ਖਬਰਾਂਖੇਡ ਖਿਡਾਰੀ

ਹਰਿਆਣਾ ਦੀ ਸਰਿਤਾ ਮੋਰ ਦੁਨੀਆ ਦੀ ਮੋਹਰੀ ਪਹਿਲਵਾਨ ਬਣੀ

ਸਰਿਤਾ ਮੋਰ ਦਾ ਜਨਮ 16 ਅਪਰੈਲ 1995 ਨੂੰ ਪਿੰਡ ਬਰੋਦਾ ਜ਼ਿਲ੍ਹਾ ਸੋਨੀਪਤ (ਹਰਿਆਣਾ) ਵਿਖੇ ਇਕ ਸਾਧਾਰਨ ਕਿਸਾਨ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ਪਿਤਾ ਦਾ ਨਾਂ ਰਾਮ ਚੰਦਰ ਮੋਰ ਹੈ। ਆਪਣੇ ਤਿੰਨ ਭੈਣ-ਭਰਾਵਾਂ ਵਿਚੋਂ ਸਰਿਤਾ ਸਭ ਤੋਂ ਛੋਟੀ ਹੈ। ਬਚਪਨ ਵਿਚ ਹੀ ਸਰਿਤਾ ਨੂੰ ਕਬੱਡੀ ਅਤੇ ਕੁਸ਼ਤੀ ਖੇਡਣ ਦਾ ਸ਼ੌਕ ਸੀ। ਉਸਨੇ 12 ਸਾਲ ਦੀ ਉਮਰ ਵਿਚ ਹੀ ਚੌਧਰੀ ਭਰਤ ਸਿੰਘ ਮੈਮੋਰੀਅਲ ਸਪੋਰਟਸ ਸਕੂਲ ਨਿਡਾਨੀ (ਹਰਿਆਣਾ) ਵਿਚ ਕੁਸ਼ਤੀ ਦਾ ਅਭਿਆਸ ਸ਼ੁਰੂ ਕੀਤਾ। ਇਸ ਖੇਡ ਵਿਚ ਅੱਗੇ ਵਧਣ ਲਈ ਉਸ ਦੇ ਪਿਤਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਰਿਤਾ ਨੂੰ ਕੁਸ਼ਤੀ ਦਾ ਅਜਿਹਾ ਸ਼ੌਕ ਲੱਗਿਆ ਕਿ ਉਸ ਨੇ ਆਪਣੇ ਹੋਰ ਸਾਰੇ ਸ਼ੌਕ ਤਿਆਗ ਦਿੱਤੇ। ਸਰਿਤਾ ਮੋਰ ਹੁਣ ਭਾਰਤੀ ਰੇਲਵੇ ਵਿਭਾਗ ਵਿਚ ਨੌਕਰੀ ਕਰ ਰਹੀ ਹੈ। ਇਕ ਮਾਰਚ 2017 ਵਿਚ ਸਰਿਤਾ ਮੋਰ ਦਾ ਵਿਆਹ ਕੌਮਾਂਤਰੀ ਪਹਿਲਵਾਨ ਰਾਹੁਲ ਮਾਨ ਨਾਲ ਹੋਇਆ। ਸੰਨ 2011 ਵਿਚ ਇਕ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਉਸ ਦੇ ਮੋਢੇ ‘ਤੇ ਸੱਟ ਲੱਗ ਗਈ ਸੀ। ਜਿਸ ਦੌਰਾਨ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਹੁਣ ਉਸਨੂੰ ਕੁਸ਼ਤੀ ਤੋਂ ਦੂਰ ਹੋਣਾ ਪਵੇਗਾ ਪਰ ਆਪਣੀ ਸਖ਼ਤ ਮਿਹਨਤ ਨਾਲ ਉਹ ਜਲਦੀ ਹੀ ਇਸ ਬੁਰੇ ਦੌਰ ਤੋਂ ਉੱਭਰ ਕੇ ਫਿਰ ਕੁਸ਼ਤੀ ਦੇ ਮੈਦਾਨ ਵਿਚ ਆ ਡਟੀ ਸੀ।
ਸਰਿਤਾ ਮੋਰ ਦੀਆਂ ਪ੍ਰਾਪਤੀਆਂ-ਸਰਿਤਾ ਮੋਰ ਨੇ ਸੰਨ 2017 ਦੀ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ 58 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਸਾਲ 2020 ਵਿਚ 59 ਕਿਲੋ ਭਾਰ ਵਰਗ ਵਿਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਉਸਨੇ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕੀਤਾ। ਸਾਲ 2021 ਵਿਚ ਉਸ ਨੇ ਰੋਮ (ਇਟਲੀ) ਵਿਚ ਆਯੋਜਿਤ ਮਾਟੇਓ ਪੋਲੀਕੋਨ ਰੈਕਿੰਗ ਸੀਰੀਜ਼ ਵਿਚ 57 ਕਿਲੋਗਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਇਸੇ ਸਾਲ 2022 ਵਿਚ ਅਲਮਾਟੀ (ਕਜ਼ਾਕਿਸਤਾਨ) ਵਿਚ ਆਯੋਜਿਤ ਹੋਈ ਵਿਸ਼ਵ ਰੈਂਕਿੰਗ ਸੀਰੀਜ਼ -2022 ਵਿਚ 59 ਕਿਲੋਗਰਾਮ ਭਾਰ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਵਿਸ਼ਵ ਦੀ ਨੰਬਰ ਇਕ ਪਹਿਲਵਾਨ ਹੋਣ ਦਾ ਮਾਣ ਹਾਸਲ ਕੀਤਾ ਹੈ।
ਸਰਿਤਾ ਮੋਰ ਦਾ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੁਣ ਤੱਕ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ ਹੈ।
ਉਸ ਨੇ ਨੈਨੀਤਾਲ ਵਿਖੇ ਸਾਲ 2010 ਵਿਚ ਹੋਈ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ, ਕੰਨਿਆ ਕੁਮਾਰੀ ਵਿਖੇ ਸਾਲ 2011 ਦੌਰਾਨ ਹੋਈ ਸਬ-ਜੂਨੀਅਰ ਕੌਮੀ ਚੈਂਪੀਅਨਸ਼ਿਪ ਵਿਚ ਸੋਨੇ ਦਾ, 2011 ਵਿਚ ਥਾਈਲੈਂਡ ਵਿਖੇ ਆਯੋਜਿਤ ਹੋਈ ਏਸ਼ਿਆਈ ਕੈਡੇਟ ਚੈਂਪੀਅਨਸ਼ਿਪ ਵਿਚ ਚਾਂਦੀ ਦਾ, ਚੰਡੀਗੜ੍ਹ ਵਿਖੇ 2013 ਵਿਚ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ, 2014 ਦੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ, ਝਾਰਖੰਡ ਵਿਖੇ 2015 ਦੌਰਾਨ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ, ਮਿਆਮਾਂਰ ਵਿਖੇ 2015 ਵਿਚ ਹੋਈ ਜੂਨੀਅਰ ਏਸ਼ਿਆਈ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਹਮੇਸ਼ਾ ਆਪਣੀ ਖੇਡ ਦਾ ਲੋਹਾ ਮਨਵਾਇਆ।
2015 ਵਿਚ ਕਜ਼ਾਕਿਸਤਾਨ ਵਿਖੇ ਆਯੋਜਿਤ ਰਾਸ਼ਟਰਪਤੀ ਕੱਪ ਦੌਰਾਨ ਚਾਂਦੀ ਦਾ ਤਗਮਾ, ਗੌਂਡਾ (ਯੂ.ਪੀ.) ਵਿਖੇ ਸਾਲ 2014 ਵਿਚ ਆਯੋਜਿਤ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ, 2015 ਦੌਰਾਨ ਦਿੱਲੀ ਵਿਖੇ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ, 2016 ਦੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ, 2017 ਵਿਚ ਇੰਦੌਰ ਵਿਖੇ ਆਯੋਜਿਤ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ, 2018 ਦੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ, 2017 ਦੀ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ, 2016 ਦੌਰਾਨ ਸਿੰਗਾਪੁਰ ਵਿਖੇ ਆਯੋਜਿਤ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਅਤੇ ਕੇਰਲ ਵਿਖੇ 2015 ਦੌਰਾਨ ਹੋਈਆਂ ਕੌਮੀ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਿਆ। ਉਸਦੇ ਹੁਣ ਤੱਕ ਦੇ ਖੇਡ ਕਰੀਅਰ ‘ਤੇ ਧਿਆਨ ਮਾਰਦਿਆਂ ਸਹਿਜੇ ਹੀ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਸਰਿਤਾ ਮੋਰ ਨੇ ਭਾਰਤੀ ਔਰਤ ਕੁਸ਼ਤੀ ਨੂੰ ਅਸਮਾਨ ਤੱਕ ਪਹੁੰਚਾਉਣ ਲਈ ਵੱਡੀ ਭੂਮਿਕਾ ਅਦਾ ਕੀਤੀ ਹੈ। ਭਾਰਤੀ ਔਰਤ ਕੁਸ਼ਤੀ ਨੂੰ ਭਵਿੱਖ ਵਿਚ ਸਰਿਤਾ ਮੋਰ ਤੋਂ ਵੱਡੀਆਂ ਉਮੀਦਾਂ ਹਨ।
-ਜਗਤਾਰ ਸਮਾਲਸਰ

Comment here