ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਹਾਂਗਕਾਂਗ ਨੇ ਭਾਰਤ ਸਮੇਤ 8 ਦੇਸ਼ਾਂ ਦੀਆਂ ਉਡਾਣਾਂ ’ਤੇ ਲਗਾਈ ਪਾਬੰਦੀ

ਨਵੀਂ ਦਿੱਲੀ-ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਵਿਸ਼ਵ ਭਰ ਵਿਚ ਪਾਬੰਦੀਆਂ ਸ਼ੁਰੂ ਹੋ ਚੁਕੀਆੰ ਹਨ। ਹਾਂਗਕਾਂਗ ਨੇ ਭਾਰਤ ਅਤੇ 7 ਹੋਰ ਦੇਸ਼ਾਂ ਤੋਂ ਉਡਾਣਾਂ ’ਤੇ 2 ਹਫ਼ਤਿਆਂ ਲਈ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਉਥੇ ਹੀ ਇਕ ਜਹਾਜ਼ ’ਤੇ ਸਵਾਰ ਕਰੀਬ 2500 ਯਾਤਰੀਆਂ ਨੂੰ ਵੀ ਜਾਂਚ ਲਈ ਰੋਕਣ ਦਾ ਫ਼ੈਸਲਾ ਕੀਤਾ ਗਿਆ। ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਕੈਨੇਡਾ, ਫਰਾਂਸ, ਫਿਲੀਪੀਨ, ਬ੍ਰਿਟੇਨ ਅਤੇ ਅਮਰੀਕਾ ਤੋਂ ਯਾਤਰੀ ਉਡਾਣਾਂ ’ਤੇ 2 ਹਫ਼ਤੇ ਲਈ ਪਾਬੰਦੀ ਐਤਵਾਰ ਤੋਂ ਪ੍ਰਭਾਵੀ ਹੋਵੇਗੀ ਅਤੇ 21 ਜਨਵਰੀ ਤੱਕ ਲਾਗੂ ਰਹੇਗੀ। ਹਾਂਗਕਾਂਗ ਦੀ ਨੇਤਾ ਕੈਰੀ ਲਾਮ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਤੋਂ 2 ਹਫ਼ਤਿਆਂ ਲਈ ਸ਼ਾਮ 6 ਵਜੇ ਦੇ ਬਾਅਦ ਰੈਸਟੋਰੈਂਟ ਬੰਦ ਕਰ ਦਿੱਤੇ ਜਾਣਗੇ। ਇਸ ਮਿਆਦ ਦੌਰਾਨ ਖੇਡ ਦੇ ਮੈਦਾਨ, ਬਾਰ ਅਤੇ ਬਿਊਟੀ ਸੈਲੂਨ ਵੀ ਬੰਦ ਰਹਿਣਗੇ। ਲਾਮ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਸਾਨੂੰ ਇਹ ਯਕੀਨੀ ਕਰਨ ਲਈ ਮਹਾਮਾਰੀ ਨੂੰ ਰੋਕਣਾ ਹੋਵੇਗਾ ਕਿ ਭਾਈਚਾਰੇ ਵਿਚ ਫਿਰ ਤੋਂ ਕੋਈ ਵੱਡਾ ਪ੍ਰਕੋਪ ਨਾ ਹੋਵੇ।’ ਨਾਲ ਹੀ ਕਿਹਾ ਕਿ ਹਾਂਗਕਾਂਗ ਮਹਾਮਾਰੀ ਦੀ ਇਕ ਹੋਰ ‘ਲਹਿਰ ਦੀ ਕਗਾਰ’ ’ਤੇ ਪਹੁੰਚ ਗਿਆ ਹੈ। ਪਿਛਲੇ ਇਕ ਹਫ਼ਤੇ ਵਿਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਸੰਕ੍ਰਮਣ ਦੇ ਕਈ ਮਾਮਲੇ ਆਉਣ ਦੇ ਬਾਅਦ ਇਹ ਕਦਮ ਚੁੱਕੇ ਗਏ ਹਨ। ਮੰਗਲਵਾਰ ਨੂੰ 114 ਮਰੀਜ਼ਾਂ ਦੇ ਇਸ ਵੇਰੀਐਂਟ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਦੂਜੇ ਦੇਸ਼ਾਂ ਤੋਂ ਆਏ ਸਨ।
ਹਾਂਗਕਾਂਗ ਨੇ ਜਹਾਜ਼ ‘ਰਾਇਲ ਕੈਰੇਬੀਅਨ ਸਪੈਕਟ੍ਰਮ’ ’ਤੇ ਸਵਾਰ ਕਰੀਬ 2500 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਰੋਕ ਰੱਖਿਆ ਹੈ। ਐਤਵਾਰ ਨੂੰ ਯਾਤਰਾ ’ਤੇ ਨਿਕਲੇ ਜਹਾਜ਼ ’ਤੇ 9 ਯਾਤਰੀਆਂ ਦੇ ਸੰਕ੍ਰਮਿਤ ਪਾਏ ਜਾਣ ਦੇ ਬਾਅਦ ਇਸ ਨੂੰ ਵਾਪਸ ਆਉਣ ਨੂੰ ਕਿਹਾ ਦਿੱਤਾ ਗਿਆ। ਇਹ ਜਹਾਜ਼ ਬੁੱਧਵਾਰ ਨੂੰ ਹਾਂਗਕਾਂਗ ਪਰਤ ਆਇਆ ਅਤੇ ਯਾਤਰੀਆਂ ਨੂੰ ਜਾਂਚ ਦਾ ਨਤੀਜਾ ਆਉਣ ਤੱਕ ਜਹਾਜ਼ ਵਿਚ ਹੀ ਰਹਿਣ ਨੂੰ ਕਿਹਾ ਗਿਆ ਹੈ। ਹਾਂਗਕਾਂਗ ਵਿਚ ਮੰਗਲਵਾਰ ਤੱਕ ਕੋਵਿਡ-19 ਦੇ ਕੁੱਲ 12,690 ਮਾਮਲੇ ਆ ਚੁੱਕੇ ਹਨ ਅਤੇ ਸੰਕ੍ਰਮਣ ਨਾਲ 213 ਲੋਕਾਂ ਦੀ ਮੌਤ ਹੋਈ ਹੈ।

Comment here