ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਹਰਿਆਣਾ ਪੁਲਸ ਨੇ ਬੱਗਾ ਨੂੰ ਖੋਹ ਕੇ ਦਿੱਲੀ ਦੇ ਹਵਾਲੇ ਕੀਤਾ

ਖਾਲੀ ਹੱਥ ਰਹਿ ਗਈ ਪੰਜਾਬ ਪੁਲਸ

ਚੰਡੀਗੜ੍ਹ – ਅੱਜ ਸਵੇਰ ਤੋਂ ਹੀ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੀ ਪੰਜਾਬ ਪੁਲਿਸ ਵੱਲੋਂ ਦਿੱਲੀ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਸਿਆਸਤ ਗਰਮਾਈ ਹੋਈ ਹੈ। ਪੰਜਾਬ ਪੁਲਿਸ ਨੇ ਸ਼ੁੱਕਰਵਾਰ ਤੜਕੇ ਤਜਿੰਦਰਪਾਲ ਸਿੰਘ ਬੱਗਾ ਨੂੰ ਉਸ ਦੇ ਦਿੱਲੀ ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਖਿਲਾਫ ਬੱਗਾ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ। ਪਰ ਪੰਜਾਬ ਪੁਲਸ ਦੀ ਚੰਗੀ ਕਿਰਕਿਰੀ ਹੋਈ, ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਤੋਂ ਖੋਹ ਕੇ ਬੀਜੇਪੀ ਲੀਡਰ ਤੇਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਹੁਣ ਦਿੱਲੀ ਪੁਲਿਸ ਤੇਜਿੰਦਰ ਬੱਗਾ ਨੂੰ ਕੁਰਕਸ਼ੇਤਰ ਤੋਂ ਵਾਪਸ ਦਿੱਲੀ ਲੈ ਗਈ। ਪੰਜਾਬ ਪੁਲਿਸ ਦੇ ਏਡੀਜੀਪੀ ਕੁਰੂਕਸ਼ੇਤਰ ਗਏ। ਮੁਹਾਲੀ ਦੇ ਐਸਐਸਪੀ ਵੱਲੋਂ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਪੱਤਰ ਲਿਖਿਆ ਗਿਆ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਮੁਲਜ਼ਮ ਤਜਿੰਦਰ ਬੱਗਾ ਨੂੰ ਜਲਦੀ ਰਿਹਾਅ ਕੀਤਾ ਜਾਵੇ। ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਪੰਜਾਬ ਪੁਲਿਸ ਤਜਿੰਦਰ ਬੱਗਾ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਵੀ ਗਈ, ਅਰਜ਼ੀ ਦਿੱਤੀ ਕਿ  ਹਰਿਆਣਾ ਪੁਲਿਸ ਜਾਣਬੁੱਝ ਕੇ ਉਨ੍ਹਾਂ ਦੇ ਕੰਮ ਵਿੱਚ ਨਾਜਾਇਜ਼ ਵਿਘਨ ਪਾ ਰਹੀ ਹੈ।ਪਰ ਹਰਿਆਣਾ ਹਾਈ ਕੋਰਟ ਨੇ ਪੰਜਾਬ  ਦੀ ਮੰਗ ਠੁਕਰਾਈ ਅਤੇ ਬੱਗਾ ਨੂੰ ਦਿੱਲੀ ਲਿਜਾਣ ਦਾ ਰਾਹ ਪੱਧਰਾ ਕਰ ਦਿੱਤਾ।

