ਸਿਆਸਤਖਬਰਾਂਚਲੰਤ ਮਾਮਲੇ

ਹਰਿਆਣਵੀਆਂ ਦਾ ਜਵਾਈ ਬਣਿਆ ਪੰਜਾਬ ਦਾ ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦਾ ਹੋਇਆ ਅਨੰਦ ਕਾਰਜ
ਵੱਖ-ਵੱਖ ਸ਼ਖਸ਼ੀਅਤਾਂ ਨੇ ਵਿਆਹ ਦੀਆਂ ਦਿੱਤੀਆਂ ਵਧਾਈਆਂ
ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਵਿਆਹ ਬੰਧਨ ਵਿੱਚ ਬੱਝ ਗਏ ਹਨ। ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਰਕਾਰੀ ਰਿਹਾਇਸ਼ ‘ਤੇ ਹੋਏ ਹਨ। ਦਿੱਲੀ ਤੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨੀਵਨਰ ਅਰਵਿੰਦ ਕੇਜਰੀਵਾਲ ਸਮੇਤ ਵੱਖ-ਵੱਖ ਸ਼ਖਸ਼ੀਅਤਾਂ ਨੇ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਅਤੇ ਆਸ਼ੀਰਵਾਦ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਸਰਕਾਰੀ ਰਿਹਾਇਸ਼ ‘ਤੇ ਹੋਏ ਹਨ। ਇਸ ਸ਼ੁਭ ਮੌਕੇ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਪਿਤਾ ਦੀਆਂ ਰਸਮਾਂ ਅਦਾ ਕੀਤੀਆਂ ਅਤੇ ਨਵ ਵਿਆਹੀ ਜੋੜੀ ਨੂੰ ਸੁਖੀ ਜੀਵਨ ਲਈ ਆਸ਼ੀਰਵਾਦ ਦਿੱਤਾ।
ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ, ਜੋ ਕਿ ਉਨ੍ਹਾਂ ਅਨੁਸਾਰ ਇਹ ਮਾਨ ਦੀ ਮਾਤਾ ਜੀ ਦੀ ਇੱਛਾ ਸੀ। ਵਿਆਹ ਤੋਂ ਪਹਿਲਾਂ ਗੁਰਪ੍ਰੀਤ ਕੌਰ (30) ਨੇ ਟਵਿੱਟਰ ‘ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ਦਿਨ ਸ਼ਗਨਾ ਦਾ ਚੜ੍ਹਿਆ (ਵਿਆਹ ਦਾ ਦਿਨ ਆ ਗਿਆ)। ਉਸਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਦੇ ਵਧਾਈ ਸੰਦੇਸ਼ਾਂ ਲਈ ਧੰਨਵਾਦ ਵੀ ਕੀਤਾ।
ਵਿਆਹ ਦੀਆਂ ਖਾਸ ਗੱਲਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਇਕ ਨਿੱਜੀ ਅਤੇ ਸਾਦੇ ਸਮਾਗਮ ਦੌਰਾਨ ਹਰਿਆਣਾ ਦੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀਆਂ ਕੁਝ ਵੱਡੀਆਂ ਗੱਲਾਂ ਜੋ ਤੁਹਾਨੂੰ ਜਾਣਨ ਵਿਚ ਦਿਲਚਸਪੀ ਹੋ ਸਕਦੀਆਂ ਹਨ-
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਆਮ ਤੌਰ ‘ਤੇ ਵਿਆਹਾਂ ਵਿੱਚ ਵਰਤਿਆ ਜਾਣ ਵਾਲਾ ‘ਬੈਂਡ, ਬਾਜਾ, ਬਾਰਾਤ’ ਗਾਇਬ ਸੀ ਪਰ ਜ਼ਸ਼ਨ ਦਾ ਮਾਹੌਲ ਬਣਿਆ ਹੋਇਆ ਸੀ। ਟੈਲੀਵਿਜ਼ਨ ਅਤੇ ਟਵਿੱਟਰ ‘ਤੇ ਫੋਟੋਆਂ ਨੇ ਆਨੰਦ ਕਾਰਜ ਸਮਾਰੋਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਲਾੜੀ ਨੂੰ ਲਾਲ ਰੰਗ ਦੇ ਕੱਪੜੇ ਪਾਏ ਹੋਏ ਦਿਖਾਇਆ।
ਆਮ ਆਦਮੀ ਪਾਰਟੀ (ਆਪ) ਨੇਤਾ ਰਾਘਵ ਚੱਢਾ ਨੇ ਟਵਿੱਟਰ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਭਗਵੰਤ ਮਾਨ ਆਪਣੀ ਪੀਲੀ ਪੱਗ ਅਤੇ ਸੁਨਹਿਰੀ ਰੰਗ ਦਾ ਕੁੜਤਾ-ਪਜਾਮਾ ਪਹਿਨੇ ਦਿਖਾਈ ਦੇ ਰਹੇ ਹਨ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦਾ ਪਰਿਵਾਰ ਅਤੇ ਚੱਢਾ ਵਿਆਹ ਵਿੱਚ ਸ਼ਾਮਲ ਹੋਏ।
ਚੰਡੀਗੜ੍ਹ ਦੇ ਸੈਕਟਰ 2 ਸਥਿਤ ਮੁੱਖ ਮੰਤਰੀ ਦੇ ਘਰ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਦੁਲਹਨ ਨੇ ਟਵਿੱਟਰ ‘ਤੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਵਿਆਹ ਦੇ ਮੇਨੂ ਵਿੱਚ ਭਾਰਤੀ ਅਤੇ ਇਤਾਲਵੀ ਪਕਵਾਨ ਸ਼ਾਮਲ ਸਨ। ਇਸ ਵਿੱਚ ਕਢਾਈ ਪਨੀਰ, ਤੰਦੂਰੀ ਕੁਲਚੇ, ਦਾਲ ਮਖਨੀ, ਨਵਰਤਨ ਬਿਰਯਾਨੀ, ਮੌਸਮੀ ਸਬਜ਼ੀਆਂ, ਖੜਮਾਨੀ ਭਰਿਆ ਕੋਫਤਾ, ਲਸਾਗਨਾ ਸਿਸਿਲਿਆਨੋ ਅਤੇ ਮੂੰਗ ਦਾਲ ਹਲਵਾ, ਅੰਗੂਰੀ ਰਸਮਲਾਈ ਅਤੇ ਸੁੱਕੇ ਮੇਵੇ ਰਬੜੀ ਵੀ ਮੌਜੂਦ ਸੀ। ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਛੇ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਉਨ੍ਹਾਂ ਦੇ ਪਿਛਲੇ ਵਿਆਹ ਤੋਂ ਦੋ ਬੱਚੇ ਹਨ- ਬੇਟੀ ਸੀਰਤ ਕੌਰ (21) ਅਤੇ ਬੇਟਾ ਦਿਲਸ਼ਾਨ (17) ਹੈ।
ਰਿੱਬਨ ਕਟਾਈ ਦੌਰਾਨ ਮਾਨ ਦੀ ਸਾਲੀਆਂ ਨਾਲ ਨੋਕ-ਝੋਕ
ਪੰਜਾਬ ਦੇ ਮੁੱਖ ਮੰਤਰੀ ਅੱਜ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ। ਇਹ ਵਿਆਹ ਸਮਾਗਮ ਭਾਵੇਂ ਹੀ ਸਾਦਾ ਰੱਖਿਆ ਗਿਆ ਸੀ ਪਰ ਪੂਰੇ ਰੀਤੀ-ਰਿਵਾਜ ਨਿਭਾਏ ਗਏ। ਮੁੱਖ ਮੰਤਰੀ ਮਾਨ ਦੇ ਲਾਵਾਂ ‘ਤੇ ਬੈਠਣ ਤੋਂ ਪਹਿਲਾਂ ਸਾਲੀਆਂ ਨੇ ਨਾਕਾ ਲਾ ਕੇ ਉਨ੍ਹਾਂ ਨੂੰ ਰੋਕ ਲਿਆ।
