ਸਿਆਸਤਖਬਰਾਂਦੁਨੀਆ

ਹਾਂਗਕਾਂਗ ਦੀਆਂ ਚੋਣਾਂ ’ਚ ਚੀਨ ਪੱਖੀ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ

ਬੀਜਿੰਗ-ਹਾਂਗਕਾਂਗ ਦੀਆਂ ਚੋਣਾਂ ਵਿੱਚ ਚੀਨ ਪੱਖੀ ਉਮੀਦਵਾਰਾਂ ਨੇ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ। ਉਸਨੇ ਬੀਜਿੰਗ ਦੇ ਖੁਦਮੁਖਤਿਆਰ ਖੇਤਰ ਦੇ ਚੋਣ ਕਾਨੂੰਨ ਵਿੱਚ ਤਬਦੀਲੀਆਂ ਤੋਂ ਬਾਅਦ ਪਹਿਲੀਆਂ ਚੋਣਾਂ ਵਿੱਚ ਕੇਂਦਰਵਾਦੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਹਰਾਇਆ। ਚੀਨ ਨੇ ਇਹ ਯਕੀਨੀ ਬਣਾਉਣ ਲਈ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਬੀਜਿੰਗ ਪ੍ਰਤੀ ਵਫ਼ਾਦਾਰ ਲੋਕ ਹੀ ਸ਼ਹਿਰ ਦਾ ਪ੍ਰਸ਼ਾਸਨ ਸੰਭਾਲ ਲੈਣ। ਇਸ ਤੋਂ ਬਾਅਦ ਬੀਤੇ ਐਤਵਾਰ ਨੂੰ ਹੋਈਆਂ ਪਹਿਲੀਆਂ ਚੋਣਾਂ ’ਚ ਬੀਜਿੰਗ ਦੇ ਭਰੋਸੇਮੰਦ ਉਮੀਦਵਾਰਾਂ ਨੇ ਜ਼ਿਆਦਾਤਰ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।
ਹਾਂਗਕਾਂਗ ਦੀ ਨੇਤਾ ਅਤੇ ਚੀਨ ਪੱਖੀ ਨੇਤਾ ਕੈਰੀ ਲੈਮ ਨੇ ਸੋਮਵਾਰ ਨੂੰ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ 30.2 ਫੀਸਦੀ ਵੋਟਿੰਗ ਹੋਣ ਦੇ ਬਾਵਜੂਦ ਉਹ ‘‘ਸੰਤੁਸ਼ਟ’’ ਹੈ। ਜ਼ਿਕਰਯੋਗ ਹੈ ਕਿ ਸਾਲ 1997 ’ਚ ਬ੍ਰਿਟੇਨ ਨੇ ਹਾਂਗਕਾਂਗ ਨੂੰ ਚੀਨ ਨੂੰ ਸੌਂਪ ਦਿੱਤਾ ਸੀ ਅਤੇ ਉਦੋਂ ਤੋਂ ਇਹ ਸਭ ਤੋਂ ਘੱਟ ਵੋਟਿੰਗ ਹੈ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵੋਟਰਾਂ ਵਿੱਚੋਂ 92.5 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜੋ ਕਿ 2012 ਅਤੇ 2016 ਦੀਆਂ ਚੋਣਾਂ ਨਾਲੋਂ ਵੱਧ ਹੈ, ਜਦੋਂ ਕਿ ਸਿਰਫ 70 ਫੀਸਦੀ ਰਜਿਸਟਰਡ ਵੋਟਰਾਂ ਨੇ ਹੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।
ਵਰਨਣਯੋਗ ਹੈ ਕਿ ਨਵੇਂ ਕਾਨੂੰਨ ਤਹਿਤ ਵਿਧਾਨ ਪ੍ਰੀਸ਼ਦ ਦੇ ਸਿੱਧੇ ਚੁਣੇ ਗਏ ਮੈਂਬਰਾਂ ਦੀ ਗਿਣਤੀ 35 ਤੋਂ ਘਟਾ ਕੇ 20 ਕਰ ਦਿੱਤੀ ਗਈ ਹੈ ਜਦਕਿ ਕੁੱਲ ਮੈਂਬਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਹੁਣ 70 ਦੀ ਬਜਾਏ 90 ਮੈਂਬਰੀ ਕੌਂਸਲ ਰਹਿ ਗਈ ਹੈ। ਇਹਨਾਂ ਵਿੱਚੋਂ ਬਹੁਤੇ ਮੈਂਬਰ ਚੀਨ ਪੱਖੀ ਸੰਸਥਾਵਾਂ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ, ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਵਿਧਾਨ ਸਭਾ ਵਿੱਚ ਉਹਨਾਂ ਦਾ ਬਹੁਮਤ ਹੈ।

Comment here