ਸਿਆਸੀ ਪਾਰਾ ਸਿਖਰ ਤੇ

ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਆਗੂ ਸਰਗਰਮ ਹੋ ਗਏ ਹਨ। ਪੰਜਾਬ ਭਾਜਪਾ ਆਗੂਆਂ ਨੇ ਇਸ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।  ਕਿਹਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਰਾਹੀਂ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਪੁਲਿਸ ‘ਤੇ ਲਾਏ ਗੰਭੀਰ ਦੋਸ਼ ਲਾਏ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਤੇਜਿੰਦਰ ਪਾਲ ਬੱਗਾ ਨਾਲ ਕੁੱਟਮਾਰ ਕੀਤੀ, ਫੋਨ ਵੀ ਖੋਹ ਲਿਆ।  ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਦੀ ਵਰਤੋਂ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਕੀਤੀ ਗਈ ਹੈ।  ਸ਼ਰਮਾ ਨੇ ਟਵਿਟ ਕੀਤਾ ਹੈ ਕਿ ਤੇਜਿੰਦਰ ਪਾਲ ਬੱਗਾ ਦਿੱਲੀ ਦਾ ਰਹਿਣ ਵਾਲਾ ਹੈ, ਪੰਜਾਬ ਪੁਲਿਸ ਨੇ ਕਿਸ ਆਧਾਰ ‘ਤੇ ਬੱਗਾ ਨੂੰ ਗ੍ਰਿਫਤਾਰ ਕੀਤਾ  ਹੈ।  ਸ਼ਰਮਾ ਨੇ ਕਿਹਾ ਕਿ  ਭਗਵੰਤ ਮਾਨ ਨੇ ਕੇਜਰੀਵਾਲ ਕੋਲ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਤੇਜਿੰਦਰ ਪਾਲ ਬੱਗਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਗੁੰਡਾ ਗਰਦੀ ਸ਼ੁਰੂ ਕਰ ਦਿਤੀ ਹੈ।  ਪੰਜਾਬ ਪੁਲਿਸ ਦਾ ਸਹਾਰਾ ਲੈ ਕੇ ਦੂਜੇ ਸੂਬਿਆਂ ਵਿਚੋਂ ਚੁੱਕਿਆ ਜਾ ਰਿਹਾ ਹੈ। ਮੈ ਪੰਜਾਬ ਦੇ ਡੀ ਜੀ ਪੀ ਨੂੰ ਕਹਿਣਾ ਹੈ ਕਿ ਉਹ ਇਨ੍ਹਾਂ ਦੇ ਮਗਰ ਲੱਗ ਕਿ ਇਹ ਗਲਤ ਕੰਮ ਨਾ ਕਰਨ। ਤਹਾਡੀ ਵੀ ਜਿੰਮੇਵਾਰੀ ਬਣਦੀ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ । ਨਸ਼ਿਆਂ ਦੇ ਮਾਮਲੇ ਵਿਚ ਨਿੱਤ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੇ ਚਿੰਤਾ ਪ੍ਰਗਟ ਕਰਦੇ ਬਾਦਲ ਨੇ ਕਿਹਾ ਕਿ ਇਨ੍ਹਾਂ ਨੇ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਨਾ ਨਸ਼ਾ ਇਨ੍ਹਾਂ ਤੋਂ ਖਤਮ ਹੋਣਾ ਨਾ ਇਨ੍ਹਾਂ ਦਾ ਦਾਅਵਾ ਪੁਰਾ ਕਰਨਾ ਹੈ, ਇਨ੍ਹਾਂ ਨੇ ਝੂਠ ਮਾਰ ਕੇ ਸਰਕਾਰ ਬਣਾ ਲਈ ਹੈ ।

