ਅੰਮ੍ਰਿਤਸਰ – ਪੰਜਾਬ ਚ ਅਮਨ ਕਨੂੰਨ ਦੀ ਸਥਿਤੀ ਦਾ ਕੀ ਹਾਲ ਹੈ, ਅੰਮ੍ਰਿਤਸਰ ਦੇ ਹਸਪਤਾਲ ਚ ਵਾਪਰੀ ਘਟਨਾ ਤੋਂ ਨਸ਼ਰ ਹੋ ਰਿਹਾ ਹੈ,ਬੀਤੀ ਰਾਤ ਅੰਮ੍ਰਿਤਸਰ ਦੇ ਸਰਕੂਲਰ ਰੋਡ ਉਤੇ ਸਥਿਤ ਕੇ ਡੀ ਹਸਪਤਾਲ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਨਾਲ ਗੈਂਗਸਟਰ ਰਣਵੀਰ ਸਿੰਘ ਰਾਣਾ ਕੰਦੋਵਾਲੀਆ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ , ਜਿਹਨਾਂ ਚ ਇੱਕ ਕੰਦੋਵਾਲੀਆ ਦਾ ਸਾਥੀ ਤੇਜਬੀਰ ਸਿੰਘ ਤੇਜਾ ਤੇ ਇੱਕ ਹਸਪਤਾਲ ਦਾ ਸੁਰੱਖਿਆ ਗਾਰਡ ਸ਼ਾਮਲ ਹੈ। ਰਾਣਾ ਕੰਦੋਵਾਲੀਆ ਹਸਪਤਾਲ ਵਿਚ ਇੱਕ ਮਰੀਜ਼ ਦਾ ਪਤਾ ਲੈਣ ਆਇਆ ਸੀ ਕਿ ਗੈਂਸਟਰਾਂ ਦੇ ਇਕ ਹੋਰ ਗਰੁਪ ਨੇ ਹਮਲਾ ਕਰ ਦਿੱਤਾ। ਹਮਲਾਵਰ ਅਸਾਨੀ ਨਾਲ ਆਏ, ਵਾਰਦਾਤ ਨੂੰ ਅੰਜਾਮ ਦੇ ਕੇ ਅਸਾਨੀ ਨਾਲ ਫਰਾਰ ਹੋ ਗਏ ਤੇ ਫਰਾਰ ਹੁੰਦੇ ਸਮੇਂ ਹਮਲਾਵਰਾਂ ਨੇ ਹਸਪਤਾਲ ਦੇ ਬਾਹਰ ਵੀ ਗੋਲੀ ਚਲਾਈ ਜੋ ਸੁਰੱਖਿਆ ਗਾਰਡ ਅਰੁਣ ਕੁਮਾਰ ਦੇ ਲੱਗਣ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ, ਏਸੀਪੀ ਨਾਰਥ ਸਰਬਜੀਤ ਸਿੰਘ ਅਤੇ ਪੁਲਸ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਘਟਨਾ ਸਥਾਨ ਉਤੇ ਪਹੁੰਚ ਗਏ।ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਮਲਾਵਰ ਕਾਰ ਉਤੇ ਆਏ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਚਾਰ ਦੇ ਕਰੀਬ ਸੀ। ਘਟਨਾ ਤੋਂ ਬਾਅਦ ਰਾਣਾ ਕੰਦੋਵਾਲੀਆ ਦੇ ਪਰਿਵਾਰ ਤੇ ਸਮਰਥਕਾਂ ਨੇ ਰੋਸ ਦਾ ਪ੍ਰਗਟਾਅ ਕੀਤਾ ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਹੱਥ ਹੋ ਸਕਦਾ ਹੈ। ਕੰਦੋਵਾਲੀਆ ਉਤੇ ਵੀ ਕਈ ਮਾਮਲੇ ਦਰਜ ਸਨ ਅਤੇ ਉਹ ਦਸੰਬਰ 2019 ਵਿਚ ਜ਼ਮਾਨਤ ਉਤੇ ਬਾਹਰ ਆਇਆ ਸੀ।
Comment here