ਨਵੀਂ ਦਿੱਲੀ–ਭਾਰਤ ਵਿਚ ਭਾਵੇਂ ‘ਅਗਨੀਪਥ’ ਯੋਜਨਾ ਨੂੰ ਲੈ ਕੇ ਹੰਗਾਮਾ ਹੋਇਆ ਸੀ, ਪਰ ਫ਼ੌਜ ਭਰਤੀ ਯੋਜਨਾ ‘ਅਗਨੀਪਥ’ ਤਹਿਤ ਹਵਾਈ ਫ਼ੌਜ ’ਚ ਬਤੌਰ ਅਗਨੀਵੀਰਾਂ ਦੀ ਭਰਤੀ ਹੋਣ ਨੂੰ ਲੈ ਕੇ ਨੌਜਵਾਨਾਂ ’ਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਹਵਾਈ ਫ਼ੌਜ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ 5 ਜੁਲਾਈ 2022 ਤੱਕ ਅਗਨੀਪਥ ਭਰਤੀ ਯੋਜਨਾ ਤਹਿਤ 7.5 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਈ ਅਤੇ ਮੰਗਲਵਾਰ 5 ਜੁਲਾਈ ਨੂੰ ਪੂਰੀ ਹੋ ਗਈ। ਦੱਸ ਦੇਈਏ ਕਿ 14 ਜੂਨ ਨੂੰ ਇਸ ਯੋਜਨਾ ਦੇ ਜਾਰੀ ਹੋਣ ਮਗਰੋਂ ਇਸ ਦੇ ਖਿਲਾਫ਼ ਕਈ ਸੂਬਿਆਂ ’ਚ ਲੱਗਭਗ ਇਕ ਹਫ਼ਤੇ ਤੱਕ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਕਈ ਟਰੇਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਵੱਖ-ਵੱਖ ਵਿਰੋਧੀ ਧਿਰਾਂ ਵਲੋਂ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।
14 ਜੂਨ ਨੂੰ ਹੋਇਆ ਸੀ ਅਗਨੀਪਥ ਭਰਤੀ ਯੋਜਨਾ ਦਾ ਐਲਾਨ
ਜ਼ਿਕਰਯੋਗ ਹੈ ਕਿ ਅਗਨੀਪਥ ਯੋਜਨਾ 14 ਜੂਨ ਨੂੰ ਐਲਾਨ ਕੀਤੀ ਗਈ ਸੀ, ਜਿਸ ’ਚ ਸਾਢੇ 17 ਸਾਲ ਤੋਂ 21 ਸਾਲ ਵਿਚਾਲੇ ਨੌਜਵਾਨ ਨੂੰ ਸਿਰਫ 4 ਸਾਲਾਂ ਲਈ ਫ਼ੌਜ ’ਚ ਭਰਤੀ ਕਰਨ ਦੀ ਪ੍ਰਕਿਰਿਆ ਹੈ। 4 ਸਾਲ ਬਾਅਦ ਇਨ੍ਹਾਂ ’ਚੋਂ ਸਿਰਫ 25 ਫ਼ੀਸਦੀ ਨੌਜਵਾਨਾਂ ਦੀ ਸੇਵਾ ਨਿਯਮਿਤ ਕਰਨ ਦੀ ਵਿਵਸਥਾ ਹੈ। ਇਸ ਯੋਜਨਾ iਖ਼ਲਾਫ਼ ਵਿਰੋਧ ਪ੍ਰਦਰਸ਼ਨ ਮਗਰੋਂ ਸਰਕਾਰ ਨੇ 2022 ’ਚ ਭਰਤੀ ਲਈ ਉੱਪਰੀ ਉਮਰ ਹੱਦ ਨੂੰ ਇਸ ਸਾਲ ਲਈ ਵਧਾ ਕੇ 23 ਸਾਲ ਕਰ ਦਿੱਤਾ ਹੈ।
ਹੁਣ ਤੱਕ ਦੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਗਿਣਤੀ
ਇਸ ਦਰਮਿਆਨ ਮੰਗਲਵਾਰ ਨੂੰ ਭਾਰਤੀ ਹਵਾਈ ਫ਼ੌਜ ਨੇ ਟਵਿੱਟਰ ’ਤੇ ਟਵੀਟ ਕਰ ਕੇ ਕਿਹਾ ਕਿ ਅਗਨੀਪਥ ਭਰਤੀ ਯੋਜਨਾ ਲਈ ਹਵਾਈ ਫ਼ੌਜ ਵਲੋਂ ਆਯੋਜਿਤ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ’ਚ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਕਦੇ ਹਵਾਈ ਫ਼ੌਜ ਦੀ ਕਿਸੇ ਵੀ ਭਰਤੀ ਲਈ ਇੰਨੀਆਂ ਅਰਜ਼ੀਆਂ ਨਹੀਂ ਮਿਲੀਆਂ ਸਨ। ਇਸ ਵਾਰ 7,49,899 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਧ ਰਜਿਸਟ੍ਰੇਸ਼ਨ ਰਿਕਾਰਡ ਹੈ। ਇਸ ਤੋਂ ਪਹਿਲਾਂ 6,31,528 ਅਰਜ਼ੀਆਂ ਦਾ ਸਭ ਤੋਂ ਵਧ ਅੰਕੜਾ ਰਿਹਾ ਸੀ।
Comment here