ਅਪਰਾਧਸਿਆਸਤਖਬਰਾਂ

ਹਰਿਮੰਦਰ ਸਾਹਿਬ ’ਚ ਬੇਅਦਬੀ ਰੋਕਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਕਈ ਸਮੇਂ ਤੋਂ ਬੇਅਦਬੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਤਿੰਨ ਮਹੀਨਿਆਂ ਦੇ ਅਰਸਿਆਂ ਵਿਚ ਤਿੰਨ ਬੇਅਦਬੀਆਂ ਲਗਾਤਾਰ ਹੋਈਆਂ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧਾਂ ਵਿਚ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਹੇਠ ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਬਦਲੀ ਕੀਤੀ, ਉਥੇ ਹੀ ਦੋ ਸਹਿਯੋਗੀ ਮੈਨੇਜਰਾਂ, ਦੋ ਇੰਚਾਰਜਾਂ ਤੇ ਤਿੰਨ ਸੇਵਾਦਾਰਾਂ ਨੂੰ ਮੁਅੱਤਲ ਵੀ ਕੀਤਾ। ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਸੁਚੇਤ ਹੁੰਦਿਆਂ ਸਖਤ ਸੁਰੱਖਿਆ ਪ੍ਰਬੰਧ ਆਰੰਭੇ ਹਨ ਜਿਸ ਤਹਿਤ ਦੇਰ ਰਾਤ ਵਾਧੂ ਰਸਤਿਆਂ ਨੂੰ ਆਰਜੀ ਜੰਗਲੇ ਲਗਾ ਕੇ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਸੰਗਤਾਂ ਮੁੱਖ ਰਸਤਿਆਂ ਰਾਹੀਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰਕਰਮਾ ਵਿਚ ਦਾਖਲ ਹੋਣ। ਬੇਅਦਬੀਆਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇਕ ਸਬ-ਕਮੇਟੀ ਵੀ ਗਠਿਤ ਕੀਤੀ ਹੈ ਜਿਸ ਦੀ ਪੰਜ ਜਨਵਰੀ ਨੂੰ ਹੋਈ ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਮ ਰਘੂਜੀਤ ਸਿੰਘ ਵਿਰਕ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਭਾਈ ਗੁਰਬਚਨ ਸਿੰਘ ਗਰੇਵਾਲ ਤੋਂ ਇਲਾਵਾ ਬਾਹਰੀ ਸੰਸਥਾ ਵਿਚੋਂ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੱਗੋਆਣੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਭਾਈ ਸਾਹਿਬ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਬਾਬਾ ਜੱਸਾ ਸਿੰਘ ਤੇ ਬਾਬਾ ਦਿਲਜੀਤ ਸਿੰਘ ਬੇਦੀ ਸ਼ਾਮਲ ਹੋਏ ਸਨ। ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਸਬ ਕਮੇਟੀ ਦੇ ਕੋਆਰਡੀਨੇਟਰ ਵਜੋਂ ਕੰਮ ਕੀਤਾ। ਇਸ ਇਕੱਤਰਤਾ ਤੋਂ ਬਾਅਦ ਸਬ ਕਮੇਟੀ ਨੇ ਗੁਪਤ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਪੀ, ਜੋ ਹੁਣ ਤਕ ਜਨਤਕ ਨਹੀਂ ਹੋਈ। ਇਸ ਵਿਚਾਲੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਬੰਧਾਂ ਨੂੰ ਸਖਤ ਕਰਨ ਦੇ ਨਾਂ ਹੇਠ ਵੱਖ-ਵੱਖ ਸਥਾਨਾਂ ’ਤੇ ਪਏ ਗੁਟਕਾ ਸਾਹਿਬ ਨੂੰ ਚੁਕਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਰਖਵਾਇਆ। ਇਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜਿਲ ਤੇ ਬਣੀਆਂ ਬਾਰੀਆਂ ਨੂੰ ਸ਼ੀਸ਼ਿਆਂ ਨਾਲ ਬੰਦ ਕੀਤਾ ਗਿਆ, ਜਿਸ ਦੇ ਵਿਰੋਧ ਤੋਂ ਬਾਅਦ ਸ਼ੀਸ਼ੇ ਉਤਰਵਾ ਕੇ ਮੁੜ ਬਾਰੀਆਂ ਖੁੱਲ੍ਹਵਾਈਆਂ ਗਈਆਂ। ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਦੇ ਮਗਰ ਉੱਚਾ ਜੰਗਲਾ ਲਗਾਇਆ ਗਿਆ, ਜਿਸ ਦਾ ਇਤਰਾਜ਼ ਵੀ ਲਗਾਤਾਰ ਚੱਲ ਰਿਹਾ ਹੈ। ਬੀਤੀ ਰਾਤ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਰਵਾਜ਼ਿਆਂ ਦੇ ਨਾਲ ਵਾਧੂ ਰਸਤੇ ਨੂੰ ਬੰਦ ਕਰਕੇ ਸੰਗਤ ਦਾ ਲਾਂਘਾ ਰੋਕਿਆ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਸਬ ਕਮੇਟੀ ਅਨੁਸਾਰ ਹੀ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਰ ਰਾਤ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤਕ ਵਾਧੂ ਰਸਤਿਆਂ ’ਤੇ ਆਰਜੀ ਜੰਗਲੇ ਲਗਾ ਕੇ ਸੰਗਤ ਦਾ ਲਾਂਘਾ ਰੋਕਿਆ ਜਾ ਰਿਹਾ ਹੈ ਤਾਂ ਜੋ ਡਿਊਟੀ ’ਤੇ ਮੌਜੂਦ ਸੇਵਾਦਾਰ ਆਉਣ ਵਾਲੀਆਂ ਸੰਗਤਾਂ ਦੀ ਜਾਂਚ ਪਰਖ ਕਰ ਸਕਣ।

Comment here