ਸਾਹਿਤਕ ਸੱਥਗੁਸਤਾਖੀਆਂਚਲੰਤ ਮਾਮਲੇ

ਹਾਸ ਵਿਅੰਗ : ਇੱਕ ਖਰੀਦੋ, ਦੋ ਮੁਫ਼ਤ ਲਓ

ਇੱਕ ਕਿਸ਼ਤ ਅਦਾ ਕਰਦਾ ਹਾਂ, ਦੋ ਹੋਰ ਆ ਜਾਂਦੀਆਂ ਹਨ। ਇਹ ਬਿਲ ਅਤੇ ਉਨ੍ਹਾਂ ਦੀਆਂ ਸੁਵਿਧਾਜਨਕ ਕਿਸ਼ਤਾਂ ਕਿੱਥੋਂ ਆਉਂਦੀਆਂ ਹਨ- ਸੱਚ ਕਹਾਂ, ਮੈਂ ਵੀ ਨਹੀਂ ਜਾਣਦਾ। ਖਰਚ ਰੁਪਏ ਵਿੱਚ ਕਰਦਾ ਹਾਂ, ਤਾਂ ਵੀ ਬਿਲ ਡਾਲਰ ਵਿੱਚ ਆਉਂਦਾ ਹੈ। ਖਰਚ ਅੱਜ ਕਰਦਾ ਹਾਂ ਤਾਂ ਬਿਲ ਦੇ ਨਾਲ ਕਿਸ਼ਤਨਾਮਾ ਹੌਲੀ-ਹੌਲੀ ਵੀਹ-ਤੀਹ ਦਿਨਾਂ ਪਿੱਛੋਂ ਆਉਂਦਾ ਹੈ। ਕਿਤੇ ਕ੍ਰੈਡਿਟ ਕਾਰਡ ਦੀ ਮਾਇਆ ਹੈ ਤੇ ਕਿਤੇ ਉਧਾਰ ਦੀ। ਰੋਜ਼ ਫ਼ੈਸਲਾ ਕਰਦਾ ਹਾਂ ਕਿ ਪੋਸਟਮੈਨ ਦੇ ਆਉਣ ਤੋਂ ਪਹਿਲਾਂ ਘਰ ਨੂੰ ਜਿੰਦਰਾ ਮਾਰ ਕੇ ਕਿਤੇ ਦੋ-ਚਾਰ ਘੰਟੇ ਘੁੰਮ-ਫਿਰ ਆਵਾਂਗਾ। ਮੈਂ ਜਾਂਦਾ ਤਾਂ ਹਾਂ ਘੁੰਮਣ ਫਿਰਨ ਲਈ, ਪਰ ਰਾਹ ਦੀਆਂ ਦੁਕਾਨਾਂ ਵਿੱਚ ਇੱਕ-ਦੋ ਚੀਜ਼ਾਂ ਇੰਨੀਆਂ ਸਸਤੀਆਂ, ਆਕਰਸ਼ਕ ਤੇ ਜ਼ਰੂਰੀ ਦਿੱਸ ਪੈਂਦੀਆਂ ਹਨ ਕਿ ਉਨ੍ਹਾਂ ਨੂੰ ਲੈ ਆਉਂਦਾ ਹਾਂ। ਦੁਕਾਨਦਾਰ ਅਕਸਰ ਇੱਕ ਬਾਂਦਰ ਛਾਪ ਦੰਦ ਮੰਜਣ ਖਰੀਦਣ ਤੇ ਦੂਜਾ ਫ਼ਰੀ ਵਿੱਚ ਦੇ ਦਿੰਦਾ ਹੈ। ਅਜਿਹਾ ਕਈ ਚੀਜ਼ਾਂ ਨਾਲ ਹੁੰਦਾ ਹੈ। ਯਕੀਨ ਜਾਣੋ, ਖਾਲੀ ਹੱਥ ਬਿਨਾਂ ਕਿਸੇ ਝੋਲ਼ੇ ਜਾਂ ਬੈਕਪੈਕ ਤੋਂ ਜਾਂਦਾ ਹਾਂ ਅਤੇ ਮੁੜਦਾ ਹਾਂ ਤਾਂ ਇਉਂ ਭਰਿਆ ਭਕੁੰਨਿਆ, ਜਿਵੇਂ ਸਹੁਰਿਓਂ ਆ ਰਿਹਾ ਹੋਵਾਂ! ਬੱਸ ਸਹੁਰੇ ਚੰਗੇ ਹਨ, ਜੋ ਨਾ ਬਿਲ ਭੇਜਦੇ ਹਨ ਨਾ ਹੀ ਕਿਸ਼ਤਾਂ ਵਿੱਚ ਪੇਮੈਂਟ ਮੰਗਦੇ ਹਨ।
