ਸਾਡੇ ਘਸੀਟੂ ਮੱਲ ਨੂੰ ਜਦ ਵੀ ਵੱਡਾ ਸਾਰਾ ਡਕਾਰ ਆਏ ਤਾਂ ਉਹ ਝੱਟ ਹੀ ਹੱਥ ਦੀ ਮੁੱਕੀ ਦਾ ਪਿੰਨਾ ਬਣਾ ਕੇ ਜੈ ਘੋਸ਼ ਕਰਦਿਆਂ, ਬੁਲੰਦ ਆਵਾਜ਼ ਵਿਚ (ਨਾਅਰਾ ਮਾਰਨ ਵਾਂਗ) ਆਖਦੇ ਹਨ, ‘ਹੇ ਬੇਈਮਾਨੀ ਤੇਰਾ ਈ ਆਸਰਾ।’
ਬੁਲੰਦੀ ਭਰੀ ਆਵਾਜ਼ ’ਚ ਇਹੋ ਜਿਹਾ ਨਾਅਰਾ ਲਾਉਂਦਿਆਂ, ਉਹ ਆਲੇ-ਦੁਆਲੇ ਝਾਤੀ ਮਾਰਨੀ ਕਦੀ ਨਹੀਂ ਭੁੱਲਦੇ। ਉਨ੍ਹਾਂ ਨੂੰ ਬਾਕਮਾਲ ਸ਼ਾਇਰ ਭੁਜੰਗੀ ਮੱਲ ਦਾ ਕਿਹਾ ਸ਼ੇਅਰ ਹਮੇਸ਼ਾ ਯਾਦ ਰਹਿੰਦਾ ਹੈ :
ਬਾਤ ਨਿਕਲੀ ਹੈ ਤੋ
ਦੂਰ ਤਲਕ ਜਾਏਗੀ,
ਕਿਸੀ ਨਾ ਕਿਸੇ ਕੇ ਮਨ ਕੋ ਭਾਏਗੀ।’
ਉਨ੍ਹਾਂ ਦਾ ਇਹ ਜੈ-ਘੋਸ਼ ਸੁਣਦਿਆਂ ਹੀ ਸਾਡੀ ਬਿਰਤੀ ਝੱਟ ਘਸੀਟੂ ਮੱਲ ਨਾਲ ਜਾ ਜੁੜਦੀ ਹੈ। ਅਸੀਂ ਬਹੁਤ ਹਲੀਮੀ ਨਾਲ ਪੁੱਛਦੇ ਹਾਂ, ‘ਘਸੀਟੂ ਮੱਲ, ਬੇਈਮਾਨੀ ਨਾਲ ਨਹੀਂ, ਸਗੋਂ ਇਮਾਨਦਾਰੀ ਨਾਲ ਵੀ ਚੰਗੀ ਜ਼ਿੰਦਗੀ ਨਿਕਲ ਸਕਦੀ ਹੈ। ਇਮਾਨਦਾਰੀ ਦਾ ਹਾਲੇ ਨਮੂਦ ਨੀ ਮੁੱਕਿਆ। ਹੈਗੀ ਮਾੜੀ-ਮੋਟੀ ਇਮਾਨਦਾਰੀ ਹਾਲੇ ਵੀ। ਤਾਂ ਹੀ ਤਾਂ ਇਹ ਦੁਨੀਆ ਦੀ ਗੱਡੀ, ਧੀਮੀ ਗਤੀ ਨਾਲ ਹੀ ਸਹੀ, ਰਿੜ੍ਹੀ ਜਾਂਦੀ ਹੈ।’
ਸਾਡੀਆਂ ਸਿਖਤਾਂ ਦੇ ਘਸੀਟੂ ਮੱਲ ਕੋਲ ਸੈਂਕੜੇ ਤਰਕ ਨੇ। ਨਟ ਬੱਲੋ ਬੁੜ੍ਹੀ ਵਾਂਗ ਗਿੱਧਾ ਜਿਹਾ ਪਾ ਕੇ ਆਖਦੇ ਹਨ, ‘ਭ੍ਰਿਸ਼ਟਾਚਾਰ ’ਚ ਤਾਂ ਅਸੀਂ, ਬੰਧੂ, ਗਲ-ਗਲ ਤੀਕ ਡੁੱਬੇ ਪਏ ਆਂ। ਮੌਕਾ ਮਿਲੇ ਸਹੀ, ਅਸੀਂ ਕਾਰਸਤਾਨੀ ਕਰਨੋਂ ਬਾਜ਼ ਨੀ ਆਉਂਦੇ। ਲੋਕ ਤਾਂ ਅੱਡੀ ਤੋਂ ਲੈ ਕੇ ਸਿਰ ਦੀ ਬੋਦੀ ਤੱਕ ਬੇਈਮਾਨੀ ’ਚ ਫਸੇ ਪਏ ਆ। ਇਮਾਨਦਾਰੀ ਨੂੰ ਤਾਂ ਕੋਈ ਦੁੱਕੀ ਵੱਟੇ ਨੀ ਪੁੱਛਦਾ। ਕਹਾਵਤ ਵੀ ਤਾਂ ਬਣ ’ਗੀ ਐ ਕਿ ਜੇ ਕਿਸੇ ਨੇ ਟੱਬਰ ਭੁੱਖਾ ਮਾਰਨਾ ਹੋਵੇ, ਪੰਜੀ-ਪੰਜੀ ਨੂੰ ਤਰਸਾਉਣੇ ਹੋਣ ਨਿੱਕੇ ਨਿਆਣੇ ਤਾਂ ਇਮਾਨਦਾਰ ਬਣ ਜਾਵੇ।’
‘ਪਰ ਘਸੀਟੂ ਮੱਲਾ ਕਦੀ ਨਮੂਦ ਵੀ ਮੁੱਕਿਆ ਕਿਸੇ ਚੀਜ਼ ਦਾ। ਹੈਗੀ, ਹੈਗੀ ਐ ਇਮਾਨਦਾਰੀ ਹਾਲੇ ਵੀ। ਕੋਈ ਕੋਈ ਹਰੀਸ਼ ਚੰਦਰ ਹੈਗਾ ਹਾਲੇ ਵੀ ਜਿਊਂਦਾ।’
ਪਰ ਘਸੀਟੂ ਮੱਲ ਤਾਂ ਮਦਾਰੀ ਦੇ ਡਮਰੂ ਵਾਂਗ ਸਿਰ ਈ ਮਾਰੀ ਜਾਂਦੈ ਇਹੋ ਜਿਹੀ ਗੱਲ ’ਤੇ।
ਅਸੀਂ ਵੀ ਆਪਣੀ ਗੱਲ ’ਤੇ ਅੜੇ ਹੋਏ ਸਾਂ। ਲਓ ਜੀ, ਤੁਸੀਂ ਵੀ ਤੱਤੇ ਘਾਅ ਸਾਡੀ ਗੱਲ ਸੁਣ ਲਓ। ਇਮਾਨਦਾਰੀ ਹਾਲੇ ਵੀ ਜਿਊਂਦੀ ਐ ਇਸ ਜਗਤ ਵਿਚ।
ਹੋਇਆ ਇਉਂ ਕਿ ਸਾਡਾ ਜ਼ੁਕਾਮ ਵਿਗੜਿਆ ਹੋਇਆ ਸੀ। ਨਿੱਛਾਂ ਵੀ ਮਾਰੀ ਜਾ ਰਹੇ ਸਾਂ। ਅਸੀਂ ਰੁਮਾਲ ਲੈ ਕੇ ਪਾਰਕ ’ਚ ਸੈਰ ਲਈ ਨਿਕਲ ਗਏ। ਉਥੇ ਬੈਂਚ ’ਤੇ ਬੈਠੇ ਨਿੱਛਾਂ ਮਾਰਦੇ ਰਹੇ, ਨੱਕ ਪੂੰਝਦੇ ਰਹੇ ਤੇ ਸੈਰ ਲਈ ਆਏ ਲੋਕਾਂ (ਮਰਦ-ਔਰਤਾਂ) ਨੂੰ ਤਾੜਦੇ ਰਹੇ। ਰੁਮਾਲ ਪੂਰੀ ਤਰ੍ਹਾਂ ਹਾਲੋਂ-ਬੇਹਾਲ ਹੋਇਆ ਪਿਆ ਸੀ। ਅਸੀਂ ਭੁਲੇਖੇ ਨਾਲ ਉਸ ਨੂੰ ਬੈਂਚ ’ਤੇ ਰੱਖ ਕੇ ਭੁੱਲ ਗਏ। ਪੈੱਨ ਅਤੇ ਰੁਮਾਲ ਦੋ ਚੀਜ਼ਾਂ ਇਹੋ ਜਿਹੀਆਂ ਨੇ, ਜੋ ਅਕਸਰ ਹੀ ਘਰ ਲਿਆਉਣੀਆਂ ਭੁੱਲ ਜਾਂਦੇ ਨੇ ਲੋਕ। ਅਸੀਂ ਕਿਹੜਾ ਕਿੱਸੇ ਹੋਰ ਮਿੱਟੀ ਦੇ ਬਣੇ ਹੋਏ ਸਾਂ। ਬੈਂਚ ’ਤੇ ਰੱਖਿਆ ਰੁਮਾਲ ਉਥੇ ਈ ਭੁੱਲ ਆਏ। ਘਰ ਵਾਲੀ ਨੇ ਅਗਲੇ ਦਿਨ ਕੱਪੜੇ ਧੋਣ ਵੇਲੇ ਯਾਦ ਕਰਵਾਇਆ ਤਾਂ ਸਾਨੂੰ ਪਿਆਰੇ ਰੁਮਾਲ ਦਾ ਚੇਤਾ ਆਇਆ। ਰੁਮਾਲ ਦੇ ਤਾਂ ਪੈ ਗੇ ਫੁੱਲ ਗੰਗਾਂ ’ਚ, ਸਾਥੋਂ ਕਹਿ ਹੋ ਗਿਆ ਸੀ। ਅਗਲੇ ਦਿਨ ਅਸੀਂ ਉਚੇਚਾ ਰੁਮਾਲ ਦੀ ਭਾਲ ’ਚ ਪਾਰਕ ’ਚ ਗਏ ਸਾਂ। ਸਾਨੂੰ ਰੁਮਾਲ ਮਿਲਣ ਦੀ ਕੋਈ ਉਮੀਦ ਵੀ ਨਹੀਂ ਸੀ, ਉਮੀਦ ਹੋਣੀ ਵੀ ਨਹੀਂ ਸੀ ਚਾਹੀਦੀ। ਘਸੀਟੂ ਮੱਲ ਦੇ ਕਹਿਣ ਮੂਜਬ ਲੋਕ ਤਾਂ ਨਹੁੰ-ਨਹੁੰ ਬੇਈਮਾਨੀ ਦੇ ਚਿੱਕੜ ’ਚ ਧੱਸੇ ਪਏ ਨੇ, ਫਿਰ ਰੁਮਾਲ ਕੀਹਨੇ ਛੱਡਣਾ ਸੀ। ਪਰ ਸਾਡੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਥੇ ਬੈਂਚ ’ਤੇ ਉਸੇ ਥਾਂ ਸਾਡਾ ਰੁਮਾਲ ਡਟਿਆ ਪਿਆ ਸੀ। ਸਾਨੂੰ ਦੇਖ ਕੇ ਮੇਲੇ ’ਚ ਗੁਆਚੇ ਜੁਆਕ ਵਾਂਗ, ਦੁਬਾਰਾ ਮਿਲ ਗਿਆ। ਆ ‘ਗੇ ਤੁਸੀਂ… ਮੈਂ ਤਾਂ… ਮੈਂ… ਤਾਂ…। ਸਾਨੂੰ ਕੋਈ ਓਪਰੀ ਜਿਹੀ ਆਵਾਜ਼ ਵੀ ਸੁਣਾਈ ਦਿੱਤੀ। ਲਓ ਜੀ, ਹੁਣ ਤੁਸੀਂ ਖ਼ੁਦ ਹੀ ਮੰਨ ਜਾਣੈਂ ਕਿ ਇਮਾਨਦਾਰੀ ਹਾਲੇ ਜ਼ਿੰਦਾ ਹੈਗੀ ਆ। ਕਿਸੇ ਬੇਈਮਾਨ ਨੇ ਸਾਡੇ ਰੁਮਾਲ ਵੱਲ ਦੇਖਿਆ ਤੱਕ ਨਹੀਂ। ਹਾਲਾਂ ਕਿ ਸਾਡੀ ਪਤਨੀ ਨੇ ਕਰੋਸ਼ੀਏ ਨਾਲ ਉਸ ’ਤੇ ’ਆਈ ਲਵ ਯੂ’ ਦੀ ਕਢਾਈ ਵੀ ਕੀਤੀ ਹੋਈ ਸੀ। ਪਤਨੀ ਦਾ ‘ਆਈ ਲਵ ਯੂ’ ਵੀ ਕਿਸੇ ਬੇਈਮਾਨ ਨੂੰ ਉਤਸ਼ਾਹਿਤ ਨਹੀਂ ਕਰ ਸਕਿਆ।
ਹਾਲੇ ਤਾਂ ਅਸੀਂ ਇਕ ਹੋਰ ਦ੍ਰਿਸ਼ਟਾਂਤ ਵੀ ਸੁਣਾਉਣੈ। ਸੁਣੋ ਪ੍ਰਭੂ ਚਿੱਤ ਲਾ ਕੇ। ਅਸੀਂ ਇਕ ਦਿਨ ਬਾਜ਼ਾਰ ਗਏ। ਐਵੇਂ ਈ ਸਾਡਾ ਮੂੰਹ ਮਾਰਨ ਨੂੰ ਚਿੱਤ ਕਰ ਆਇਆ। ਅਸੀਂ ਭੁਜੀਏ ਦਾ ਇਕ ਪੈਕਟ ਲੈ ਕੇ, ਦੁਕਾਨ ਦੇ ਬਾਹਰ ਡੱਠੇ ਬੈਂਚ ’ਤੇ ਬਹਿ ਭੁਜੀਏ ਦੇ ਫੱਕੇ ਮਾਰਨੇ ਸ਼ੁਰੂ ਕਰ ਦਿੱਤੇ, ਏਨੇ ਨੂੰ ਭੂਸਰੇ ਹੋਏ ਢੱਠੇ ਆ ਕੇ ਸਿੰਙ ਫਸਾਉਣ ਲੱਗ ਪਏ। ਢੱਠਿਆਂ ਦੇ ਭੇੜ ’ਚ ਜਿਊਂਦਾ ਬਚੇ ਨਾ ਕੋਈ। ਇਹ ਮੁਹਾਵਰਾ ਅਸੀਂ ਬਚਪਨ ’ਚ ਹੀ ਸੁਣਿਆ ਹੋਇਆ ਸੀ। ਭੁਜੀਏ ਵਾਲਾ ਪੈਕਟ ਕੀਹਨੂੰ ਯਾਦ ਰਹਿਣਾ ਸੀ ਭਲਾ? ਅਸੀਂ ਉਹ ਪੈਕਟ ਉਸੇ ਬੈਂਚ ’ਤੇ ਹੀ ਸੁੱਟ ਕੇ, ਜਾਨ ਬਚਾਉਣ ’ਚ ਹੀ ਬਿਹਤਰੀ ਸਮਝੀ। ਘਰ ਆ ਕੇ ਹੀ ਲੰਮਾ ਸਾਹ ਖਿੱਚਿਆ। ‘ਜਾਨ ਬਚੀ ਤੋ ਲਾਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ।’ ਅਗਲੇ ਦਿਨ ਅਸੀਂ ਫਿਰ ਉਸ ਦੁਕਾਨ ਮੂਹਰਿਓਂ ਲੰਘੇ ਤਾਂ ਕੀ ਦੇਖਦੇ ਹਾਂ ਕਿ ਸਾਡਾ ਭੁਜੀਏ ਵਾਲਾ ਪੈਕਟ ਜਿਉਂ ਦਾ ਤਿਉਂ ਬੈਂਚ ’ਤੇ ਸੁੱਤਾ ਹੋਇਆ ਸੀ। ਕਿਸੇ ਬੇਈਮਾਨ, ਲਾਲਚੀ, ਭੁੱਖੜ ਦੀ ਹਿੰਮਤ ਨਹੀਂ ਪਈ ਕਿ ਉਹ ਸਾਡੇ ਭੁਜੀਏ ਨੂੰ ਅਗਵਾਹ ਕਰ ਸਕੇ। ਹੋਰ ਤਾਂ ਹੋਰ ਕਿਸੇ ਨਿਆਣੇ ਨੇ ਵੀ ਉਸ ਪੈਕਟ ਵੱਲ ਦੇਖਣ ਦੀ ਜੁਰਅਤ ਨਹੀਂ ਕੀਤੀ। ਲੋਕ ਲੱਖ ਕਹੀ ਜਾਣ ਕਿ ਸਾਡੀ ਨਵੀਂ ਪੀੜ੍ਹੀ ਵਿਗੜ ਰਹੀ ਹੈ, ਕੁਰਾਹੇ ਪੈ ਰਹੀ ਹੈ ਪਰ ਅਸੀਂ ਨੀ ਮੰਨਦੇ, ਉਨ੍ਹਾਂ ਦੀ ਇਹ ਗੱਲ। ਇਹੋ ਜਿਹੀ ਹੋਣਹਾਰ ਪੌਦ ਨੂੰ ਤਾਂ ਘੁੱਟ ਕੇ ਛਾਤੀ ਨਾਲ ਲਾ ਕੇ ਪਿਆਰ ਅਤੇ ਸ਼ਾਬਾਸ਼ ਦੇਣੀ ਬਣਦੀ ਹੈ ਜੋ ਭੁਜੀਏ ਦੇ ਸ਼ਰੇਆਮ ਬੈਂਚ ’ਤੇ ਪਏ ਪੈਕਟ ਵੱਲ ਝਾਕੇ ਤੱਕ ਨਾ।
ਇਹ ਵਰਤਾਰਾ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਦਾ ਭਵਿੱਖ ਉੱਜਲ ਹੈ, ਜਿਥੇ ਇਹੋ ਜਿਹੇ ਹੋਣਹਾਰ ਤੇ ਸਾਊ ਬੱਚੇ ਹੋਣ ਜੋ ਬੈਂਚ ’ਤੇ ਪਏ ਆਪਣੇ ਮਨਪਸੰਦ ਭੁਜੀਏ ਦੇ ਪੈਕਟ ਨੂੰ ਵੀ ਨਾ ਚੁੱਕਣ। ਹੈਗੀ ਇਮਾਨਦਾਰੀ ਹਾਲੇ। ਵੱਡਿਆਂ ਨੂੰ ਤਾਂ ਛੱਡੋ, ਇਹ ਤਾਂ ਨਿਆਣਿਆਂ ਵਿਚ ਵੀ ਬਿਮਾਰੀ ਵਾਂਗ ਫੈਲੀ ਜਾਂਦੀ ਹੈ। ਧੰਨ ਨੇ ਉਹ ਬਾਲਕੇ, ਜੋ ਸ਼ਰੇਆਮ ਬਾਜ਼ਾਰ ’ਚ ਪਏ ਭੁਜੀਏ ਦੇ ਪੈਕਟ ਤੱਕ ਨੂੰ ਹੱਥ ਨੀ ਲਾਉਂਦੇ।
