ਚੰਡੀਗੜ੍ਹ-ਪੰਜਾਬ ਵਿਚ ਗੈਂਗਸਟਰਾਂ ਦੀ ਦਹਿਸ਼ਤ ਤੋਂ ਬਾਅਦ ਹੁਣ ਹਰਿਆਣਾ ਦੇ ਵਿਧਾਇਕ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਇਕ ਤੋਂ ਬਾਅਦ ਇਕ 4 ਵਿਧਾਇਕਾਂ ਨੂੰ ਮਿਲੀ ਜਬਰੀ ਵਸੂਲੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਭਰੀ ਕਾਲ ਆ ਚੁੱਕੇ ਹਨ। ਵਿਧਾਇਕਾਂ ਨੂੰ ਕਾਲ ਜ਼ਰੀਏ ਮਿਲੀ ਧਮਕੀ ਪੁਲਸ ਲਈ ਚੁਣੌਤੀ ਬਣ ਗਈ ਹੈ। ਸਰਕਾਰ ਨੇ ਚਾਰੋਂ ਵਿਧਾਇਕਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਜਾਂਚ ਦਾ ਜ਼ਿੰਮਾ ਸਪੈਸ਼ਟ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਸੌਂਪਿਆ ਹੈ। ਜਲਦ ਹੀ ਧਮਕੀ ਦੇਣ ਵਾਲੇ ਸਲਾਖਾਂ ਦੇ ਪਿੱਛੇ ਹੋਣਗੇ।
ਓਧਰ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਪੂਰੇ ਘਟਨਾਕ੍ਰਮ ਦਾ ਫੀਡਬੈਕ ਲਿਆ ਹੈ। ਸਪੀਕਰ ਗਿਆਨ ਚੰਦ ਗੁਪਤਾ ਨੇ ਵੀ ਮਾਮਲੇ ਨੂੰ ਆਪਣੇ ਧਿਆਨ ’ਚ ਲੈਂਦੇ ਹੋਏ ਪੁਲਸ, ਗ੍ਰਹਿ ਵਿਭਾਗ ਅਤੇ ਖ਼ੁਫੀਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਦੱਸ ਦੇਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੈਦਾ ਹੋਏ ਖ਼ੌਫ ਦੇ ਮਾਹੌਲ ਨੂੰ ਗੈਂਗਸਟਰ ਹਰਿਆਣਾ ’ਚ ਵੀ ਕਾਇਮ ਕਰਨ ਦੀ ਫਿਰਾਕ ਵਿਚ ਹਨ।
ਵਿਧਾਇਕਾਂ ਦੀ ਸੁਰੱਖਿਆ ਵਧਾਈ ਗਈ
ਸਫੀਦੋਂ ਤੋਂ ਕਾਂਗਰਸ ਵਿਧਾਇਕ ਸੁਭਾਸ਼ ਗਾਂਗੋਲੀ ਦੀ ਸੁਰੱਖਿਆ ’ਚ 2 ਪੁਲਸ ਕਰਮੀ ਅਤੇ ਇਕ ਰਾਈਡਰ ਤਾਇਨਾਤ। ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਦੀ ਸੁਰੱਖਿਆ ’ਚ 6 ਪੁਲਸ ਕਰਮੀ। ਸੋਹਨਾ ਤੋਂ ਭਾਜਪਾ ਵਿਧਾਇਕ ਸੰਜੇ ਸਿੰਘ ਦੀ ਸੁਰੱਖਿਆ ’ਚ 3 ਤੋਂ 4 ਪੁਲਸ ਕਰਮੀ। ਸਢੌਰਾ ਤੋਂ ਕਾਂਗਰਸ ਵਿਧਾਇਕ ਰੇਣੂ ਬਾਲਾ ਦੀ ਸੁਰੱਖਿਆ ’ਚ 3 ਪੁਲਸ ਕਰਮੀ ਤਾਇਨਾਤ ਕਰਨ ਦੇ ਆਦੇਸ਼।
ਦੁਬਈ ਤੇ ਸਥਾਨਕ ਨੰਬਰਾਂ ਤੋਂ ਆ ਰਹੇ ਧਮਕੀ ਭਰੇ ਫੋਨ ਕਾਲ
ਵਿਧਾਇਕਾਂ ਨੂੰ ਧਮਕੀ ਅਤੇ ਜਬਰੀ ਵਸੂਲੀ ਦੇ ਫੋਨ ਕਾਲ ਦੁਬਈ ਅਤੇ ਸਥਾਨਕ ਨੰਬਰਾਂ ਤੋਂ ਵਟਸਐਪ ਕਾਲ ਕਰ ਕੇ ਦਿੱਤੀ ਜਾ ਰਹੀ ਹੈ।ਗੁਰੂਗ੍ਰਾਮ ਦੇ ਸੋਹਨਾ ਤੋਂ ਭਾਜਪਾ ਵਿਧਾਇਕ ਸੰਜੇ ਸਿੰਘ, ਸੰਢੌਰਾ ਤੋਂ ਕਾਂਗਰਸ ਵਿਧਾਇਕ ਰੇਣੂ ਬਾਲਾ ਨੂੰ ਬੀਤੀ 25 ਜੂਨ ਅਤੇ ਸੋਨੀਪਤ ਤੋਂ ਵਿਧਾਇਕ ਸੁਰਿੰਦਰ ਪੰਵਾਰ ਨੂੰ 3 ਦਿਨ ਪਹਿਲਾਂ ਧਮਕੀ ਭਰੀ ਕਾਲ ਆਈ। ਉੱਥੇ ਹੀ ਸਫੀਦੋਂ ਤੋਂ ਕਾਂਗਰਸ ਵਿਧਾਇਕ ਸੁਭਾਸ਼ ਗਾਂਗੋਲੀ ਨੂੰ ਸ਼ੁੱਕਰਵਾਰ ਨੂੰ ਵਟਸਐਪ ਕਾਲ ਅਤੇ ਸੰਦੇਸ਼ ਭੇਜ ਕੇ ਜਬਰੀ ਵਸੂਲੀ ਮੰਗੀ ਗਈ। ਪੁਲਸ ਸੂਤਰਾਂ ਮੁਤਾਬਕ ਜਿਨ੍ਹਾਂ ਨੰਬਰਾਂ ਤੋਂ ਵਟਸਐਪ ਕਾਲ ਆਈਆਂ ਹਨ, ਉਹ ਪਾਕਿਸਤਾਨ ਜਾਂ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਸੰਚਾਲਤ ਹੋ ਰਹੇ ਹਨ।ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਤੋਂ ਗੋਲਡੀ ਬਰਾੜ ਦੇ ਨਾਂ ਤੋਂ 5 ਲੱਖ ਰੁਪਏ ਮੰਗੇ ਗਏ। ਵਿਧਾਇਕ ਨੂੰ ਕਾਲ ਕਰਨ ਵਾਲਿਆਂ ਨੇ ਖ਼ੁਦ ਨੂੰ ਬਰਾੜ ਦਾ ਗੁਰਗਾ ਦੱਸਿਆ। ਵਿਧਾਇਕਾਂ ਨੂੰ ਆਏ ਧਮਕੀ ਭਰੇ ਫੋਨ ਕਾਲ ਨੂੰ ਪੁਲਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
Comment here