‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’, ’ਡੈਡੀ ਕੂਲ ਮੁੰਡੇ ਫੂਲ’ ਵਰਗੀਆਂ ਫ਼ਿਲਮਾਂ ਨਾਲ ਫ਼ਿਲਮ ਜਗਤ ਵਿਚ ਮਕਬੂਲ ਹੋਏ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ, ਪੰਜਾਬ ਵਿਚ ਹੋਇਆ। ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਸਨ। ਉਨ੍ਹਾਂ ਨੇ ਆਪਣੀ ਬੀ. ਐੱਸ. ਸੀ. ਅਤੇ ਐਮ. ਐੱਸ. ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਤੇ ਪੀ. ਐਚ. ਡੀ. ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੀ. ਏ. ਯੂ. ਵਿਚ ਸਹਾਇਕ ਪ੍ਰੋਫੈਸਰ ਵਜੋਂ ਕੀਤੀ। ਇੱਕ ਪ੍ਰੋਫੈਸਰ ਅਤੇ ਮੁਖੀ, ਪਸਾਰ ਸਿੱਖਿਆ ਵਿਭਾਗ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ 31 ਮਈ 2020 ਨੂੰ ਸਰਗਰਮ ਸੇਵਾ ਤੋਂ ਸੇਵਾ ਮੁਕਤ ਹੋਏ ਹਨ।ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ, ਜੋ ਇਕ ਫਾਈਨ ਆਰਟਸ ਅਧਿਆਪਕ ਹੈ। ਉਨ੍ਹਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ। ਪੁਖਰਾਜ 2002 ਤੋਂ ‘ਛਣਕਾਟਾ’ ਦੇ ਕੁਝ ਕੈਸਟਾਂ ਵਿਚ ਵੀ ਆਇਆ ਹੈ। ਦੱਸ ਦਈਏ ਕਿ ਜਸਵਿੰਦਰ ਸਿੰਘ ਭੱਲਾ ਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਹਾਸਰਸ ਕਲਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮੁੱਖ ਤੌਰ ’ਤੇ ਆਪਣੇ ਪ੍ਰੋਗਰਾਮ ‘ਛਣਕਾਟਾ’ ਅਤੇ ਕਿਰਦਾਰ ’ਚਾਚਾ ਚਤਰਾ’ ਕਰਕੇ ਵੀ ਜਾਣਿਆ ਜਾਂਦਾ ਹੈ। ਜਸਵਿੰਦਰ ਭੱਲਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਦੁੱਲਾ ਭੱਟੀ’ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕੀਤਾ।
ਜਸਵਿੰਦਰ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ ’ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 ਵਿਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ ’ਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਸਾਲ 1988 ’ਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ ‘ਛਣਕਾਟਾ’ 1988 ਨਾਲ ਅਰੰਭ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਸਹਿਪਾਠੀ ਸਨ। ਜਸਵਿੰਦਰ ਭੱਲਾ ਨੇ ਪੰਜਾਬੀ ਫ਼ਿਲਮਾਂ ਜਿਵੇਂ ‘ਮਹੌਲ ਠੀਕ ਹੈ’, ‘ਜੀਜਾ ਜੀ’, ਜਿਹਨੇ ਮੇਰਾ ਦਿਲ ਲੁੱਟਿਆ’, ‘ਪਾਵਰ ਕੱਟ’, ‘ਕਬੱਡੀ ਇਕ ਵਾਰ ਫਿਰ’, ‘ਆਪਾਂ ਫਿਰ ਮਿਲਾਂਗੇ’, ‘ਮੇਲ ਕਰਾ ਦੇ ਰੱਬਾ’, ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਟ’, ‘ਜੱਟ ਐਂਡ ਜੂਲੀਅਨ 2’, ‘ਜੱਟ ਏਅਰਵੇਜ਼’, ‘ਵੇਖ ਬਰਾਤਾਂ ਚੱਲੀਆਂ’, ‘ਬੈਂਡ ਵਾਜੇ’, ‘ਗੋਲਕ ਬੂਗਨੀ ਬੈਂਕ ਤੇ ਬਟੂਆ’, ‘ਮੈਰਿਜ ਪੈਲੇਸ’, ‘ਪਾਵਰ ਕੱਟ’, ‘ਕੈਰੀ ਆਨ ਜੱਟਾ-2’, ‘ਨੌਕਰ ਵਹੁਟੀ ਦਾ’ ਆਦਿ ਵਿਚ ਕੰਮ ਕੀਤਾ ਹੈ।
ਦੱਸ ਦਈਏ ਕਿ ਜਸਵਿੰਦਰ ਭੱਲਾ ਨੂੰ ਬਿਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਲ ਹੈ।
ਜਸਵਿੰਦਰ ਸਿੰਘ ਭੱਲਾ ਦੀ ਖ਼ਾਸੀਅਤ ਹੈ ਕਿ ਜਿੱਥੇ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ, ਉੱਥੇ ਹੀ ਉਨ੍ਹਾਂ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ ਹਨ। ਇਹ ਡਾਇਲਾਗ ਇਸ ਕਦਰ ਮਸ਼ਹੂਰ ਹੋਏ ਹਨ ਕਿ ਉਨ੍ਹਾਂ ’ਤੇ ਕਈ ਟਿਕ ਟਾਕ ਵੀਡੀਓਜ਼ ਵੀ ਬਣ ਚੁੱਕੀਆਂ ਹਨ ਅਤੇ ਕਈ ਡਾਇਲਾਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦਿੰਦੇ ਹਨ। ਇਨ੍ਹਾਂ ਵਿਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਿਵੇਂ ਕਿ ‘ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ’, ‘ਗੰਦੀ ਔਲਾਦ ਨਾ ਮਜ਼ਾ ਨਾ ਸਵਾਦ’ (ਫ਼ਿਲਮ ਕੈਰੀ ਆਨ ਜੱਟਾ), ‘365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ’ (ਲੱਕੀ ਦੀ ਅਣ ਲੱਕੀ ਸਟੋਰੀ), ‘ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ’ (ਚੱਕ ਦੇ ਫੱਟੇ), ‘ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ’ (ਜੀਨੇ ਮੇਰਾ ਦਿਲ ਲੁੱਟਿਆ), ’ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ’ (ਜੱਟ ਐਂਡ ਜੂਲੀਅਟ), ‘ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ’ (ਜੱਟ ਬੁਆਏਜ਼ ਪੁੱਤ ਜੱਟਾਂ ਦੇ), ‘ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੇ ਨੂੰ ਨਾ ਦੇਵੇ’ (ਜੱਟ ਏਅਰਵੇਜ਼)।
ਹਾਸਰਸ ਕਲਾਕਾਰ ਜਸਵਿੰਦਰ ਭੱਲਾ ਉਰਫ, ‘ਚਾਚਾ ਚਤਰਾ’

Comment here