ਇਸ ਦੌਰਾਨ ਮੁੱਖ ਮੰਤਰੀ ਮਾਨ ਦੀ ਸਾਲੀਆਂ ਨਾਲ ਮਿੱਠੀ ਨੋਕ-ਝੋਕ ਹੋਈ। ਜਦੋਂ ਮੁੱਖ ਮੰਤਰੀ ਮਾਨ ਨੂੰ ਪਤਾ ਲੱਗਾ ਕਿ ਰਿੱਬਨ ਕਟਾਈ ਲਈ ਜਦੋਂ ਉਨ੍ਹਾਂ ਕੋਲ ਕੈਂਚੀ ਨਹੀਂ ਹੈ ਤਾਂ ਉਹ ਕਹਿਣ ਲੱਗੇ ਕਿ ਉਹ ਆਪਣਾ ਸਮਾਨ ਤਾਂ ਲੈ ਕੇ ਨਹੀਂ ਆਈਆਂ। ਮੁੱਖ ਮੰਤਰੀ ਵੱਲੋਂ ਆਪਣੀਆਂ ਸਾਲੀਆਂ ਨੂੰ ਗਿਫ਼ਟ ਵੀ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ। ਇਸ ਸਭ ਖ਼ੁਸ਼ੀ ਦੇ ਪਲ ਦੇਖ ਪਰਿਵਾਰ ਬੇਹੱਦ ਖ਼ੁਸ਼ ਨਜ਼ਰ ਆਇਆ।
ਹਰਿਆਣਾ ਦੇ ਜਵਾਈ ਬਣੇ ਸੀਐੱਮ ਮਾਨ
ਹਰਿਆਣਾ ਦੀ ਧੀ ਨਾਲ ਅੱਜ ਪੰਜਾਬ ਦੇ ਸੀਐੱਮ ਭਗਵੰਤ ਮਾਨ ਵਿਆਹ ਦੇ ਬੰਧਨ  ‘ਚ ਬੱਝ ਗਏ ਹਨ ਅਤੇ ਹਰਿਆਣਾ ਦੇ ਜਵਾਈ ਬਣ ਚੁੱਕੇ ਹਨ। ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੀ ਡਾ: ਗੁਰਪ੍ਰੀਤ ਕੌਰ (ਗੋਪੀ) ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਈ। ਡਾ: ਗੁਰਪ੍ਰੀਤ ਕੌਰ ਨੂੰ ਪਿਹੋਵਾ ਸਥਿਤ ਆਪਣੇ ਘਰ ਅਤੇ ਆਂਢ-ਗੁਆਂਢ ਦੇ ਲੋਕ ਗੋਪੀ ਦੇ ਨਾਂ ਨਾਲ ਜਾਣਦੇ ਹਨ ਜੋ ਕਿ ਸੀਐੱਮ ਮਾਨ ਤੋਂ 16 ਸਾਲ ਛੋਟੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ
ਸੀਐੱਮ ਭਗਵੰਤ ਮਾਨ ਦੂਜੀ ਵਾਰ ਵਿਆਹ ਦੇ ਬੰਧਨ  ‘ਚ ਬੱਝੇ ਹਨ ਉਹਨਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਉਹਨਾਂ ਦਾ 2015 ‘ਚ ਤਲਾਕ ਹੋ ਗਿਆ ਸੀ ਜੋ ਕਿ ਹੁਣ ਆਪਣੇ 2 ਬੱਚਿਆਂ ਨਾਲ ਅਮਰੀਕਾ ‘ਚ ਰਹਿੰਦੇ ਹਨ।
ਜਾਣੋ ਸ੍ਰੀਮਤੀ ਡਾ ਗੁਰਪ੍ਰੀਤ ਕੌਰ ਬਾਰੇ-
ਪਿਹੋਵਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ (ਗੋਪੀ) ਨੇ ਟੈਗੋਰ ਪਬਲਿਕ ਸਕੂਲ (ਪਿਹੋਵਾ) ਵਿੱਚ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਗੁਰਪ੍ਰੀਤ ਨੇ ਚੰਡੀਗੜ੍ਹ ਤੋਂ 11ਵੀਂ/12ਵੀਂ (ਮੈਡੀਕਲ) ਦੀ ਪੜ੍ਹਾਈ ਕੀਤੀ।
ਮੁਲਾਣਾ ਮੈਡੀਕਲ ਕਾਲਜ ਵਿੱਚ ਕੀਤੀ ਡਾਕਟਰ ਦੀ ਪੜ੍ਹਾਈ
