ਅਪਰਾਧਸਿਆਸਤਖਬਰਾਂਦੁਨੀਆ

ਹਾਫਿਜ਼ ਦੀ ਰਿਹਾਇਸ਼ ਦੇ ਬਾਹਰ ਹੋਏ ਧਮਾਕੇ ’ਚ ਪਾਕਿ ਅਦਾਲਤ ਵਲੋਂ ਨੋਟਿਸ

ਲਾਹੌਰ-ਇੱਥੇ ਬੰਬ ਧਮਾਕੇ ਵਿੱਚ ਗਿ੍ਰਫ਼ਤਾਰ ਕੀਤੀ ਔਰਤ ਨੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਦੀ ਰਿਹਾਇਸ਼ ਦੇ ਬਾਹਰ ਧਮਾਕੇ ਬਾਰੇ ਅਦਾਲਤ ਵਿੱਚ ਕਿਹਾ ਕਿ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਕੋਈ ਠੋਸ ਆਧਾਰ ਨਹੀਂ ਬਣਦਾ। ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ। 23 ਜੂਨ ਨੂੰ ਸਈਦ ਦੇ ਜੌਹਰ ਸ਼ਹਿਰ ਸਥਿਤ ਰਿਹਾਇਸ਼ ਦੇ ਬਾਹਰ ਹੋਏ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਧਮਾਕੇ ’ਚ ਕਈ ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।
ਪੰਜਾਬ ਸਰਕਾਰ ਨੇ ਧਮਾਕੇ ਵਿੱਚ ਸ਼ਾਮਲ ਸਾਰੇ ‘‘10 ਪਾਕਿਸਤਾਨੀ ਸ਼ੱਕੀਆਂ” ਦੇ ਨੈੱਟਵਰਕ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲਸ ਦੇ ਇੱਕ ਅਧਿਕਾਰਤ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਚਾਰ ਸ਼ੱਕੀਆਂ – ਪੀਟਰ ਪਾਲ ਡੇਵਿਡ, ਈਦ ਗੁਲ, ਆਇਸ਼ਾ ਬੀਬੀ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਸੁਣਵਾਈ ਅਜੇ ਸ਼ੁਰੂ ਹੋਣੀ ਹੈ। ਆਇਸ਼ਾ ਬੀਬੀ ਨੇ ਲਾਹੌਰ ਹਾਈ ਕੋਰਟ ’ਚ ਗ੍ਰਿਫ਼ਤਾਰੀ ਤੋਂ ਬਾਅਦ ਦੀ ਪਟੀਸ਼ਨ ਦਾਇਰ ਕੀਤੀ, ਜਿਸ ਵਿਚ ਕਿਹਾ ਗਿਆ ਹੈ ਕਿ ਸਈਦ ਦੇ ਘਰ ਦੇ ਬਾਹਰ ਹੋਏ ਧਮਾਕੇ ’ਚ ਸ਼ਾਮਲ ਕਥਿਤ ਅੱਤਵਾਦੀਆਂ ਦੀ ’ਸਹਾਇਕ’ ਹੋਣ ਦੇ ਦੋਸ਼ ਵਿਚ ਉਸ ਨੂੰ ਸੀ.ਟੀ.ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਆਇਸ਼ਾ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਪੁਲਸ ਕੋਲ ਮੈਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਠੋਸ ਆਧਾਰ ਨਹੀਂ ਹੈ।
ਆਇਸ਼ਾ ਦੇ ਵਕੀਲ ਫਿਦਾ ਹੁਸੈਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਧਮਾਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਘਟਨਾ ਵੇਲੇ ਉਹ ਜੌਹਰ ਸ਼ਹਿਰ ਵਿਚ ਮੌਜੂਦ ਨਹੀਂ ਸੀ। ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਸੀਟੀਡੀ ਅਤੇ ਪੰਜਾਬ ਸਰਕਾਰ ਨੂੰ ਦੋ ਹਫ਼ਤਿਆਂ ਵਿੱਚ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਸਈਦ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸਈਦ (71) ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਘੋਸ਼ਿਤ ਕੀਤਾ ਹੈ ਅਤੇ ਅਮਰੀਕਾ ਨੇ ਉਸ ’ਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ। ਉਸ ਨੂੰ ਅੱਤਵਾਦ ਲਈ ਵਿੱਤ ਪੋਸ਼ਣ ਦੇ ਪੰਜ ਮਾਮਲਿਆਂ ਵਿਚ 36 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਕੇਸਾਂ ਵਿੱਚ ਸਜ਼ਾਵਾਂ ਇੱਕੋ ਸਮੇਂ ਚੱਲ ਰਹੀਆਂ ਹਨ।

Comment here