ਖਬਰਾਂ

ਹਾਲੇ ਵੀ ਵਿਗੜਿਆ ਰਹੇਗਾ ਉੱਤਰੀ ਭਾਰਤ ਚ ਮੌਸਮ ਦਾ ਮਿਜਾਜ਼

ਨਵੀਂ ਦਿੱਲੀ-ਮੌਸਮ ਵਿਭਾਗ ਦੇ ਮੁਤਾਬਕ ਉੱਤਰੀ ਭਾਰਤ ਵਿੱਚ ਠੰਢ ਹਾਲੇ ਹੋਰ ਵਧਣ ਵਾਲੀ ਹੈ। ਜਿੱਥੇ ਮੀਂਹ ਦੇ ਨਾਲ ਨਾਲ ਤੇਜ਼ ਰਫ਼ਤਾਰ ਹਵਾਵਾਂ ਦੇ ਹਮਲੇ ਪਰੇਸ਼ਾਨ ਕਰ ਸਕਦੇ ਹਨ। ਇਸ ਕਰਕੇ ਅਜਿਹੇ ਹਾਲਾਤ ਵਿੱਚ ਸਭ ਨੂੰ ਠੰਢ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਕਹਿਰ ਢਾਹ ਰਹੀ ਹੈ। ਕੱਲ ਸਾਰਾ ਦਿਨ ਤੇਜ਼ ਹਵਾਵਾਂ ਤੇ ਮੀਂਹ ਨੇ ਠੰਢ ਹੋਰ ਵਧਾ ਦਿਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਹਾਲੇ ਕੁੱਝ ਦਿਨ ਹੋਰ ਠੰਢ ਤੋਂ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਇਸ ਸਮੇਂ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਕਰਕੇ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਤੇ ਮੀਂਹ ਦਾ ਸਿਲਸਿਲਾ ਚਲ ਰਿਹਾ ਹੈ। ਜਦਕਿ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਮੱਧਮ ਬਰਸਾਤ ਹੋ ਰਹੀ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ 24 ਜਨਵਰੀ ਤੱਕ ਮੀਂਹ ਤੇ ਠੰਢ ਦਾ ਕਹਿਰ ਜਾਰੀ ਰਹੇਗਾ। ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਵੱਧ ਤੋਂ ਵੱਧ ਤਾਪਮਾਨ 20.1 ਡਿਗਰੀ ਸੈਲਸੀਅਸ (ਪਠਾਨਕੋਟ) ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ (ਬਠਿੰਡਾ) ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 20.5 ਡਿਗਰੀ ਸੈਲਸੀਅਸ (ਚੰਡੀਗੜ੍ਹ) ਰਿਕਾਰਡ ਕੀਤਾ ਗਿਆ, ਜਦਕਿ ਘੱਟੋ ਤਾਪਮਾਨ 9.1 ਡਿਗਰੀ ਸੈਲਸੀਅਸ (ਕਰਨਾਲ) ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹਰਿਆਣਾ ਦੇ ਕਈ ਇਲਾਕਿਆਂ ਵਿਚ ਹੱਡ ਕੰਬਾਊ ਸੀਤ ਲਹਿਰ ਚਲਦੀ ਰਹੀ, ਜਿਸ ਕਰਕੇ ਠੰਢ ਜ਼ਿਆਦਾ ਮਹਿਸੂਸ ਹੋਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ਵਿੱਚ ਇਸ ਸਮੇਂ ਪੱਛਮੀ ਗੜਬੜੀ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਕਰਕੇ ਪਹਾੜੀ ਇਲਾਕਿਆਂ `ਤੇ ਬਰਫ਼ਬਾਰੀ ਹੋ ਰਹੀ ਹੈ, ਜਦਕਿ ਮੈਦਾਨੀ ਇਲਾਕਿਆਂ `ਤੇ ਮੀਂਹ ਪੈ ਰਿਹਾ ਹੈ।

Comment here