ਸਿਆਸਤਖਬਰਾਂ

ਹਰਮੀਤ ਸਿੰਘ ਕਾਲਕਾ ਨੂੰ ਮਿਲੀ ਦਿੱਲੀ ਕਮੇਟੀ ਦੀ ਪ੍ਰਧਾਨਗੀ

ਸਰਨਾ ਧੜਾ ਨਰਾਜ਼, ਚੋਣ ਰੱਦ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਕਈ ਮਹੀਨੇ ਲੰਘ ਗਏ ਸਨ, ਪ੍ਰਧਾਨ ਦੀ ਚੋਣ ਦੇਰ ਬਾਅਦ ਕੱਲ ਕਰਵਾਈ ਗਈ। ਬਾਦਲ ਦਲ ਦੇ ਹਰਮੀਤ ਸਿੰਘ ਕਾਲਕਾ  ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੂੰ 29 ਵੋਟਾਂ ਪਈਆਂ ਹਨ ਤੇ ਇਕ ਵੋਟ ਦਾ ਫੈਸਲਾ 25 ਜਨਵਰੀ ਨੂੰ ਹੋਵੇਗਾ। ਇਸੇ ਦੌਰਾਨ ਪਰਮਜੀਤ ਸਿੰਘ ਸਰਨਾ ਨੇ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਹਾਈ ਕੋਰਟ ਜਾਣ ਦੇ ਸੰਕੇਤ ਦਿੱਤੇ ਹਨ। ਦਿੱਲੀ ਕਮੇਟੀ ਦੇ ਗਵਰਨਿੰਗ ਹਾਊਸ ਦੀ ਚੋਣ ਦੌਰਾਨ ਪਏ ਰੱਫੜ ਕਾਰਨ ਅਧਿਕਾਰੀਆਂ ਦੇ ਸੱਦੇ ਉਤੇ ਸੀਆਰਪੀਐੱਫ਼ ਦਾ ਦਸਤਾ ਪਹੁੰਚ ਗਿਆ ਹੈ। 1999 ਮਗਰੋਂ ਇਹ ਦੂਜੀ ਵਾਰ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਬਲ ਮੰਗਵਾਉਣੇ ਪਏ। ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਨਿਗਰਾਨੀ ਹੇਠ ਚੋਣ ਅਮਲ ਸ਼ੁਰੂ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮੇਟੀ ਦੇ ਨਵੇਂ ਪ੍ਰਧਾਨ ਲਈ ਹਰਮੀਤ ਸਿੰਘ ਕਾਲਕਾ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਪਰਮਜੀਤ ਸਿੰਘ ਸਰਨਾ ਦੇ ਨਾਂ ਧਿਰਾਂ ਵੱਲੋਂ ਪੇਸ਼ ਕੀਤੇ ਗਏ। ਅਜੇ ਦੋ ਵੋਟਾਂ ਹੀ ਪਈਆਂ ਸਨ ਕਿ ਉਦੋਂ ਰੱਫੜ ਪੈ ਗਿਆ ਜਦੋਂ ਸੁਖਬੀਰ ਸਿੰਘ ਕਾਲੜਾ ਦੀ ਵੋਟ ਪਾਉਣ ਵਾਲੀ ਪਰਚੀ ਦਿਖਾਉਣ ਦੇ ਦੋਸ਼ ਲਾਏ ਗਏ। ਇਸ ਤੋਂ ਪਹਿਲਾਂ ਦੁਪਹਿਰੇ 12 ਵਜੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰਮੇਸ਼ ਨਗਰ ਵਾਰਡ ਤੋਂ ਜਿੱਤੇ ਗੁਰਦੇਵ ਸਿੰਘ ਨੂੰ ਪਰੋਟੈਮ ਚੇਅਰਮੈਨ ਬਣਾਇਆ ਗਿਆ।  