ਅੰਮ੍ਰਿਤਸਰ-ਸ਼ਨੀਵਾਰ ਦੀ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਸੰਗਤ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਉਸ ਦੀ ਪਛਾਣ ਕਰਨ ਲਈ ਪੁਲਸ ਰੂਟ ਮੈਥਡ ਅਤੇ ਫਾਰੈਂਸਿਕ ਟੀਮਾਂ ਦਾ ਸਹਾਰਾ ਲੈ ਰਹੀ ਹੈ। ਇਸ ਦੇ ਬਾਵਜੂਦ ਅਜੇ ਤਕ ਪੁਲਸ ਨੂੰ ਮੁਲਜ਼ਮ ਦੀ ਪਛਾਣ ਕਰਨ ਵਿਚ ਸਫਲਤਾ ਨਹੀਂ ਮਿਲ ਸਕੀ ਹੈ। ਫਿਲਹਾਲ ਪੁਲਸ ਨੇ ਡੀ. ਸੀ. ਪੀ. ਲਾਅ ਐਂਡ ਆਰਡਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ।
ਪੁਲਸ ਦੀ ਫਾਰੈਂਸਿਕ ਟੀਮ ਨੇ ਐਤਵਾਰ ਨੂੰ ਨੌਜਵਾਨ ਦੇ ਫਿੰਗਰ ਪ੍ਰਿੰਟਸ ਲਏ। ਇਨ੍ਹਾਂ ਫਿੰਗਰ ਪ੍ਰਿੰਟਸ ਨੂੰ ਪੁਲਸ ਨੇ ਐਤਵਾਰ ਆਧਾਰ ਕਾਰਡ ਦੇ ਡਾਟਾ ਬੇਸ ਨਾਲ ਮਿਲਾਉਣ ਦਾ ਯਤਨ ਕੀਤਾ ਪਰ ਇਹ ਯਤਨ ਪੂਰੀ ਤਰ੍ਹਾਂ ਅਸਫਲ ਹੋ ਗਿਆ। ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਫਿੰਗਰ ਪ੍ਰਿੰਟਸ ਦਾ ਰਿਕਾਰਡ ਆਧਾਰ ਕਾਰਡ ਦੇ ਡਾਟਾ ਬੇਸ ਅਤੇ ਪੁਲਸ ਦੇ ਡਾਟਾ ਬੇਸ ਨਾਲ ਮੇਲ ਨਹੀਂ ਖਾਂਦਾ ਹੈ। ਇਸ ਦੇ ਨਾਲ ਹੀ ਪੁਲਸ ਮੁਲਜ਼ਮ ਦੇ ਆਉਣ ਜਾਣ ਵਾਲੇ ਰੂਟ ਦੇ ਸੀ. ਸੀ. ਟੀ. ਵੀ. ਖੰਘਾਲ ਰਹੀ ਹੈ। ਜਲਦ ਹੀ ਉਸ ਦੀ ਪਛਾਣ ਹੋਣ ਦੀ ਉਮੀਦ ਹੈ। ਸੰਗਤ ਵਲੋਂ ਮਾਰੇ ਗਏ ਨੌਜਵਾਨ ਦੀ ਪਛਾਣ ਕਰਨ ਲਈ ਪੁਲਸ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਐਤਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਉਸ ਦੀ ਮੂਵਮੈਂਟ ਦੇਖਣ ਲਈ ਪੁਲਸ ਨੇ ਰੂਟ ਮੈਥਡ ਦਾ ਇਸਤੇਮਾਲ ਕੀਤਾ। ਸੀ. ਸੀ. ਟੀ. ਵੀ. ਕੈਮਰਿਆਂ ਵਿਚ ਸਮੇਂ ਦੇ ਨਾਲ ਨੌਜਵਾਨ ਦੀ ਹਰ ਮੂਵਮੈਂਟ ’ਤੇ ਨਜ਼ਰ ਰੱਖੀ ਗਈ ਪਰ ਦਰਬਾਰ ਸਾਹਿਬ ਦੇ ਬਾਹਰ ਪੁਲਸ ਨੂੰ ਕੁੱਝ ਦਿੱਕਤ ਦਾ ਸਾਹਮਣਾ ਕਰਨਾ ਪਿਆ। ਡੀ. ਸੀ. ਪੀ. ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਮਾਰੇ ਗਏ ਦੋਸ਼ੀ ਨੂੰ ਤਿੰਨ ਤੋਂ ਚਾਰ ਬਾਅਦ ਗੁਰੂ ਘਰ ਵਿਚ ਮੱਥਾ ਟੇਕਦਿਆਂ ਦੇਖਿਆ ਗਿਆ। ਇਸ ਤੋਂ ਇਲਾਵਾ ਉਹ ਦੋ ਵਾਰ ਲੰਗਰ ਹਾਲ ਵਿਚ ਅਤੇ ਇਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਆਰਾਮ ਕਰਦਾ ਨਜ਼ਰ ਆਇਆ ਪਰ ਬਾਹਰ ਗਲ਼ੀਆਂ ਤੰਗ ਹੋਣ ਕਾਰਣ ਪੁਲਸ ਨੂੰ ਕੁੱਝ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਦੀਆਂ ਟੀਮਾਂ ਸ੍ਰੀ ਦਰਬਾਰ ਸਾਹਿਬ ਅਤੇ ਨੇੜੇ ਦੇ ਇਲਾਕੇ ਦੇ ਸੀ. ਸੀ. ਟੀ. ਵੀ. ਚੈੱਕ ਕਰਦੀਆਂ ਰਹੀਆਂ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ।
ਹਰਿਮੰਦਰ ਸਾਹਿਬ ਚ ਬੇਅਦਬੀ ਕਰਨ ਵਾਲੇ ਦੀ ਨਹੀੰ ਹੋਈ ਪਛਾਣ

Comment here