ਮੈਂ ਕੀ ਕਰਾਂ, ਇਹ ਮਰ ਜਾਣੇ ਦੁਕਾਨਦਾਰ ਮੇਰੇ ਪਸੰਦ ਕਰਨ ਤੋਂ ਬਿਨਾਂ ਹੀ ਮੈਨੂੰ ਕੁਝ ਨਵਾਂ, ਕੁਝ ਪੁਰਾਣਾ ਦੇ ਦਿੰਦੇ ਹਨ। ਕਹਿੰਦੇ ਹਨ, ‘‘ਤੁਹਾਥੋਂ ਕੀ ਪੈਸੇ ਲੈਣੇ ਹਨ, ਉਧਾਰ ਲੈ ਜਾਓ। ਏਨੇ ਵੱਡੇ ਲੇਖਕ ਹੋ, ਅਗਲੇ ਸਾਲ ਜੋ ਰਾਇਲਟੀ/ ਮਿਹਨਤਾਨਾ ਮਿਲੇਗਾ, ਉਹ ਜਮਾਂ ਕਰਾਉਂਦੇ ਜਾਣਾ।” ਮੈਂ ਕਹਿੰਦਾ ਹਾਂ, ‘‘ਲੇਖਕ ਨੂੰ ਏਨਾ ਮਿਹਨਤਾਨਾ ਮਿਲਦਾ ਹੁੰਦਾ ਤਾਂ ਉਹ ਪੁਰਾਣੀਆਂ ਪੱਤ੍ਰਿਕਾਵਾਂ ਲੱਭਣ ਤੁਹਾਡੀ ਦੁਕਾਨ ਤੇ ਆਉਂਦਾ ਹੀ ਕਿਉਂ!’’ ਪਰ ਦੁਕਾਨਦਾਰ ਬੜੇ ਚਾਲੂ ਅਤੇ ਸਮਝਦਾਰ ਹੁੰਦੇ ਹਨ। ਕਹਿੰਦੇ ਹਨ-‘‘ਚਲੋ, ਤੁਹਾਨੂੰ ਸਾਰੀਆਂ ਚੀਜ਼ਾਂ ਮੁਫ਼ਤ ਵਿੱਚ ਲੈਣ ਦੀਆਂ ਤਾਜ਼ੀਆਂ ਸਕੀਮਾਂ ਦੱਸਦੇ ਹਾਂ। ਇਨ੍ਹਾਂ ਸਕੀਮਾਂ ਵਿੱਚ ਹਰੇਕ ਨੂੰ ਇਨਾਮ ਮਿਲਦਾ ਹੈ।” ਪਤਾ ਨਹੀਂ ਕਿਉਂ, ਮੈਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਮੇਰੀ ਕਿਸਮਤ ਵਿੱਚ ਪੰਜਾਹ ਪਰਸੈਂਟ ਛੋਟ ਦਾ ਕੂਪਨ ਜ਼ਰੂਰ ਨਿਕਲੇਗਾ। ਮੈਨੂੰ ਸੁਣਿਆ-ਸੁਣਾਇਆ ਯਾਦ ਵੀ ਆਉਂਦਾ ਹੈ ਕਿ ਫਲਾਣੇ ਸਟੋਰ ਤੇ ਇੱਕ ਸਕੀਮ ਵਿੱਚ ਕਿਸੇ ਨੂੰ ਪੰਜਾਹ ਇੰਚ ਦਾ ਟੀਵੀ ਮੁਫ਼ਤ ਮਿਲਿਆ ਸੀ, ਕਿਸੇ ਨੂੰ ਰੌਲੈਕਸ ਦੀ ਘੜੀ ਨਿਕਲੀ ਸੀ, ਬੇਸ਼ੱਕ ਉਹ ਨਕਲੀ ਹੀ ਸੀ।
ਏਥੇ ਵੀ ਸਕੀਮ ਦਾ ਫ਼ਾਰਮ ਦੇ ਕੇ ਦੁਕਾਨਦਾਰ ਨੇ ਸ਼ਰਾਫ਼ਤ ਨਾਲ ਆਟੋਗ੍ਰਾਫ਼ ਮੰਗੇ ਅਤੇ ਮੇਰੇ ਨਾਲ ਸਾਰੇ ਸਟਾਫ਼ ਨੇ ਸੈਲਫ਼ੀ ਲਈ। ਮੈਨੂੰ ਕਹਿਣ ਲੱਗੇ ਕਿ ਜੇ ਮੈਂ ਸ਼ਹਿਰ ਦੇ ਅਖ਼ਬਾਰ ਵਿੱਚ ਇਹ ਫ਼ੋਟੋ ਅਤੇ ਸਕੀਮ ਦੀ ਖਬਰ ਛਪਵਾ ਦਿਆਂ ਤਾਂ ਮੈਨੂੰ ਚੰਗੀ ਕਮਾਈ ਹੋ ਸਕਦੀ ਹੈ। ਕਵੀ-ਦਿਲ ਰੱਖਦਾ ਹਾਂ, ਭੁਲੇਖੇ ਵਿੱਚ ਰਹਿੰਦਾ ਹਾਂ ਕਿ ਬਜ਼ਾਰ ਵਿੱਚ ਮੇਰੀ ਕਿੰਨੀ ਮੰਗ ਹੈ ਅਤੇ ਇਜ਼ਤ ਵੀ! ਆਪਣੀ ਰਚਨਾ ਨਾਲ ਖਬਰ ਵੀ ਭੇਜ ਦਿੰਦਾ ਹਾਂ। ਰਚਨਾ ਤਾਂ ਨਹੀਂ ਛਪਦੀ ਪਰ ਖਬਰ ਸਚਿੱਤਰ ਛਪ ਜਾਂਦੀ ਹੈ। ਦੁਕਾਨਦਾਰ ਮੈਨੂੰ ’ਬਾਇ ਵੰਨ ਗੈੱਟ ਵੰਨ ਫ਼ਰੀ’ ਦੇ ਪੰਜ ਕੂਪਨ ਫ਼ਰੀ ਵਿੱਚ ਦੇ ਦਿੰਦਾ ਹੈ।
ਅੱਜ ਘਰ ਵਾਪਸ ਆਇਆ ਤਾਂ ਹੱਥ ਵਾਲਾ ਸਮਾਨ ਵਿਹੜੇ ਵਿੱਚ ਰੱਖ ਕੇ ਡਾਕਪੇਟੀ ਵੇਖੀ। ਡਾਕਪੇਟੀ ਖਾਲੀ ਸੀ। ਖੁਸ਼ ਹੋ ਕੇ ਮੈਂ ਆਪਣਾ ਹੱਥ ਚੰਗੀ ਤਰ੍ਹਾਂ ਡਾਕਪੇਟੀ ਵਿੱਚ ਘੁਮਾਇਆ ਅਤੇ ਨਿਸ਼ਚਿਤ ਕਰ ਲਿਆ ਕਿ ਕੋਈ ਲਫ਼ਾਫ਼ਾ ਪੇਟੀ ਦੀ ਸਤਹਿ ਨਾਲ ਚਿਪਕਿਆ ਨਹੀਂ ਸੀ। ਮੈਂ ਘਰ ਅੰਦਰ ਦਾਖਲ ਹੋ ਹੀ ਰਿਹਾ ਸਾਂ ਕਿ ਬਰਾਂਡੇ ’ਚੋਂ ਆਉਂਦੀ ਕਦਮ-ਚਾਲ ਕੰਨਾਂ ਵਿੱਚ ਸਮਾ ਗਈ। ‘‘ਸਰ, ਅੱਜ ਥੋੜ੍ਹਾ ਲੇਟ ਹੋ ਗਿਆ ਹਾਂ। ਆਹ ਲਓ ਤੁਹਾਡੀ ਡਾਕ।” ਪੋਸਟਮੈਨ ਨੇ ਡਾਕ ਕੀ ਦਿੱਤੀ, ਦੁਖਦੀ ਰਗ ਨੂੰ ਗੰਭੀਰ ਰੂਪ ਨਾਲ ਛੇੜ ਗਿਆ। ਇਸ ਡਾਕ ਬਾਰੇ ਤਾਂ ਪੁੱਛੋ ਹੀ ਨਾ, ਇਹਨੂੰ ਖੋਲ੍ਹਣ ਦਾ ਕੋਈ ਫ਼ਾਇਦਾ ਨਹੀਂ ਹੈ। ਸੁੱਕੀਆਂ ਟਹਿਣੀਆਂ ਦੇ ਪਟਾਰੇ ਨੂੰ ਖੋਲ੍ਹਣ ਤੇ ਜਿਵੇਂ ਸੱਪ ਨਿਕਲਦੇ ਹਨ, ਉਵੇਂ ਹੀ ਇਨ੍ਹਾਂ ਲਫ਼ਾਫ਼ਿਆਂ ਨੂੰ ਖੋਲ੍ਹਣ ਤੇ ਫੁੰਕਾਰਦੇ ਹੋਏ ਬਿਲ ਜਾਂ ਓਵਰਡਿਊ ਹੋ ਗਈ ਕਿਸ਼ਤ ਦੀ ਸੂਚਨਾ ਨਿਕਲਦੀ ਹੈ। ਕਦੇ ਡਾਕ ਰਾਹੀਂ ਸ਼ਗਨ ਦੇ ਲਫ਼ਾਫ਼ੇ ਤਾਂ ਆਉਣੋ ਰਹੇ। ਕਰਜ਼ੇ ਦੇ ਚੱਕਰਵਿਊ ਵਿੱਚ ਫਸ ਕੇ ਹੁਣ ਮੈਂ ਬਾਹਰ ਨਿਕਲਣ ਦੇ ਰਾਹ ਲੱਭ ਰਿਹਾ ਹਾਂ।
ਕੁਝ ਕਾਰੋਬਾਰੀ ਖੁਦ ਨੂੰ ਬਾਈਵੀਂ ਸਦੀ ਦਾ ਸਮਝਦੇ ਹਨ। ਉਹ ਵੀ ਮਾਲ ਇੱਕੀਵੀਂ ਸਦੀ ਦਾ ਦਿੰਦੇ ਹਨ, ਪਰ ਬਿਲ ਦਸਵੇਂ ਤਨਖਾਹ ਕਮਿਸ਼ਨ ਦੀਆਂ ਸੋਧਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਉਂਦੇ ਹਨ। ਉਨ੍ਹਾਂ ਨੂੰ ਬਿਲ ਭੇਜਣ ਦੀ ਇੰਨੀ ਕਾਹਲ ਹੁੰਦੀ ਹੈ ਕਿ ਅਕਸਰ ਉਨ੍ਹਾਂ ਦਾ ਬਿਲ ਬਿਜਲੀ ਦੀ ਤੇਜ਼ੀ ਨਾਲ ਈਮੇਲ ਰਾਹੀਂ ਆ ਜਾਂਦਾ ਹੈ। ਪਰ ਸਾਰੇ ਦੁਕਾਨਦਾਰ ਇੰਨੇ ਤੇਜ਼ ਨਹੀਂ ਹੁੰਦੇ। ਉਹ ਮਾਲ ਵੇਚ ਦਿੰਦੇ ਹਨ, ਸਾਈਨ ਕਰਵਾ ਲੈਂਦੇ ਹਨ ਪਰ ਫ਼ਾਈਨਲ ਹਿਸਾਬ ਨਾਲ ਡਾਕ ਰਾਹੀਂ ਭੇਜਦੇ ਹਨ। ਇੱਛਾ ਤਾਂ ਕਈ ਵਾਰੀ ਹੁੰਦੀ ਹੈ ਕਿ ਦੁਕਾਨਦਾਰ ਨੂੰ ਬਿਲ ਸਹਿਤ ਮਾਲ ਵਾਪਸ ਕਰ ਦਿਆਂ ਪਰ ਵੀਹ-ਤੀਹ ਦਿਨ ਦੀ ਵਰਤੋਂ ਪਿੱਛੋਂ ਮਾਲ ਦੀ ਸ਼ਕਲ ਇੰਨੀ ਬਦਲ ਗਈ ਹੁੰਦੀ ਹੈ ਕਿ ਚੀਨ ਦੇ ਨਿਰਮਾਤਾ ਵੀ ਇਹ ਮੰਨਣ ਤੋਂ ਇਨਕਾਰ ਕਰ ਦੇਣ ਕਿ ਉਹ ਉਨ੍ਹਾਂ ਦਾ ਬਣਾਇਆ ਮਾਲ ਹੈ।
ਪਿਛਲੇ ਦਿਨੀਂ ਮੇਰੇ ਇੱਕ ਮਿੱਤਰ ਨੇ ਨਵਾਂ ‘ਫ਼ਿਊਨਰਲ ਹੋਮ’ ਖੋਲ੍ਹਿਆ। ਮੈਂ ਉਹਦੇ ਉਦਘਾਟਨ ਵਿੱਚ ਸ਼ਾਮਲ ਹੋਇਆ। ਪੱਛਮੀ ਦੇਸ਼ਾਂ ਵਿੱਚ ਫ਼ਿਊਨਰਲ ਹੋਮ ਬੜੇ ਫ਼ਾਇਦੇ ਦਾ ਧੰਦਾ ਹੈ। ਇਸ ਵਿੱਚ ਸਵਰਗਵਾਸੀ ਆਤਮਾ ਦੀ ਨਿਰਜੀਵ ਦੇਹ ਦੀ ਅੰਤਿਮ ਕ੍ਰਿਆ ਹੁੰਦੀ ਹੈ। ਇੱਕ ਪਾਸੇ ਬਿਜਲਈ ਚੈਂਬਰ ਵਿੱਚ ਸਸਕਾਰ ਕਰਨ ਦਾ ਔਨ ਬਟਨ ਹੁੰਦਾ ਹੈ, ਦੂਜੇ ਪਾਸੇ ਬੜਾ ਸਜਿਆ ਹੋਇਆ ਹਾਲ ਹੁੰਦਾ ਹੈ, ਜਿੱਥੇ ਉੱਚ ਪੱਧਰ ਦੀਆਂ ਸ਼ੋਕ- ਸਭਾਵਾਂ ਕੀਤੀਆਂ ਜਾਂਦੀਆਂ ਹਨ। ਸ਼ੋਕ-ਧੁਨ ਵਜਾਉਣ ਵਾਲਾ ਬੈਂਡ ਹੁੰਦਾ ਹੈ। ਦੋ-ਚਾਰ ਪੇਸ਼ੇਵਰ ਕਵੀ ਵਿਦਾਈ-ਗੀਤ ਗਾਉਂਦੇ ਹਨ। ਉਨ੍ਹਾਂ ਦੀ ਬਾਰਾਂ ਪੇਜ ਦੀ ਪੱਤ੍ਰਿਕਾ ਦੇ ਇਕਾਗਰ ਵਿਸ਼ੇਸ਼ਾਂਕ ਦੇ ਕਵਰ ਪੰਨੇ ਤੇ ਮ੍ਰਿਤ-ਆਤਮਾ ਦੀ ਫ਼ੋਟੋ ਛਪਦੀ ਹੈ। ਮਾਲਕ ਦੋਸਤ ਨੇ ਦੱਸਿਆ, ‘‘ਫ਼ਿਊਨਰਲ ਹੋਮ ਦੀ ਅਗਾਊਂ ਬੁਕਿੰਗ ਕਰਾਉਣ ਤੇ ਪੰਜਾਹ ਪ੍ਰਤੀਸ਼ਤ ਤੱਕ ਦੀ ਛੋਟ ਹੈ। ਭੁਗਤਾਨ ਦਸ ਸਾਲ ਤੱਕ ਮਹੀਨੇਵਾਰ ਕਿਸ਼ਤਾਂ ਵਿੱਚ ਕਰ ਸਕਦੇ ਹੋ। ਬੇਸਿਕ ਪਾਲਿਸੀ ਤੋਂ ਲੈ ਕੇ ਪਲਾਟੀਨਮ ਪਾਲਿਸੀ ਤੱਕ ਉਪਲਬਧ ਹੈ। ਪਰ ਜ਼ਿੰਦਗੀ ਵਿੱਚ ਇੱਕ ਵਾਰ ਹੀ ਮਰਨਾ ਹੈ ਤਾਂ ਠਾਠ ਨਾਲ ਮਰੋ। ਡਿਸਕਾਊਂਟ ਵਿੱਚ ਪਲੈਟੀਨਮ ਪਾਲਿਸੀ ਲੈ ਲਓ। ਇੱਕ ਪਾਲਿਸੀ ਖਰੀਦੋ ਅਤੇ ਦੋ ਜਣੇ ਮਰੋ।’’
ਆਪਣੇ ਕ੍ਰਿਆਕ੍ਰਮ ਅਤੇ ਪਤਨੀ ਦੇ ਕ੍ਰਿਆਕ੍ਰਮ ਦਾ ਅਗਾਊਂ ਪ੍ਰਬੰਧ ਕਰਕੇ ਮੈਂ ਬੜਾ ਖੁਸ਼ ਹਾਂ। ਤੁਹਾਡੀ ਇੱਛਾ ਹੋਵੇ ਤਾਂ ਮੈਨੂੰ ਦੱਸਣਾ, ਮੇਰੇ ਰਾਹੀਂ ਪਾਲਿਸੀ ਲਓਗੇ ਤਾਂ ਸ਼ਾਨ ਨਾਲ ਮਰ ਸਕੋਗੇ। ਸਾਡਾ ਆਪਸੀ ਰਿਸ਼ਤਾ ਮਜ਼ਬੂਤ ਹੋ ਜਾਵੇਗਾ ਤਾਂ ਮੈਂ ਤੁਹਾਡੀ ਸ਼ੋਕ-ਸਭਾ ਵਿੱਚ ਭਾਸ਼ਣ ਵੀ ਮੁਫ਼ਤ ਵਿੱਚ ਦੇ ਦਿਆਂਗਾ। ਇਸ ਵਿੱਚ ਮੇਰਾ ਫ਼ਾਇਦਾ ਇੰਨਾਂ ਹੀ ਹੈ ਕਿ ਮੈਂ ਦਸ ਪਾਲਿਸੀਆਂ ਵਿਕਵਾ ਦਿਆਂਗਾ ਤੇ ਮੈਨੂੰ ਅੱਗੇ ਤੋਂ ਕਿਸ਼ਤ ਨਹੀਂ ਭਰਨੀ ਪਵੇਗੀ। ਮਰਨ ਤੇ ਮੁਫ਼ਤ ਵਿੱਚ ‘ਫ਼ਾਈਵ ਸਟਾਰ’ ਦਾਹ-ਸਸਕਾਰ ਹੋ ਜਾਵੇਗਾ। ਸਵਰਗ ਦੀ ਯਾਤਰਾ ਮੁਫ਼ਤ ਵਿੱਚ ਹੋ ਜਾਵੇਗੀ! ਬਸ ਇੱਕ ਹੀ ਗੱਲ ਦਾ ਡਰ ਹੈ, ਮੈਂ ਜਦੋਂ ਦੁਨੀਆਂ ਤੋਂ ਰਫ਼ਾ-ਦਫ਼ਾ ਹੋ ਜਾਵਾਂਗਾ ਤਾਂ ਹਸਪਤਾਲ ਦੇ ਬਿਲ ਤੇ ਇਹ ਡਿਸਕਾਊਂਟ ਨਹੀਂ ਮਿਲੇਗਾ, ਜਿੱਥੇ ਲਿਖਿਆ ਹੋਵੇਗਾ- ‘‘ਸਾਡੇ ਏਥੇ ਇਲਾਜ ਕਰਵਾ ਕੇ ਇੱਕ ਦੀ ਥਾਂ ਦੋ ਮਰੋ।’’
ਮੂਲ : ਧਰਮਪਾਲ ਮਹੇਂਦਰ ਜੈਨ
ਅਨੁ : ਪ੍ਰੋ. ਨਵ ਸੰਗੀਤ ਸਿੰਘ

Comment here