕਾਰੀ ਖ਼ਜ਼ਾਨੇ ਉੱਤੇ ਭਾਰ ਪਾਈ ਬੈਠਾ ਨਹੀਂ ਰਹਿ ਸਕਦਾ। ਖ਼ਲਕਤ ਦੇ ਸਿਰ ’ਤੇ ਚੜਿ੍ਹਆ ਬੈਠਾ ਨਹੀਂ ਰਹਿ ਸਕਦਾ। ਲੋਕਾਂ ਦਾ ਨੱਕ ’ਚ ਦਮ ਨਹੀਂ ਕਰ ਸਕਦਾ। ਜਿੰਨਾ ਵੱਡਾ ਕੋਈ ਝੂਠਾ, ਮੱਕਾਰ, ਚਲਾਕ ਵਿਅਕਤੀ ਹੋਵੇਗਾ, ਉਹ ਓਨਾ ਹੀ ਵੱਡਾ ਆਸ਼ਿਕ, ਪਤੀ, ਕਾਮਯਾਬ ਕਾਰੋਬਾਰੀ, ਵਪਾਰੀ, ਦਲਾਲ, ਸਿਆਸੀ ਆਗੂ, ਮੰਤਰੀ, ਪਤਵੰਤਾ ਸੱਜਣ, ਹਰਮਨ ਪਿਆਰਾ ਹੋਵੇਗਾ। ਮੇਰੇ ਪਰਮ ਪਿਆਰੇ ਮਿੱਤਰੋ! ਝੂਠ ਬੋਲਣ, ਦਗ਼ਾ-ਫ਼ਰੇਬ ਕਮਾਉਣ ਦੇ ਫ਼ਨ ’ਚ ਮਾਹਿਰ ਹੋਏ ਬਿਨਾਂ ਬੰਦਾ ਅਖੌਤੀ ਮਹਾਨ, ਉੱਚੀ ਸ਼ਾਨ ਵਾਲਾ ਨਹੀਂ ਹੋ ਸਕਦਾ। ਚਾਰਲਸ ਸ਼ੋਭਰਾਜ, ਨਟਵਰ ਲਾਲ ਜਾਂ ਫਿਰ ਬਨਾਰਸੀ ਠੱਗ ਨਹੀਂ ਬਣ ਸਕਦਾ।’’
ਨਿਪੋਰੀ ਲਾਲ ਵੱਲੋਂ ਵਹਾਈ ਗਈ ਗਿਆਨ ਦੀ ਨਦੀ ਵਿਚ ਚੁੱਭੀਆਂ ਲਾਉਂਦੇ ਹੋਏ ਉਹਦੇ ਸਾਰੇ ਮਿੱਤਰ ਰਿਣੀ-ਭਾਵ ਨਾਲ ਬੋਲ ਪਏ, ‘‘ਵਾਹ, ਨਿਪੋਰੀ ਲਾਲ, ਵਾਹ! ਤੇਰਾ ਜਵਾਬ ਨਹੀਂ। ਆਖ਼ਰ ਤੂੰ ਨੈਪੋਲੀਅਨ ਬੋਨਾਪਰਟ ਦੀ ਵਿਚਾਰਧਾਰਾ ਅਪਣਾਉਣ ਵਾਲਾ, ਉਸ ’ਤੇ ਡਟਿਆ ਰਹਿਣ ਵਾਲਾ ਚਾਲੂ ਆਦਮੀ ਏਂ।’’
ਅਚਾਨਕ ਨਿਪੋਰੀ ਲਾਲ ਦੇ ਚਿਹਰੇ ਦੇ ਹਾਵ-ਭਾਵ ਅਤੇ ਆਵਾਜ਼ ਦਾ ਲਹਿਜਾ ਗੰਭੀਰ ਹੋ ਗਿਆ। ਉਹ ਹਉਕਾ ਅਤੇ ਅੱਖਾਂ ਵਿੱਚ ਹੰਝੂ ਭਰ ਕੇ ਬੋਲਿਆ, ‘‘ਬੇਲੀਓ, ਅਸੀਂ ਸਾਰੇ ਰਾਜਾ ਹਰੀਸ਼ ਚੰਦਰ ਤੇ ਰਾਜਾ ਵਿਕਰਮਾਦਿੱਤ ਦੇ ਨਕਸ਼ੇ-ਕਦਮਾਂ ’ਤੇ ਕਿਉਂ ਨਹੀਂ ਚੱਲਦੇ? ਅਸੀਂ ਉਨ੍ਹਾਂ ਨੂੰ ਕਿਉਂ ਭੁੱਲ ਗਏ ਹਾਂ?’’
-ਨੂਰ ਸੰਤੋਖਪੁਰੀ
Comment here