ਹੁਣ ਗੱਲ ਜਾਨਵਰਾਂ ਦੀ ਕਰੀਏ। ਮੁਹੱਲੇ ’ਚ ਪਿਆ ਇਕ ਫਟਿਆ ਪੁਰਾਣਾ ਕਛਹਿਰਾ ਕੁੱਤਿਆਂ ਦੇ ਅੜਿੱਕੇ ਆ ਗਿਆ। ਇਹ ਤਾਂ ਕੁੱਤਿਆਂ ਦੀ ਮਨਪਸੰਦ ਖੇਡ ਹੈ। ਉਹ ਇਸ ਨਾਲ ਖੇਡਦੇ ਰਹੇ, ਖੇਡਦੇ ਰਹੇ, ਇਕ ਦੂਸਰੇ ਤੋਂ ਖੋਹ-ਖੁਆਈ ਕਰਦੇ ਰਹੇ। ਜਦੋਂ ਥੱਕ ਗਏ, ਉਸ ਨੂੰ ਉਥੇ ਹੀ ਸੁੱਟ ਆਪਣੇ-ਆਪਣੇ ਖੁੱਡਿਆਂ ’ਚ ਜਾ ਵੜੇ। ਦੇਖੋ ਸਾਡੇ ਕੁੱਤੇ ਵੀ ਏਨੇ ਇਮਾਨਦਾਰ ਹੋ ਗਏ ਨੇ ਕਿ ਬੇਗਾਨੀ ਚੀਜ਼ ਨੂੰ ਆਪਣੇ ਖੁੱਡੇ ’ਚ ਲਿਜਾਣਾ ਪਸੰਦ ਨਹੀਂ ਕਰਦੇ, ਘਸੀਟੂ ਮੱਲ ਤਾਂ ਬੰਦਿਆਂ ਦੀ ਗੱਲ ਕਰਦਾ ਸੀ। ਸਾਡੇ ਮੁਹੱਲੇ ਦੇ ਤਾਂ ਕੁੱਤੇ ਤੱਕ ਏਨੇ ਇਮਾਨਦਾਰ ਨੇ ਕਿ ਫਟਿਆ ਪੁਰਾਣ ਕਛਹਿਰਾ ਤੱਕ ਆਪਣੇ ਨਾਲ, ਆਪਣੇ ਖੁੱਡੇ ਵਿਚ ਨਹੀਂ ਲਿਜਾਂਦੇ। ਜੇ ਜਾਨਵਰ ਵੀ ਬੇਗ਼ਾਨੀ ਚੀਜ਼ ਵੱਲ ਦੇਖਣਾ ਗਵਾਰਾ ਨਹੀਂ ਕਰਦੇ ਤਾਂ ਬੰਦੇ ਤਾਂ ਉੱਤਮ ਜੂਨੀ ਭੋਗ ਰਹੇ ਜੀਵ ਨੇ।
ਏਨੇ ਦ੍ਰਿਸ਼ਟਾਂਤ ਸੁਣ ਕੇ ਤਾਂ ਹੁਣ ਘਸੀਟੂ ਮੱਲ ਨੂੰ ਡਕਾਰ (ਵੱਡਾ ਸਾਰਾ) ਮਾਰ ਕੇ ਜੈ ਘੋਸ਼ ਕਰ ਹੀ ਦੇਣਾ ਚਾਹੀਦਾ ਹੈ:
‘ਹੇ ਇਮਾਨਦਾਰੀ ਤੇਰਾ ਈ ਆਸਰਾ’
ਤੁਸੀਂ ਇਹ ਸਤਰਾਂ ਤਾਂ ਸੁਣੀਆਂ ਹੀ ਹੋਣਗੀਆਂ :
‘ਕਰਤ ਕਰਤ ਅਭਿਆਸ ਕੇ ਜੜ੍ਹਮਤੀ ਹੋਤ ਸੁਜਾਨ,
ਰਸਰੀ ਆਵਤ ਜਾਤ ’ਤੇ ਸਿਲ ਪਰ ਪੜਤ ਨਿਸ਼ਾਨ’
ਘਸੀਟੂ ਮੱਲ ਨੂੰ ਇਨ੍ਹਾਂ ਸਤਰਾਂ ਵੱਲ ਜ਼ਰੂਰ ਤਵੱਜੋਂ ਦੇਣੀ ਚਾਹੀਦੀ ਹੈ।
-ਕੇ. ਐਲ. ਗਰਗ
Comment here