ਪੁਲਿਸ ਵਰਦੀ ਵਿਚ ਆਏ ਲੁਟੇਰੇ ਪੰਜਾਹ ਲੱਖ ਲੁੱਟ ਕੇ ਲੈ ਗਏ
ਤਰਨਤਾਰਨ-ਪੰਜਾਬ ਦੇ ਸਰਹੱਦੀ ਇਲਾਕੇ ਵਿਚ ਕੁਝ ਦਿਨਾਂ ਤੋਂ ਲਗਾਤਾਰ ਗੈਰ ਸਮਾਜੀ ਅਨਸਰਾਂ ਦੀ ਸਰਗਰਮੀ ਵਧਣ, ਧਮਾਕਾਖੇਜ ਸਮਗਰੀ ਬਰਾਮਦ ਹੋਣ ਕਰਕੇ ਸੁਰੱਖਿਆ ਤੰਤਰ ਲਗਾਤਾਰ ਚੌਕਸੀ ਵਰਤ ਰਿਹਾ ਹੈ, ਪਰ ਇਸ ਦੇ ਬਾਵਜੂਦ ਅਪਰਾਧੀ ਸਰਗਰਮ ਹਨ ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜੋ ਸੁਰੱਖਿਆ ਤੰਤਰ ਦੇ ਚੌਕਸੀ ਵਾਲੇ ਦਾਅਵਿਆਂ ਤੇ ਸਵਾਲ ਖੜੇ ਕਰ ਰਿਹਾ ਹੈ। ਬੀਤੇ ਸ਼ਨੀਵਾਰ ਤਰਨ ਤਾਰਨ ਦੇ ਜੰਡਿਆਲਾ ਰੋਡ ਉਤੇ ਐਚਡੀਐਫਸੀ ਬੈਂਕ ਦੀ ਬਰਾਂਚ ਵਿਚ ਦੋ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਪੁਲਿਸ ਦੀ ਵਰਦੀ ਵਿਚ ਆਏ ਲੁਟੇਰੇ ਬੈਂਕ ਵਿਚੋਂ 50 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਲੁਟੇਰਾ ਪੁਲਿਸ ਦੀ ਵਰਦੀ ਪਾ ਕੇ ਕੈਸ਼ ਕਾਉਂਟਰ ਅੰਦਰ ਦਾਖਲ ਹੋ ਕੇ ਕਿਸ ਤਰੀਕੇ ਨਾਲ ਲੁੱਟ ਕਰ ਰਿਹਾ ਹੈ ਅਤੇ ਲੁੱਟ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਕਿ ਐਚਡੀਐਫਸੀ ਬੈਂਕ ਦੇ ਗਾਰਡ ਕੋਲ ਬੰਦੂਕ ਵੀ ਨਹੀਂ ਸੀ। ਇਸ ਘਟਨਾ ਨੇ ਸ਼ਹਿਰ ਦੀ ਸੁਰੱਖਿਆ ਉਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਈ ਅਲਰਟ ਦੇ ਬਾਵਜੂਦ ਹੋਈ ਇਸ ਘਟਨਾ ਨੇ ਪੁਲਿਸ ਦੇ ਨਾਕਿਆਂ ਦੀ ਪੋਲ ਖੋਲ ਦਿੱਤੀ ਹੈ। 200 ਮੀਟਰ ਦੀ ਦੂਰੀ ਉਤੇ ਹੀ ਸਿਟੀ ਥਾਣਾ ਹੈ ਪਰ ਲੁਟੇਰੇ ਲੁੱਟ ਕਰਨ ਵਿਚ ਕਾਮਯਾਬ ਹੋਏ।
Comment here