ਅਪਰਾਧਸਿਆਸਤਖਬਰਾਂ

ਹਰਿਮੰਦਰ ਸਾਹਿਬ ’ਚ ਹੋਈ ਬੇਅਦਬੀ ਮਾਮਲੇ ’ਚ ਪ੍ਰਬੰਧਕ ਚੌਕਸ

10 ਦਿਨਾਂ ਬਾਅਦ ਵੀ ਦੋਸ਼ੀ ਬਾਰੇ ਸੁਰਾਗ ਤੋਂ ਪੁਲਿਸ ਤੇ ਸ਼੍ਰੋਮਣੀ ਕਮੇਟੀ ਦੇ ਹੱਥ ਖਾਲੀ
ਅੰਮ੍ਰਿਤਸਰ-ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ’ਤੇ 10 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਦੇ ਹੱਥ ਖਾਲੀ ਹਨ। ਦੋਸ਼ੀ ਕੌਣ ਸੀ, ਕਿਥੋਂ ਆਇਆ ਸੀ ਤੇ ਕਿਸ ਮਕਸਦ ਨਾਲ ਆਇਆ ਸੀ, ਉਸ ਨੂੰ ਬੇਅਦਬੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਜਣ ਪਿਛੇ ਕਿਹੜੀਆਂ ਤਾਕਤਾਂ ਸਨ, ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਪ੍ਰਕਰਮਾਂ ਵਿਚ ਜਗ੍ਹਾ-ਜਗ੍ਹਾ ਰੱਖੇ ਗੁਰਬਾਣੀ ਦੇ ਗੁਟਕਾ ਸਾਹਿਬ ਚੁਕਵਾ ਦਿੱਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਉਪਰੀ ਮੰਜਿਲ ’ਤੇ ਬਣੀਆਂ ਬਾਰੀਆਂ ਦੇ ਅੱਗੇ ਸ਼ੀਸ਼ੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕੁਝ ਸੇਵਾਦਾਰਾਂ ਦੀ ਗਿਣਤੀ ਵਧਾਈ ਗਈ ਹੈ, ਪਰ ਜਿਸ ਤਰ੍ਹਾਂ ਨਾਲ ਦੇਸ਼ ਵਿਦੇਸ਼ ਤੋਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਹਨ, ਉਸ ਲਈ ਇਹ ਪ੍ਰਬੰਧ ਕਾਫੀ ਨਹੀਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਦੇ ਸ਼ਸ਼ਤਰਾਂ ਦੀ ਰਾਖੀ ਲਈ ਹਰ ਵੇਲੇ ਪੰਜ ਸਿੰਘ ਤਿਆਰ ਬਰ ਤਿਆਰ ਮੌਜੂਦ ਹਨ।
18 ਦਸੰਬਰ ਨੂੰ ਇਕ 23 ਸਾਲਾ ਨੌਜਵਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਕਿਰਪਾਨ ਨੂੰ ਚੁੱਕਿਆ ਸੀ ਤੇ ਰੁਮਾਲੇ ’ਤੇ ਪੈਰ ਰੱਖੇ ਸਨ। ਬੇਅਦਬੀ ਦੀ ਇਸ ਘਟਨਾ ਨੇ ਸਿੱਖਾਂ ਅਤੇ ਗੁਰੂ ਨਾਨਕ ਨਾਮ ਲੇਵਾ ਦੇ ਹਿਰਦਿਆਂ ਨੂੰ ਵਲੂੰਧ ਕੇ ਰੱਖ ਦਿੱਤਾ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ ਤੇ ਉਨ੍ਹਾਂ ਇਸ ਸਾਰੇ ਘਟਨਾਕ੍ਰਮ ਦੀ ਪੜਤਾਲ ਕਰਨ ਲਈ ਇਕ ਸਿੱਟ ਦਾ ਗਠਨ ਕਰਨ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਅਗਲੇ ਦਿਨ 19 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੰਮ੍ਰਿਤਸਰ ਆਏ ਸਨ ਤੇ ਉਨ੍ਹਾਂ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਟ ਦੀ ਪੜਤਾਲ 2 ਦਿਨ ਵਿਚ ਹੀ ਖਤਮ ਕਰਨ ਬਾਰੇ ਕਿਹਾ ਸੀ।
ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ, ਇਸ ਘਟਨਾ ’ਤੇ ਪਸ਼ਚਾਤਾਪ ਸਮਾਗਮ ਵੀ ਕਰਵਾਇਆ ਅਤੇ ਇਕ ਪੜਤਾਲੀਆ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਧਾਨ ਧਾਮੀ ਨੇ ਪੜਤਾਲੀਆ ਕਮੇਟੀ ਦੇ ਮੈਂਬਰਾਂ ਦਾ ਨਾਮ ਐਲਾਨ ਕਰਨ ਵਿਚ ਅਸਫਲਤਾ ਹਾਸਲ ਕੀਤੀ। ਇਸ ਸਾਰੇ ਮਾਮਲੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਵਧੀਕ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਅਤੇ ਸੈਕਸ਼ਨ 85 ਦੇ ਸਕਤੱਰ ਦੀ ਮੀਟਿੰਗ ਵਿਚ ਕੀਤੀ ਪ੍ਰਬੰਧਾਂ ਸਬੰਧੀ ਚੁਪ ਸੰਗਤਾਂ ਨੂੰ ਚੁਬ ਰਹੀ ਹੈ।
ਸੰਗਤਾਂ ਦੇ ਮਨਾਂ ਵਿਚ ਸਵਾਲ ਉਠ ਰਿਹਾ ਹੈ ਕਿ ਆਖਿਰ ਇਸ ਬੇਅਦਬੀ ਦੀ ਘਟਨਾ ਲਈ ਨੈਤਿਕ ਦੇ ਆਧਾਰ ’ਤੇ ਜ਼ਿੰਮੇਵਾਰ ਕੋਣ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 25 ਦਸੰਬਰ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ। ਭਵਿੱਖ ਵਿਚ ਬੇਅਦਬੀ ਦੀ ਘਟਨਾ ਨਾ ਵਾਪਰੇ ਇਸ ਲਈ ਸ਼੍ਰੋਮਣੀ ਕਮੇਟੀ ਨੇ ਕੁਝ ਪ੍ਰਬੰਧ ਕੀਤੇ ਗਏ ਹਨ, ਪਰ ਇਹ ਪ੍ਰਬੰਧ ਨਾਕਾਫੀ ਹਨ।

Comment here