 ਕੁਮਾਰ ਵਿਸ਼ਵਾਸ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਟੈਕਸ ਰਾਹੀਂ ਹਾਸਿਲ ਕੀਤੇ ਪੈਸੇ ਦੀ ਦੁਰਵਰਤੋਂ ਨਾ ਕਰਨ ਦੀ ਨਸੀਹਤ ਦਿੱਤੀ ਹੈ। ੳੁਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘‘ਪਿਆਰੇ ਛੋਟੇ ਭਰਾ ਭਗਵੰਤ ਮਾਨ ਖ਼ੁੱਦਾਰ ਪੰਜਾਬ ਨੇ 300 ਸਾਲਾਂ ’ਚ ਕਦੇ ਵੀ ਦਿੱਲੀ ਦੇ ਕਿਸੇ ਵੀ ਅਸੁਰੱਖਿਅਤ ਤਾਨਾਸ਼ਾਹ ਨੂੰ ਆਪਣੀ ਤਾਕਤ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਪੰਜਾਬ ਨੇ ਤੁਹਾਡੀ ਪੱਗ ਨੂੰ ਤਾਜ ਸੌਂਪਿਆ ਹੈ, ਕਿਸੇ ਬੌਣੇ ਦੁਰਯੋਧਨ ਨੂੰ ਨਹੀਂ…ਪੰਜਾਬ ਦੇ ਲੋਕਾਂ ਟੈਕਸ ਦੇ ਪੈਸਿਆਂ ਅਤੇ ਉਨ੍ਹਾਂ ਦੀ ਪੁਲਸ ਦਾ ਅਪਮਾਨ ਨਾ ਕਰੋ…ਪੱਗੜੀ ਸੰਭਾਲ ਜੱਟਾ।’’

ਭਾਜਪਾ ਬੁਲਾਰੇ ਆਰ.ਪੀ. ਸਿੰਘ ਨੇ ਬੱਗਾ ਦੀ ਗ੍ਰਿਫ਼ਤਾਰੀ ਦੇ 2 ਕਾਰਨ ਦੱਸੇ ਹਨ।  ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਕੱਲ ਕਰਨਾਲ ‘ਚ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨੀ ਲੋਕਾਂ ਦੀਆਂ ਜੜਾਂ ਫਿਰੋਜ਼ਪੁਰ ‘ਚ ਮਿਲੀਆਂ ਹਨ। ਇਸ ਮਾਮਲੇ ਤੋਂ ਧਿਆਨ ਹਟਾਉਣ ਲਈ ‘ਆਪ’ ਨੇ ਬੱਗਾ ਨੂੰ ਅੱਜ ਗ੍ਰਿਫ਼ਤਾਰ ਕੀਤਾ। ਦੂਜਾ ਕਾਰਨ ਇਹ ਹੈ ਕਿ ਕੇਜਰੀਵਾਲ ਦਿੱਲੀ ‘ਚ ਮੁਫ਼ਤ ਬਿਜਲੀ ਦੇ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ।”  ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਇਕ ਸਿੱਖ ਹਨ ਪਰ ਇਸ ਦੇ ਬਾਵਜੂਦ ਪੰਜਾਬ ‘ਚ ਇਕ ਸਿੱਖ ਦਾ ‘ਅਪਮਾਨ’ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਬੱਗਾ ਵੀ ਸਿੱਖ ਹਨ। ਇੱਥੇ ਪਾਰਟੀ ਹੈੱਡ ਕੁਆਰਟਰ ‘ਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਿਰਸਾ ਨੇ ਦਾਅਵਾ ਕੀਤਾ ਕਿ ਬੱਗਾ ਕੇਜਰੀਵਾਲ ਦੇ ਝੂਠ ਨੂੰ ਬੇਨਕਾਬ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿੱਲੀ ਪ੍ਰਦੇਸ਼ ਭਾਜਪਾ ਦੀ ਇਕ ਹੋਰ ਨੇਤਾ ਨੁਪੂਰ ਸ਼ਰਮਾ ਨੇ ਅਦਾਲਤ ਦੇ ਇਕ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕ ਰਾਜ ਦੀ ਪੁਲਸ ਦੂਜੇ ਰਾਜ ‘ਚ ਜੇਕਰ ਕਿਸੇ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਉਸ ਨੂੰ ਸਥਾਨਕ ਪੁਲਸ ਨੂੰ ਇਸ ਬਾਰੇ ਸੂਚਨਾ ਦੇਣੀ ਹੁੰਦੀ ਹੈ।

Comment here