ਸਾਹਿਤਕ ਸੱਥਗੁਸਤਾਖੀਆਂਚਲੰਤ ਮਾਮਲੇ

ਹਾਸ ਵਿਅੰਗ : ਗਫੂਰ ਤਾਂਗੇ ਵਾਲਾ

ਗਫੂਰ ਦਾ ਤਾਂਗਾ ਨੇਤਾ ਅਤੇ ਉਸ ਦਾ ਸਾਮਾਨ ਲੱਦੀ ਜਾ ਰਿਹਾ ਸੀ। ਪਿੰਡ ਦਾ ਵਿੰਗਾ ਟੇਢਾ ਅਤੇ ਲੰਬਾ ਰਾਹ ਸੀ। ਤਾਂਗਾ ਸਟੇਸ਼ਨ ਤੋਂ ਚੱਲਿਆ ਸੀ। ਚੁੱਪ ਤੋੜਦਿਆਂ ਗਫੂਰ ਨੇ ਗੱਲ ਤੋਰੀ, ‘‘ਬਾਊ ਜੀ, ਲੱਗਦਾ ਇਸ ਵਾਰ ਸਾਮਾਨ ਕੁਝ ਜ਼ਿਆਦਾ ਹੀ ਲਿਆਏ ਹੋ।”
“ਤੂੰ ਥੋੜ੍ਹਾ ਤੇਜ਼ ਚੱਲ।” ਨੇਤਾ ਨੇ ਕਿਹਾ।
“ਇਸ ਵਿੱਚ ਨਾ ਮੇਰੇ ਘੋੜੇ ਦਾ ਕਸੂਰ ਹੈ ਨਾ ਇਹਦੇ ਵਰਗੇ ਹੋਰ ਘੋੜਿਆਂ ਦਾ।” ਗਫੂਰ ਬੋਲਿਆ। “ਤੂੰ ਅਰਥ ਪੁੱਛੇਂਗਾ ਇਸ ਦਾ, ਮੈਂ ਜਾਣਦਾ ਹਾਂ ਇਹ ਉਨ੍ਹਾਂ ਘੋੜਿਆਂ ਦਾ ਕਸੂਰ ਹੈ ਜਿਹੜੇ ਚਾਲੀ ਸਾਲਾਂ ਤੋਂ ਇੱਥੇ ਸੜਕ ਪੁੱਟ ਸੁੱਟਣ ਦੀਆਂ ਗੱਲਾਂ ਕਰਦੇ ਆ ਰਹੇ ਨੇ।” ਗਫੂਰ ਅੱਗੇ ਬੋਲਿਆ।
“ਗਫੂਰ, ਤੇਰੀ ਘਰ ਵਾਲੀ ਦਾ ਕੀ ਹਾਲ ਹੈ?”
“ਓਹੀ ਜੋ ਬਿਨਾਂ ਦਵਾਈ, ਤੇਰੀਆਂ ਵੋਟਾਂ ਤੋਂ ਪਹਿਲਾਂ ਸੀ।”
“ਪਿੰਡ ਦਾ ਕੀ ਹਾਲ ਹੈ?”
