ਸਿਟੀ ਆਫ ਵਿਕਟੋਰੀ-ਗਾਇਕੀ ਦੇ ਸਿਰ ਤੇ ਕਰੋੜਾਂ ਦਿਲਾਂ ਚ ਰਾਜ ਕਰਨ ਵਾਲੇ ਹਾਂਗਕਾਂਗ ਦੇ ਮਸ਼ਹੂਰ ਗਾਇਕ ਐਂਥਨੀ ਵੋਂਗ ਨੂੰ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਲੰਘੇ ਸੋਮਵਾਰ ਇਸ ਦੋਸ਼ ’ਚ ਗ੍ਰਿਫਤਾਰ ਕਰ ਲਿਆ ਕਿ ਉਨ੍ਹਾਂ ਨੇ 3 ਸਾਲ ਪਹਿਲਾਂ ਇਕ ਸਿਆਸੀ ਰੈਲੀ ’ਚ ਗਾਣੇ ਗਾ ਕੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਅਰਧ ਸਵਾਇਤ ਚੀਨੀ ਖੇਤਰ ’ਚ ਲੋਕਤੰਤਰ ਲਈ ਮੁਹਿੰਮ ਚਲਾਉਣ ਵਾਲਿਆਂ ਖ਼ਿਲਾਫ ਸਰਕਾਰ ਦੀ ਮੁਹਿੰਮ ਅਧੀਨ ਵੋਂਗ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂਗਕਾਂਗ ’ਚ ਭ੍ਰਿਸ਼ਟਾਚਾਰ ਖ਼ਿਲਾਫ ਆਜ਼ਾਦ ਕਮਿਸ਼ਨ ਨੇ ਕਿਹਾ ਕਿ 2018 ਦੀ ਰੈਲੀ ’ਚ ਵੋਂਗ ਨੇ ਦੋ ਗਾਣੇ ਗਾਏ ਸਨ ਤੇ ਰੈਲੀ ’ਚ ਮੌਜੂਦ ਲੋਕਾਂ ਨੂੰ ਵਿਧਾਨ ਸਭਾ ਉਪ ਚੋਣਾਂ ’ਚ ਲੋਕਤੰਤਰ ਸਮਰਥਕ ਉਮੀਦਵਾਰ ਅਉ ਨੋਕ ਹਿਨ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ। ਸੰਸਥਾ ਨੇ ਅਉ ਨੂੰ ਵੀ ਦੋਸ਼ੀ ਠਹਿਰਾਇਆ ਸੀ। ਅਉ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਰੈਲੀ ਦਾ ਪ੍ਰਚਾਰ-ਪ੍ਰਸਾਰ ਕੀਤਾ ਤੇ ਦੱਸਿਆ ਕਿ ਵੋਂਗ ਪੇਸ਼ਕਾਰੀ ਦੇਣਗੇ। ਅਉ ਚੋਣ ਜਿੱਤ ਗਏ ਸਨ। ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਇਕ ਬਿਆਨ ’ਚ ਕਿਹਾ ਕਿ ਕਿਸੇ ਚੋਣ ਪ੍ਰੋਗਰਾਮ ’ਚ ਦੂਜਿਆਂ ਦਾ ਮਨੋਰੰਜਨ ਕਰਨਾ ‘ਭ੍ਰਿਸ਼ਟ ਆਚਰਣ ਤੇ ਗੰਭੀਰ ਅਪਰਾਧ’ ਹੈ ਤੇ ਇਹ ਚੋਣ ਆਰਡੀਨੈਂਸ ਦੇ ਖ਼ਿਲਾਫ ਹੈ। ਹਾਲਾਂਕਿ ਬਾਅਦ ਚ ਵੋਂਗ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਪਰ ਅਉ ਮਾਰਚ ਤੋਂ ਜੇਲ੍ਹ ’ਚ ਹਨ। ਪਿਛਲੇ ਸਾਲ ਗੈਰ-ਅਧਿਕਾਰਤ ਪ੍ਰਾਇਮਰੀ ਚੋਣ ਦੇ ਮਾਮਲੇ ’ਚ ਅਉ ਸਮੇਤ ਲੋਕਤੰਤਰ ਸਮਰਥਕ 47 ਕਾਰਜਕਰਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਚੀਨ ਨੇ ਪਿਛਲੇ ਸਾਲ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ, ਜਿਸ ਤੋਂ ਬਾਅਦ 100 ਤੋਂ ਵੱਧ ਕਾਰਕੁੰਨ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਸਾਲ 2019 ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਲੋਕਤੰਤਰ ਸਮਰਥਕ ਸਰਕਾਰ ਦੇ ਨਿਸ਼ਾਨੇ ’ਤੇ ਹੈ।
Comment here