ਗੁਰਦੇਵ ਸਿੰਘ ਨੇ ਪ੍ਰਧਾਨਗੀ ਦੇ ਅਹੁਦੇ ਲਈ ਵੋਟਾਂ ਪਵਾਉਣੀਆਂ ਸ਼ੁਰੂ ਕੀਤੀਆਂ। ‌ ਇਸੇ ਦੌਰਾਨ ਸਰਨਾ ਧੜੇ ਤੋਂ ਬਾਦਲ ਧੜੇ ’ਚ ਆਏ ਸੁਖਬੀਰ ਸਿੰਘ ਕਾਲੜਾ ਵੱਲੋਂ ਪਾਈ ਵੋਟ ਦੀ ਪਰਚੀ ਹੋਰਨਾਂ ਨੂੰ ਦਿਖਾਉਣ ਦਾ ਦੋਸ਼ ਸਰਨਾ ਧੜੇ ਵੱਲੋਂ ਲਾ ਕੇ ਉਕਤ ਵੋਟ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮਗਰੋਂ ਦੋਨਾਂ ਧਿਰਾਂ ਦਰਮਿਆਨ ਤਕਰਾਰ ਸ਼ੁਰੂ ਹੋ ਗਿਆ। ਮੈਂਬਰ ਤੇਜਿੰਦਰ ਸਿੰਘ ਗੋਪਾ ਨੇ ਕਾਨਫਰੰਸ ਹਾਲ ਵਿੱਚੋਂ ਬਾਹਰ ਆ ਕੇ ਦੱਸਿਆ ਕਿ ਸ੍ਰੀ ਕਾਲੜਾ ਦੀ ਵੋਟ ਰੱਦ ਕਰਨ ਤੇ ਬਾਕੀ ਵੋਟਿੰਗ ਗੁਪਤ ਵੋਟਾਂ ਨਾਲ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਬਾਦਲ ਧੜੇ ਦੇ ਮੈਂਬਰ ਅਮਰਜੀਤ ਸਿੰਘ ਪੱਪੂ ਨੇ ਮੀਡੀਆ ਨੂੰ ਦੱਸਿਆ ਕਿ ਕਾਲੜਾ ਦੀ ਵੋਟ ‘ਹਾਂ ਜਾਂ ਨਾਂਹ’ ਲਈ ਪਰਚੀ ਗੁਰੂ ਗ੍ਰੰਥ ਸਾਹਿਬ ਅੱਗੇ ਨਾ ਲਈ ਜਾਵੇ। ਇਹ ਸੁਝਾਅ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਜਿਸ ਨੂੰ ਸਰਨਾ ਧੜੇ ਨੇ ਰੱਦ ਕਰ ਦਿੱਤਾ। ਹਾਲਤ ਵਿਗੜਦੇ ਦੇਖ ਚੋਣ ਡਾਇਰੈਕਟਰ ਨਰਿੰਦਰ ਸਿੰਘ ਰਕਾਬਗੰਜ ਪਹੁੰਚੇ ਜਿਸ ਮਗਰੋਂ ਪਰੋਟੈਮ ਚੇਅਰਮੈਨ ਨੇ ਪੁਲੀਸ ਸੁਰੱਖਿਆ ਦੀ ਮੰਗ ਕੀਤੀ। ਬਾਦਲ ਧੜੇ ਦੇ ਇੱਕ ਮੈਂਬਰ ਸਿਵਲ ਲਾਈਨਜ਼ ਤੋਂ ਜਿੱਤੇ ਜਸਬੀਰ ਸਿੰਘ ਜੱਸੀ ਦੀ ਵੋਟ ਨੂੰ ਸੀਲ ਬੰਦ ਕਰਨ ਦਾ ਹੁਕਮ ਤੀਸ ਹਜ਼ਾਰੀ ਅਦਾਲਤ ਵੱਲੋਂ ਦਿੱਤਾ ਗਿਆ। ਹੁਣ ਜੱਸੀ ਦੀ ਵੋਟ ਨਾਲ ਹੀ 25 ਜਨਵਰੀ ਨੂੰ ਅਦਾਲਤ ਵਿੱਚ ਖੋਲ੍ਹੀ ਜਾਵੇਗੀ। ਦੋ ਹੋਰ ਮੈਂਬਰਾਂ ਗੁਰਦੇਵ ਸਿੰਘ ਤੇ ਭੁਪਿੰਦਰ ਸਿੰਘ ਗਿੰਨੀ ਦੇ ਮਾਮਲੇ ਦੀ ਸੁਣਵਾਈ ਅੱਗੇ ਹੋਵੇਗੀ। ਇਸੇ ਦੌਰਾਨ ਦਿੱਲੀ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਸਵੀਟਾ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਕਥਿਤ ਤੌਰ ’ਤੇ ਵਾਰ ਵਾਰ ਬੈਲਟ ਬਾਕਸ ਅੱਗੇ ਆ ਜਾਂਦੇ ਰਹੇ। ਗਤੀਰੋਧ ਜਾਰੀ ਰਹਿਣ ਕਰਕੇ ਦਿੱਲੀ ਪੁਲੀਸ ਨੇ ਸਰਨਾ ਧੜੇ ਪੱਖੀ ਮੈਂਬਰਾਂ ਨੂੰ ਬਾਹਰ ਕੱਢ ਕੇ ਚੋਣ ਅਮਲ ਮੁੜ ਸ਼ੁਰੂ ਕਰਵਾ ਦਿੱਤਾ। ਪਰਮਜੀਤ ਸਿੰਘ ਸਰਨਾ ਨੇ ਬਾਆਦ ’ਚ ਕਿਹਾ ਕਿ ਦਿੱਲੀ ਪੁਲੀਸ ਨੇ ਸਾਡੇ ਨਾਲ ਧੱਕਾ ਕੀਤਾ ਹੈ।

Comment here