“ਪਾਣੀ ਤੋਂ ਬਿਨਾਂ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਹਾਂ! ਤੇਰੇ ਖੂਹ ਦੁਆਲੇ ਉੱਚੀ ਅਤੇ ਮਜ਼ਬੂਤ ਚਾਰਦੀਵਾਰੀ ਹੋ ਗਈ ਹੈ। ਬਾਊ ਜੀ ਤੁਸੀਂ ਲੋਕਾਂ ਖ਼ਾਤਰ ਨਵੇਂ ਖੂਹ ਲਗਾਉਣ ਦਾ ਵਾਅਦਾ ਵੀ ਕੀਤਾ ਸੀ। ਆਪਣੇ ਸਾਮਾਨ ਵਿੱਚ ਤੁਸੀਂ ਨਵੇਂ ਖੂਹ ਨਹੀਂ ਤਾਂ ਖੂਹਾਂ ਦਾ ਨਕਸ਼ਾ ਜ਼ਰੂਰ ਲੈ ਕੇ ਆਏ ਹੋਵੋਗੇ।”
“ਜੇ ਆਪਾਂ ਥੋੜ੍ਹੀ ਦੇਰ ਚੁੱਪ ਹੀ ਰਹੀਏ ਤਾਂ ਚੰਗਾ।”
“ਤਾਂਗਾ ਉਲਾਰ ਹੋ ਰਿਹਾ ਹੈ। ਸਵਾਰੀਆਂ ਲੈ ਕੇ ਜਾਨਾਂ ਤਾਂ ਐਦਾਂ ਨਹੀਂ ਹੁੰਦਾ। ਤੇਰੀ ਵਾਰੀ ਹੀ ਇੰਝ ਹੁੰਦਾ ਹੈ। ਤੇਰਾ ਸਾਮਾਨ ਵੀ ਤਾਂ ਵਾਹਵਾ ਹੀ ਹੁੰਦਾ ਹੈ ਨਾਂ।” ਨੇਤਾ ਬੋਲਿਆ ਹੀ ਨਹੀਂ।
“ਇਹ ਘੋੜਾ ਵੀ ਸਾਮਾਨ ਖਿੱਚਦਾ ਖਿੱਚਦਾ ਹਫ਼ ਜਾਂਦਾ ਹੈ।” ਗਫੂਰ ਫਿਰ ਬੋਲਿਆ। “ਕਹਿੰਦਾ ਮੈਨੂੰ ਭਰ ਪੇਟ ਘਾਹ ਦੇ, ਤਾਂ ਹੀ ਖਿੱਚੂੰ ਐਨਾ ਭਾਰ। ਪਰ ਮੈਂ ਕਿੱਥੋਂ ਲਿਆਵਾਂ ਭਰ ਪੇਟ ਘਾਹ ਅਤੇ ਛੋਲੇ ਇਹਦੇ ਲਈ?” ਨੇਤਾ ਤਾਂ ਜਿਵੇਂ ਮੌਨ ਹੀ ਧਾਰ ਗਿਆ ਸੀ।
“ਬਾਊ ਜੀ! ਤੁਸੀਂ ਲੋਕਾਂ ਨੂੰ ਰੋਟੀ ਦੇਣ ਦੀ ਗੱਲ ਵੀ ਆਖੀ ਸੀ। ਆਪਣੇ ਸਾਮਾਨ ਵਿੱਚ ਤੁਸੀਂ ਲੋਕਾਂ ਲਈ ਰੋਟੀਆਂ ਵੀ ਜ਼ਰੂਰ ਲੈ ਕੇ ਆਏ ਹੋਵੋਗੇ।”
ਨੇਤਾ ਫਿਰ ਵੀ ਕੁਝ ਨਾ ਬੋਲਿਆ ਸਗੋਂ ਉਸ ਨੂੰ ਆਪਣੇ ਸਾਮਾਨ ਵਿਚਲੇ ਬ੍ਰੈਂਡਿਡ ਕੱਪੜਿਆਂ, ਸਾੜ੍ਹੀਆਂ, ਬੱਚਿਆਂ ਦੇ ਖਿਡੌਣਿਆਂ, ਸ਼ੈਂਪੂਆਂ, ਚਾਕਲੇਟਾਂ, ਪ੍ਰਫਿਊਮਾਂ ਦੀ ਯਾਦ ਆਈ। “ਤੁਸੀਂ ਸੁਣਿਆਂ ਹੋਣੈ।” ਗਫੂਰ ਦਾ ਗਲ਼ਾ ਭਰ ਆਇਆ। ਕੁਝ ਦੇਰ ਚੁੱਪ ਰਹਿਣ ਪਿੱਛੋਂ ਗਫੂਰ ਬੋਲਿਆ, “ਬੱਚਿਆਂ ਦੇ ਸਕੂਲ ਦੀ ਛੱਤ ਡਿੱਗ ਪਈ ਸੀ।” ਨੇਤਾ ਚੁੱਪ ਹੀ ਰਿਹਾ। ਉਸ ਨੂੰ ਚੇਤਾ ਨਹੀਂ ਆਇਆ ਕਿ ਸਕੂਲ ਦੀ ਛੱਤ ਬਦਲਾਉਣ ਦਾ ਤਾਂ ਉਸ ਨੇ ਪਿੰਡ ਵਾਲਿਆਂ ਨਾਲ ਵਾਅਦਾ ਵੀ ਕੀਤਾ ਸੀ। ਇਸ ਦੇ ਉਲਟ ਉਸ ਨੂੰ ਚੇਤੇ ਆਇਆ ਕਿ ਉਸ ਦੇ ਪੋਤੇ ਤਾਂ ਸ਼ਹਿਰ ਦੇ ਬੋਰਡਿੰਗ ਸਕੂਲ ਵਿੱਚ ਪੜ੍ਹਦੇ ਸਨ। “ਬਾਊ ਜੀ ਸੌਂ ਗਏ ਸੀ?” ਗਫੂਰ ਨੇ ਅੱਗੇ ਗੱਲ ਤੋਰੀ। “ਹਾਂ ਸੌਂ ਹੀ ਗਿਆ ਸਾਂ। ਤਾਂ ਹੀ ਤਾਂ ਸਕੂਲ ਦੀ ਛੱਤ ਡਿੱਗ ਪਈ। ਗਫੂਰ ਥੋੜ੍ਹਾ ਤੇਜ਼ ਚਲਾ।” ਨੇਤਾ ਬੋਲਿਆ। “ਮੈਥੋ ਤਾਂ ਘੋੜੇ ਦੇ ਛਾਂਟਾ ਵੀ ਨਹੀਂ ਵੱਜਦਾ। ਆ ਜਾ ਤੂੰ ਬੈਠ ਜਾ ਮੇਰੀ ਥਾਂ ’ਤੇ। ਤੂੰ ਮਾਰ ਸਕਦਾਂ ਛਾਂਟੇ, ਖਿੱਚਣ ਵਾਲਿਆਂ ਨੂੰ ਭੁੱਖੇ ਰੱਖ ਕੇ।”
ਨੇਤਾ ਚੁੱਪ ਹੀ ਰਿਹਾ।
“ਤੈਨੂੰ ਆਉਂਦੀ ਹੈ ਛਾਂਟੇ ਮਾਰ ਕੇ ਸਪੀਡ ਵਧਾਉਣੀ। ਤੁਹਾਡਾ ਘੋੜਾ ਭੁੱਖਣ ਭਾਣਾ ਦੇਸ਼ ਨੂੰ ਖਿੱਚੀ ਜਾਂਦਾ। ਨਾ ਕੋਈ ਉਸ ਨੂੰ ਘਾਹ ਪਾਉਂਦਾ। ਨਾ ਖਾਣ ਨੂੰ ਛੋਲੇ ਦਿੰਦਾ।”
ਗਫੂਰ ਨੇ ਪਹਿਲਾਂ ਤਾਂਗਾ ਹੌਲੀ ਕੀਤਾ ਫਿਰ ਰੋਕ ਲਿਆ। “ਤੂੰ ਤਾਂਗਾ ਰੋਕ ਕਿਉਂ ਲਿਆ?” ਨੇਤਾ ਨੇ ਪੁੱਛਿਆ। “ਘੋੜਾ ਆਰਾਮ ਚਾਹੁੰਦਾ ਏ।”
“ਦੇਖ ਗਫੂਰ ਮੈਂ ਜਲਦੀ ਪਹੁੰਚਣਾ ਹੈ।”
ਗਫੂਰ ਨੇ ਘੋੜਾ ਜੰਗਲ ਵਿੱਚ ਚਰਨ ਲਈ ਖੁੱਲ੍ਹਾ ਛੱਡ ਦਿੱਤਾ। ਮਜਬੂਰ ਹੋ ਕੇ ਨੇਤਾ ਨੂੰ ਵੀ ਤਾਂਗੇ ਤੋਂ ਥੱਲੇ ਉਤਰਨਾ ਪਿਆ। “ਤੈਨੂੰ ਪਤਾ ਕਿ ਪਿਛਲੇ ਮਹੀਨੇ ਇਕ ਆਦਮੀ ਦਾ ਖ਼ੂਨ ਹੋ ਗਿਆ ਸੀ। ਮੋਟਰ ਸਾਈਕਲ ’ਤੇ ਸੀ ਉਹ। ਅਚਾਨਕ ਲੋਕ ਜੰਗਲ ਵਿਚਦੀ ਆਏ ਅਤੇ ਉਸ ਨੂੰ ਘੇਰ ਲਿਆ। ਉਸ ਆਦਮੀ ਦੀ ਆਤਮਾ ਕਹਿੰਦੇ ਨੇ ਉਸ ਰੁੱਖ ਵਿੱਚ ਹੈ।” ਇਕ ਰੁੱਖ ਵੱਲ ਇਸ਼ਾਰਾ ਕਰਦਿਆਂ ਗਫੂਰ ਬੋਲਿਆ, ‘‘ਇਹ ਵੀ ਸੁਣਿਆ ਹੈ ਕਿ ਜੇ ਕੋਈ ਇਸ ਰੁੱਖ ਦੁਆਲੇ ਸੱਤ ਗੇੜੇ ਲਗਾਵੇ ਤਾਂ ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਤੇਰੀ ਕੋਈ ਮਨੋ ਇੱਛਾ ਹੈ ਤਾਂ ਤੂੰ ਵੀ ਲਗਾ ਲੈ ਸੱਤ ਗੇੜੇ।”
“ਤੂੰ ਕਿੰਨਾ ਚੰਗਾ ਏਂ ਗਫੂਰ?” ਨੇਤਾ ਬੋਲਿਆ।
ਨੇਤਾ ਵੀ ਰੁੱਖ ਦੁਆਲੇ ਸੱਤ ਗੇੜੇ ਕੱਢ ਆਇਆ। ਜਦ ਤਾਂਗਾ ਉੱਥੋਂ ਚੱਲਿਆ ਤਾਂ ਗਫੂਰ ਨੇ ਨੇਤਾ ਨੂੰ ਪੁੱਛਿਆ, ‘‘ਤੂੰ ਕਿਹੜੀ ਮਨੋਕਾਮਨਾ ਲਈ ਸੱਤ ਗੇੜੇ ਲਗਾਏ? ਸੱਚੋ ਸੱਚ ਦੱਸੀਂ। ਝੂਠ ਬੋਲੇਂਗਾ ਤਾਂ ਨੁਕਸਾਨ ਹੋਜੂ।”
ਤਾਂਗਾ ਆਪਣੀ ਤੋਰ ਤੁਰ ਪਿਆ। ਨੇਤਾ ਨੇ ਗੱਲ ਬਦਲਦਿਆਂ ਕਿਹਾ, ‘‘ਹੁਣ ਘੋੜੇ ਨੂੰ ਜ਼ਰਾ ਤੇਜ ਭਜਾਈਂ।”
“ਤੂੰ ਐਨਾ ਸਾਮਾਨ ਕੇਵਲ ਆਪਣੇ ਲਈ ਹੀ ਲਿਆਇਆ ਏਂ? ਜਾਂ ਪਿੰਡ ਵਾਲਿਆਂ ਲਈ ਵੀ ਕੁਝ ਲੈ ਕੇ ਆਇਆਂ?”
“ਪਿੰਡ ਵਾਲਿਆਂ ਲਈ ਵੀ ਲੈ ਕੇ ਆਇਆ ਹਾਂ।” ਨੇਤਾ ਬੋਲਿਆ।
“ਬੜੀ ਵਧੀਆ ਗੱਲ ਹੈ। ਲੋਕ ਬੜੇ ਖ਼ੁਸ਼ ਹੋਣਗੇ, ਪਰ ਪਤਾ ਤਾਂ ਲੱਗੇ ਕਿ ਤੂੰ ਲੈ ਕੇ ਕੀ ਆਇਐਂ ਲੋਕਾਂ ਲਈ?”
“ਧਰਮ ਨਿਰਪੱਖਤਾ…” ਨੇਤਾ ਨੇ ਕਿਹਾ।
“ਹੈਂ ਇਹ ਕੀ ਚੀਜ਼ ਹੁੰਦੀ ਏ?”
“ਹਿੰਦੂ ਮੁਸਲਮਾਨਾਂ ਨੂੰ ਲੜਨ ਤੋਂ ਰੋਕਦੀ ਹੈ।”
“ਹਿੰਦੂ ਮੁਸਲਮਾਨ ਤਾਂ ਆਪਸ ਵਿੱਚ ਲੜਦੇ ਹੀ ਨਹੀਂ। ਇਹ ਕਿਹੜੀ ਬੇਕਾਰ ਚੀਜ਼ ਚੁੱਕ ਲਿਆਇਆ ਤੂੰ?”
“ਮੈਂ ਤਾਂ ਇਸ ਨਾਲੋਂ ਵੀ ਵੱਡੀ ਚੀਜ਼ ਲਿਆਇਆਂ ਪਿੰਡ ਵਾਲਿਆਂ ਲਈ।”
“ਉਹ ਕਿਹੜੀ ਚੀਜ਼ ਹੈ?”
“ਮੇਰਾ ਦੇਸ਼ ਮਹਾਨ ਦਾ ਨਾਅਰਾ।”
“ਇਹ ਲੋਕਾਂ ਦੇ ਕਿਸ ਕੰਮ ਆਊ?”
