ਅਪਰਾਧਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਹਾਲੇ ਵੀ ਡਰਾਉਣਾ ਹੈ ਅੱਤਵਾਦ ਦਾ ਵਿਕਰਾਲ ਰੂਪ

ਕੌਮਾਂਤਰੀ ਸੰਗਠਨ ਅਲਕਾਇਦਾ ਦੇ ਮੁਖੀ ਅਲ ਜ਼ਵਾਹਿਰੀ ਦੇ ਅਮਰੀਕੀ ਡਰੋਨ ਤੋਂ ਦਾਗੀ ਮਿਜ਼ਾਈਲ ਨਾਲ ਕਾਬੁਲ ਵਿਚ ਮਾਰੇ ਜਾਣ ਦੀ ਵੱਡੀ ਖ਼ਬਰ ਨੇ ਇਕ ਵਾਰ ਫਿਰ ਦੁਨੀਆ ਭਰ ਵਿਚ ਫੈਲੇ ਅੱਤਵਾਦ ਵੱਲ ਧਿਆਨ ਖਿੱਚਿਆ ਹੈ। ਬੇਸ਼ੱਕ ਜ਼ਵਾਹਿਰੀ ਅੰਤਰਰਾਸ਼ਟਰੀ ਪੱਧਰ ‘ਤੇ ਫੈਲੇ ਇਸ ਸੰਗਠਨ ਦਾ ਮੁਖੀ ਸੀ। ਉਸ ਨੂੰ ਮਾਰਨ ਲਈ ਅਮਰੀਕੀ ਪ੍ਰਸ਼ਾਸਨ ਨੂੰ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ। ਅਲਕਾਇਦਾ ਵਲੋਂ 11 ਸਤੰਬਰ, 2001 ਵਿਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਜਹਾਜ਼ਾਂ ਨੂੰ ਅਗਵਾ ਕਰਕੇ ਹਮਲਾ ਕੀਤਾ ਗਿਆ ਸੀ। ਉਥੇ ਵੱਡੇ ਵਪਾਰਕ ਟਾਵਰਾਂ ਨਾਲ ਇਨ੍ਹਾਂ ਜਹਾਜ਼ਾਂ ਦੇ ਟਕਰਾਉਣ ਨਾਲ ਤਹਿਸ-ਨਹਿਸ ਹੋਈਆਂ ਇਮਾਰਤਾਂ ਵਿਚ 3000 ਦੇ ਕਰੀਬ ਲੋਕ ਮਾਰੇ ਗਏ ਸਨ। ਉਸ ਸਮੇਂ ਇਸ ਅੱਤਵਾਦੀ ਸੰਗਠਨ ਦਾ ਮੁਖੀ ਓਸਾਮਾ-ਬਿਨ-ਲਾਦੇਨ ਸੀ।
ਅਫ਼ਗਾਨਿਸਤਾਨ ਵਿਚ ਉਸ ਵਕਤ ਰੂਸ ਦੇ ਖ਼ਿਲਾਫ਼ ਪਾਕਿਸਤਾਨ ਅਤੇ ਹੋਰ ਪੱਛਮੀ ਦੇਸ਼ਾਂ ਦੇ ਸਹਿਯੋਗ ਨਾਲ ਰੂਸ ਵਿਰੁੱਧ ਜੰਗ ਜਿੱਤ ਕੇ ਤਾਲਿਬਾਨ ਕਾਬਜ਼ ਹੋ ਚੁੱਕੇ ਸਨ। ਤਾਲਿਬਾਨ ਹਕੂਮਤ ਨੇ ਓਸਾਮਾ-ਬਿਨ-ਲਾਦੇਨ ਨੂੰ ਸ਼ਰਨ ਦਿੱਤੀ ਹੋਈ ਸੀ। ਬਾਅਦ ਵਿਚ ਅਮਰੀਕਾ ਨੇ ਹਮਲਾ ਕਰਕੇ ਤਾਲਿਬਾਨ ਹਕੂਮਤ ਨੂੰ ਖ਼ਤਮ ਕਰ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਅਫ਼ਗਾਨਿਸਤਾਨ ਨੂੰ ਵੀ ਵੱਡੀ ਹੱਦ ਤੱਕ ਤਬਾਹ ਕਰ ਦਿੱਤਾ ਸੀ। ਉਸ ਤੋਂ ਬਾਅਦ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿਚ ਲੁਕੇ ਹੋਏ ਓਸਾਮਾ ਨੂੰ ਅਮਰੀਕੀ ਸੁਰੱਖਿਆ ਦਸਤਿਆਂ ਨੇ ਹਵਾਈ ਹਮਲੇ ਵਿਚ ਮਾਰ ਦਿੱਤਾ ਸੀ ਪਰ ਉਸ ਤੋਂ 10 ਸਾਲ ਬਾਅਦ ਤੱਕ ਉਸ ਦਾ ਸਾਥੀ ਅਲ ਜ਼ਵਾਹਿਰੀ ਨਾ ਸਿਰਫ਼ ਬਚਿਆ ਹੀ ਰਿਹਾ, ਸਗੋਂ ਉਸ ਨੇ ਹਮੇਸ਼ਾ ਹੀ ਅਮਰੀਕੀ ਪ੍ਰਸ਼ਾਸਨ ਦੇ ਨਾਲ-ਨਾਲ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਆਪਣੇ ਨਿਸ਼ਾਨੇ ‘ਤੇ ਰੱਖਿਆ ਹੋਇਆ ਸੀ। ਅਲ ਜ਼ਵਾਹਿਰੀ ‘ਤੇ ਅਮਰੀਕਾ ਵਲੋਂ ਢਾਈ ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ, ਕਿਉਂਕਿ ਉਹ ਅਮਰੀਕਾ ਦੇ ਵਪਾਰਕ ਟਾਵਰਾਂ ‘ਤੇ 9/11 ਨੂੰ ਕੀਤੇ ਗਏ ਹਮਲੇ ਦਾ ਮੁੱਖ ਕਰਤਾ-ਧਰਤਾ ਸੀ। ਲੰਮੇ ਸਮੇਂ ਤੱਕ ਦੁਨੀਆ ਭਰ ਵਿਚ ਵੀ ਉਹ ਅਮਰੀਕੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਆ ਰਿਹਾ ਸੀ। ਸਾਲ 1998 ਵਿਚ ਉਸ ਨੇ ਕੀਨੀਆ ਤੇ ਤਨਜ਼ਾਨੀਆ ਦੇ ਅਮਰੀਕੀ ਸਫ਼ਾਰਤਖਾਨਿਆਂ ‘ਤੇ ਹਮਲੇ ਕਰਕੇ ਸੈਂਕੜੇ ਹੀ ਬੰਦੇ ਮਾਰ ਦਿੱਤੇ ਸਨ। ਇਸੇ ਤਰ੍ਹਾਂ ਉਸ ਨੇ ਯਮਨ ਵਿਚ ਅਮਰੀਕੀ ਨੇਵੀ ਦੇ ਜਹਾਜ਼ ‘ਤੇ ਹਮਲਾ ਕਰਵਾਇਆ ਸੀ, ਜਿਸ ਵਿਚ ਦਰਜਨਾਂ ਹੀ ਲੋਕ ਮਾਰੇ ਗਏ ਸਨ। ਚਾਹੇ ਅਮਰੀਕੀ ਫ਼ੌਜਾਂ ਦੇ ਅਫ਼ਗਾਨਿਸਤਾਨ ਛੱਡਣ ਸਮੇਂ ਤਾਲਿਬਾਨ ਨਾਲ ਦੋਵਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਹੋਇਆ ਸੀ ਕਿ ਤਾਲਿਬਾਨ ਅਲਕਾਇਦਾ ਨਾਲ ਕੋਈ ਸੰਬੰਧ ਨਹੀਂ ਰੱਖਣਗੇ ਪਰ ਤਾਲਿਬਾਨ ਹਮੇਸ਼ਾ ਪਾਕਿਸਤਾਨ ਵਾਂਗ ਦੋਗਲੀ ਨੀਤੀ ‘ਤੇ ਚਲਦੇ ਆ ਰਹੇ ਹਨ। ਹੁਣ ਕਾਬੁਲ ਵਿਚ ਅਲ ਜ਼ਵਾਹਿਰੀ ਦੇ ਮਾਰੇ ਜਾਣ ਨਾਲ ਉਨ੍ਹਾਂ ਦਾ ਇਹ ਚਿਹਰਾ ਮੁੜ ਨੰਗਾ ਹੋ ਗਿਆ ਹੈ।
ਪਾਕਿਸਤਾਨ ਵੀ ਭਾਰਤ ਨਾਲ ਹਮੇਸ਼ਾ ਅਜਿਹੀ ਦੋਗਲੀ ਨੀਤੀ ‘ਤੇ ਚਲਦਾ ਰਿਹਾ ਹੈ। ਪਰ ਅੱਜ ਜਿਸ ਤਰ੍ਹਾਂ ਹੱਕਾਨੀ ਨੈੱਟਵਰਕ, ਅਲਕਾਇਦਾ ਤੇ ਇਨ੍ਹਾਂ ਨਾਲ ਸੰਬੰਧਿਤ ਹੋਰ ਦਰਜਨਾਂ ਹੀ ਖੂੰਖਾਰ ਅੱਤਵਾਦੀ ਸੰਗਠਨ ਵਿਚਰ ਰਹੇ ਹਨ, ਉਹ ਭਾਰਤ ਲਈ ਹੀ ਨਹੀਂ, ਸਗੋਂ ਦੁਨੀਆ ਭਰ ਦੇ ਦੇਸ਼ਾਂ ਲਈ ਵੱਡਾ ਖ਼ਤਰਾ ਬਣੇ ਹੋਏ ਹਨ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਅੱਤਵਾਦੀ ਸੰਗਠਨਾਂ ਦੇ ਅੱਡੇ ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚ ਬਣੇ ਹੋਏ ਹਨ। ਇਸ ਲਈ ਅਲ ਜ਼ਵਾਹਿਰੀ ਵਰਗੇ ਅੱਤਵਾਦੀ ਆਗੂ ਦੇ ਮਾਰੇ ਜਾਣ ਨਾਲ ਭਾਵੇਂ ਕੁਝ ਹੱਦ ਤੱਕ ਇਨ੍ਹਾਂ ਸੰਗਠਨਾਂ ‘ਤੇ ਪ੍ਰਭਾਵ ਪਵੇਗਾ ਪਰ ਸਮੁੱਚੇ ਤੌਰ ‘ਤੇ ਕਿਸੇ ਵੀ ਤਰ੍ਹਾਂ ਇਨ੍ਹਾਂ ਤੋਂ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਜ਼ਰ ਨਹੀਂ ਆਉਂਦਾ। ਇਸ ਲਈ ਦੁਨੀਆ ਭਰ ਦੇ ਲੋਕਤੰਤਰੀ ਦੇਸ਼ਾਂ ਨੂੰ ਅਜੇ ਵੀ ਪੂਰੀ ਤਰ੍ਹਾਂ ਸੁਚੇਤ ਰਹਿਣਾ ਪਵੇਗਾ, ਕਿਉਂਕਿ ਪੈਦਾ ਹੋਏ ਇਸ ਜਿੰਨ ਦੇ ਹਾਲੇ ਵੀ ਕਿਸੇ ਤਰ੍ਹਾਂ ਕਾਬੂ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।

-ਬਰਜਿੰਦਰ ਸਿੰਘ ਹਮਦਰਦ

Comment here