ਗੁਰਪ੍ਰੀਤ ਕੌਰ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ। ਉਹਨਾਂ ਨੇ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਵਿੱਚ ਦਾਖਲਾ ਲਿਆ। ਉਹਨਾਂ ਨੇ ਸਾਲ 2017 ਵਿੱਚ ਐਮਬੀਬੀਐਸ ਪੂਰੀ ਕੀਤੀ।
ਦੋ ਭੈਣਾਂ ਵਿਦੇਸ਼ ‘ਚ
ਦੱਸ ਦੇਈਏ ਕਿ ਗੁਰਪ੍ਰੀਤ ਕੌਰ (ਗੋਪੀ) ਪਰਿਵਾਰ ਦੀ ਸਭ ਤੋਂ ਛੋਟੀ ਬੇਟੀ ਹੈ। ਉਹਨਾਂ ਦੀ ਵੱਡੀ ਭੈਣ ਨੀਰੂ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਦੂਜੀ ਭੈਣ ਜੱਗੂ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ, ਜਦਕਿ ਉਹਨਾਂ ਦੀ ਮਾਤਾ ਰਾਜ ਹਰਜਿੰਦਰ ਕੌਰ ਘਰੇਲੂ ਔਰਤ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਗਵੰਤ ਮਾਨ ਦੀ ਕਾਫੀ ਮਦਦ ਕੀਤੀ ਸੀ।
ਅਕਾਲੀ ਦਲ ਵਲੋਂ ਵਿਆਹ ਤੇ ਨਾ ਬੁਲਾਉਣ ਦਾ ਗਿਲਾ
ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਇੱਕ ਪੋਸਟ ਪਾਈ ਜਿਸ ‘ਚ ਉਨ੍ਹਾਂ ਨੇ ਵਿਆਹ ‘ਚ ਨਾ ਬੁਲਾਉਣ ਦਾ ਗਿਲਾ ਵੀ ਕੀਤਾ ਹੈ।ਸੀਐੱਮ ਮਾਨ ਦੇ ਵਿਆਹ ਤੋਂ ਬਾਅਦ ਕੀਤੇ ਟਵੀਟ ‘ਚ ਦਲਜੀਤ ਸਿੰਘ ਚੀਮਾ ਨੇ ਲਿਖਿਆ ਕਿ, ‘ਜੋੜੀ ਨੂੰ ਲੱਖ-ਲੱਖ ਵਧਾਈਆਂ। ਪਰ ਉਹਨਾਂ ਨਾਲ ਇੱਕ ਗਿਲਾ ਜਰੂਰ ਹੈ ਕਿ ਇੱਕ ਤਾਂ ਉਹਨਾਂ ਨੇ ਸੱਦਿਆ ਨਹੀਂ ਦੂਜਾ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ। ਨਾਲ ਹੀ ਸਿੱਧੂ ਅੰਦਾਜ਼ ਉਹਨਾਂ ਠੋਕੇ ਤਾਲੀ ਵੀ ਕਿਹਾ।
ਕੈਨੇਡੀਅਨ ਅੰਬੈਸੀ ਦੇ ਕੌਂਸਲ ਜਨਰਲ ਵਲੋਂ ਵਧਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ। ਕੈਨੇਡੀਅਨ ਅੰਬੈਸੀ ਦੇ ਕੌਂਸਲ ਜਨਰਲ ਪੈਟਰਿਕ ਹੈਬਰਟ ਨੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਹੇਬਰਟ ਨੇ ਇੱਕ ਟਵੀਟ ਵਿੱਚ ਲਿਖਿਆ, “ਚੰਡੀਗੜ੍ਹ ਵਿੱਚ ਵਿਆਹ ਲਈ ਬਹੁਤ ਸੁੰਦਰ ਦਿਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਵਧਾਈਆਂ ਅਤੇ ਤੁਹਾਡੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ!”

Comment here