“ਆਪਣੇ ਦੇਸ਼ ਨੂੰ ਮਹਾਨ ਬਣਾਉਣ ਦਾ ਸੁਨੇਹਾ ਦੇਵੇਗਾ ਇਹ।”
“ਜਿਹੜੇ ਭੁੱਖੇ ਮਰ ਰਹੇ ਹਨ, ਨਕਾਰੇ ਹਨ, ਕੀ ਉਨ੍ਹਾਂ ਨੂੰ ਵੀ ਕੁਝ ਦੇਵੇਗਾ ਇਹ ਨਾਅਰਾ?’’ ਗਫੂਰ ਨੇ ਇਹ ਸਵਾਲ ਕੀਤਾ ਅਤੇ ਤਾਂਗਾ ਰੋਕ ਲਿਆ। ਉਸ ਦਾ ਜੁਆਬ ਉਡੀਕੇ ਬਗੈਰ ਗਫੂਰ ਫਿਰ ਬੋਲਿਆ, ‘‘ਸਕੂਲ ਦੀ ਜਿਹੜੀ ਛੱਤ ਡਿੱਗੀ ਸੀ, ਉਸ ਦੇ ਮਲਬੇ ਦੇ ਥੱਲੇ ਆ ਕੇ ਇਕ ਮੁਸਲਮਾਨ ਬੱਚੇ ਦੀ ਮੌਤ ਹੋ ਗਈ ਸੀ। ਉਸ ਨੂੰ ਇਸ ਥਾਂ ਦਫ਼ਨ ਕੀਤਾ ਗਿਆ ਸੀ। ਉਸ ਬੱਚੇ ਦੀ ਕਬਰ ਛੂਹ ਕੇ ਆਉਂਨਾ ਮੈਂ ਹੁਣੇ ਹੀ।”
ਜਦ ਗਫੂਰ ਕਬਰ ਛੂਹ ਕੇ ਵਾਪਸ ਮੁੜਿਆ ਤਾਂ ਨੇਤਾ ਨੇ ਪੁੱਛਿਆ, ‘‘ਕੀਹਦਾ ਬੱਚਾ ਸੀ ਇਹ?”
“ਕਿਸੇ ਹੋਰ ਦਾ ਨਹੀਂ, ਇਹ ਮੇਰਾ ਬੱਚਾ ਸੀ।” ਗਫੂਰ ਨੇ ਭਰੇ ਮਨ ਨਾਲ ਕਿਹਾ। “ਚੰਗਾ ਹੋਇਆ ਬਾਊ ਜੀ ਉਹ ਮਰ ਗਿਆ। ਵੱਡਾ ਹੋ ਕੇ ਬੇਰੁਜ਼ਗਾਰਾਂ ਦੀ ਗਿਣਤੀ ਹੀ ਵਧਾਉਣੀ ਸੀ ਉਸ ਨੇ।”
ਨੇਤਾ ਤਾਂ ਕੁਝ ਨਹੀਂ ਬੋਲਿਆ। ਪਰ ਗਫੂਰ ਉਸ ਨੂੰ ਸੁਣਾ ਕੇ ਬੋਲਦਾ ਰਿਹਾ, ‘‘ਮੇਰੇ ਤਾਂਗੇ ਦੀ ਹਾਲਤ ਤਾਂ ਤੂੰ ਦੇਖਦਾ ਹੀ ਏਂ। ਆਟੋ ਰਿਕਸ਼ੇ ਹੜੱਪਦੇ ਜਾ ਰਹੇ ਨੇ ਤਾਂਗਿਆਂ ਨੂੰ।” ਏਨਾ ਕਹਿ ਕੇ ਗਫੂਰ ਨੇ ਘੋੜੇ ਦੀ ਪਿੱਠ ’ਤੇ ਪਿਆਰ ਨਾਲ ਹੱਥ ਫੇਰਿਆ ਤੇ ਬੋਲਿਆ, ‘‘ਚੱਲ ਪੁੱਤ, ਦੇਸ਼ ਨੂੰ ਅੱਗੇ ਲੈ ਕੇ ਚੱਲ।” ਤੇ ਤਾਂਗਾ ਆਪਣੀ ਤੋਰੇ ਤੁਰ ਪਿਆ।
ਸ਼ੰਕਰ ਪੁਣਤਾਬੇਕਰ

Comment here