ਸੰਗਰੂਰ- ਹਾਲ ਹੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕੁੱਤਿਆਂ ਦੇ ਸ਼ੌਕੀਨ ਮਾਲਕਾਂ ਨੂੰ ਖ਼ਤਰਨਾਕ ਨਸਲਾਂ ਜਿਵੇਂ ਪਿਟਬੁੱਲ, ਭਾਰਤੀ ਬੁਲੀ ਜਾਂ ਪਾਕਿਸਤਾਨੀ ਬੁਲੀ ਕਿਸਮ ਨੂੰ ਘਰ ਰੱਖਣ, ਪਾਲਣ ਪੋਸ਼ਣ ਵੇਚਣ ਵੱਟਣ ਜਾਂ ਬਰੀਡਿੰਗ ਕਰਨ ‘ਤੇ ਕਾਨੂੰਨੀ ਬੰਦਿਸ਼ ਲਗਾ ਦਿਤੀ ਹੈ ਪਰ ਇਹ ਵੀ ਸੱਚ ਹੈ ਕਿ ਸਾਡੇ ਸੂਬੇ ਦਾ ਪ੍ਰਸ਼ਾਸਨ ਇਨ੍ਹਾਂ ਕਾਨੂੰਨੀ ਬੰਦਸ਼ਾਂ ਨੂੰ ਹਮੇਸ਼ਾ ਰੂਟੀਨ ਦਾ ਮਸਲਾ ਕਹਿ ਕੇ ਬੇਧਿਆਨਾ ਜਿਹਾ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਕੋਲ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਵਾਉਣ ਹਿਤ ਕੋਈ ਸਪੈਸ਼ਲ ਫ਼ੋਰਸ ਜਾਂ ਹੋਰ ਸਰਕਾਰੀ ਅਮਲਾ ਫੈਲਾ ਮੌਜੂਦ ਹੀ ਨਹੀਂ ਜਿਸ ਨਾਲ ਉਹ ਕਾਨੂੰਨ ਦੀ ਪਾਲਣਾ ਕਰਵਾਉਣ ਦੇ ਯੋਗ ਹੋ ਜਾਣ | ਜਿਥੇ ਲੋਕਾਂ ਨੂੰ ਆਵਾਰਾ ਕੁੱਤੇ ਅਕਸਰ ਕੱਟ ਦਿੰਦੇ ਹਨ ਉਥੇ ਕੁੱਤਿਆਂ ਦੇ ਸ਼ੌਕੀਨ ਲੋਕਾਂ ਵਲੋਂ ਅਪਣੇ ਘਰਾਂ ਵਿਚ ਪਾਲੇ-ਪਲੋਸੇ ਪਾਲਤੂ ਕੁੱਤੇ ਵੀ ਆਵਾਰਾ ਕੱੁਤਿਆਂ ਨਾਲੋਂ ਘੱਟ ਨਹੀਂ ਅਤੇ ਇਹ ਵੀ ਕੱਟਣ ਵਿਚ ਬਰਾਬਰ ਦਾ ਯੋਗਦਾਨ ਪਾਉਂਦੇ ਹਨ | ਸਾਲ 2018 ਦੇ ਅੰਕੜਿਆਂ ਮੁਤਾਬਕ, ਇਸ ਸਾਲ ਦੌਰਾਨ 1 ਲੱਖ 13 ਹਜ਼ਾਰ ਵਿਅਕਤੀ ਅਵਾਰਾ ਅਤੇ ਘਰੇਲੂ ਕੁੱਤਿਆਂ ਦੁਆਰਾ ਕੱਟੇ ਗਏ ਅਤੇ 2017 ਦੌਰਾਨ ਇਹ ਗਿਣਤੀ 1 ਲੱਖ 12 ਹਜ਼ਾਰ ਦੇ ਕਰੀਬ ਸੀ | ਪੰਜਾਬ ਅੰਦਰ ਇਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਹਰ ਰੋਜ਼ 300 ਵਿਅਕਤੀ ਆਵਾਰਾ ਕੁੱਤਿਆਂ ਦੁਆਰਾ ਕੱਟੇ ਜਾਂਦੇ ਹਨ | ਆਵਾਰਾ ਕੁੱਤਿਆਂ ਦੀ ਮਰਦਮ ਸ਼ੁਮਾਰੀ ਮੁਤਾਬਕ 2012 ਦੌਰਾਨ ਇਨ੍ਹਾਂ ਦੀ ਗਿਣਤੀ 4 ਲੱਖ 77 ਹਜ਼ਾਰ ਦੱਸੀ ਗਈ ਸੀ ਪਰ ਮੌਜੂਦਾ ਸਮੇਂ ਦੌਰਾਨ ਇਨ੍ਹਾਂ ਦੀ ਗਿਣਤੀ ਤਕਰੀਬਨ 5 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ | ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਬੋਲਦਿਆਂ ਸੂਬਾ ਸਰਕਾਰ ਨੂੰ ਪੰਜਾਬ ਵਿਚ ਕੁੱਤਿਆਂ ਦੀਆਂ ਖ਼ਤਰਨਾਕ ਕਿਸਮਾਂ ਪਾਲਣ ਵਾਲੇ ਕੁੱਤਿਆਂ ਦੇ ਸ਼ੌਕੀਨਾਂ ਉਪਰ ਕਾਨੂੰਨੀ ਸ਼ਿਕੰਜਾ ਕਸਣ ਦੀ ਸਲਾਹ ਦਿਤੀ ਹੈ ਤਾਕਿ ਆਮ ਜਨਤਾ ਕੁੱਤਿਆਂ ਦੇ ਪ੍ਰਕੋਪ ਤੋਂ ਬਚ ਸਕੇ | ਇਸ ਵਿਧਾਇਕ ਨੇ ਕੁੱਤਿਆਂ ਦਾ ਇਹ ਗੰਭੀਰ ਮੁੱਦਾ ਵਿਧਾਨ ਸਭਾ ਅੰਦਰ ਉਠਾਉਂਦਿਆਂ ਇਹ ਵੀ ਦੱਸਿਆ ਕਿ ਕੁੱਤਿਆਂ ਵਲੋਂ ਵੱਢੇ ਜਾਣ ਵਾਲੇ ਕੁੱਲ ਵਿਅਕਤੀਆਂ ਵਿਚੋਂ ਅੱਧੇ ਤੋਂ ਵੱਧ ਬੱਚੇ ਹੁੰਦੇ ਹਨ ਜਿਹੜੇ ਜ਼ਿਆਦਾ ਨੋਚੇ ਜਾਣ ਜਾਂ ਜ਼ਿਆਦਾ ਵੱਢ ਟੁੱਕ ਕੀਤੇ ਜਾਣ ਨਾਲ ਅਪਣੇ ਪਰਵਾਰਾਂ ਨੂੰ ਵਿਛੋੜਾ ਦੇ ਦਿੰਦੇ ਹਨ | ਨੀਦਰਲੈਂਡ ਦੁਨੀਆਂ ਦਾ ਇਕੱਲਾ ਅਜਿਹਾ ਦੇਸ਼ ਹੈ ਜਿਥੇ ਕੋਈ ਵੀ ਆਵਾਰਾ ਕੁੱਤਾ ਨਹੀਂ ਪਰ ਜਿਹੜੇ ਲੋਕ ਕੁੱਤਿਆਂ ਦੇ ਸ਼ੌਕੀਨ ਹਨ ਉਹ ਅਪਣਾ ਕੁੱਤਾ ਅਪਣੇ ਘਰ ਦੇ ਅੰਦਰ ਹੀ ਰਖਦੇ ਹਨ ਪਰ ਦੂਜੇ ਪਾਸੇ ਭਾਰਤ ਦੁਨੀਆਂ ਦਾ ਇਕੱਲਾ ਅਜਿਹਾ ਦੇਸ਼ ਹੈ ਜਿਥੇ ਦੁਨੀਆਂ ਦੇ ਸੱਭ ਤੋਂ ਵੱਧ ਯਾਨੀ 30 ਮਿਲੀਅਨ ਆਵਾਰਾ ਕੁੱਤੇ ਮੌਜੂਦ ਹਨ |
Comment here