ਖਬਰਾਂਖੇਡ ਖਿਡਾਰੀ

ਹਰਮਨਪ੍ਰੀਤ ਸਿੰਘ ਐੱਫਆਈਐੱਚ ਸਾਲ ਦੇ ਸਰਬੋਤਮ ਖਿਡਾਰੀ ਚੁਣੇ ਗਏ   

 ਲਗਾਤਾਰ ਦੂਜੀ ਵਾਰ ਹਾਸਲ ਕੀਤਾ ਇਹ ਪੁਰਸਕਾਰ
ਨਵੀਂ ਦਿੱਲੀ  : ਭਾਰਤੀ ਮਰਦ ਹਾਕੀ ਟੀਮ ਦੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਬੀਤੇ ਦਿਨੀਂ ਇੱਥੇ ਲਗਾਤਾਰ ਦੂਜੀ ਵਾਰ ਮਰਦ ਵਰਗ ਵਿਚ ਐੱਫਆਈਐੱਚ ਦਾ ਸਾਲ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। ਹਰਮਨਪ੍ਰੀਤ ਲਗਾਤਾਰ ਸਾਲਾਂ ਵਿਚ ਮਰਦ ਵਰਗ ਵਿਚ ਸਾਲ ਦਾ ਸਰਬੋਤਮ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਚੌਥੇ ਖਿਡਾਰੀ ਹਨ। ਉਹ ਇਸ ਤਰ੍ਹਾਂ ਨੀਦਰਲੈਂਡ ਦੇ ਤੇਯੂਨ ਡੀ ਨੂਜੀਅਰ, ਆਸਟ੍ਰੇਲੀਆ ਦੇ ਜੇਮੀ ਡਵੇਅਰ ਤੇ ਬੈਲਜੀਅਮ ਦੇ ਆਰਥਰ ਵਾਨ ਡੋਰੇਨ ਦੇ ਨਾਲ ਇਸ ਏਲੀਟ ਸੂਚੀ ਵਿਚ ਸ਼ਾਮਲ ਹੋ ਗਏ ਹਨ। ਐੱਫਆਈਐੱਚ ਨੇ ਇਕ ਬਿਆਨ ਵਿਚ ਕਿਹਾ ਕਿ ਹਰਮਨਪ੍ਰੀਤ ਇਕ ਆਧੁਨਿਕ ਯੁਗ ਦੇ ਹਾਕੀ ਸੁਪਰ ਸਟਾਰ ਹਨ। ਉਹ ਸ਼ਾਨਦਾਰ ਡਿਫੈਂਡਰ ਹਨ ਜਿਨ੍ਹਾਂ ਵਿਚ ਵਿਰੋਧੀ ਨੂੰ ਪਛਾੜਨ ਲਈ ਸਹੀ ਸਮੇਂ ‘ਤੇ ਸਹੀ ਥਾਂ ਪੁੱਜਣ ਦੀ ਬਿਹਤਰੀਨ ਯੋਗਤਾ ਹੈ। ਹਰਮਨਪ੍ਰੀਤ ਨੂੰ ਕੁੱਲ 29.4 ਅੰਕ ਮਿਲੇ, ਉਨ੍ਹਾਂ ਤੋਂ ਬਾਅਦ ਥਿਏਰੀ ਬਿ੍ੰਕਮੈਨ ਦੇ 23.6 ਤੇ ਟਾਮ ਬੂਨ ਦੇ 23.4 ਅੰਕ ਹਨ। ਭਾਰਤੀ ਉੱਪ ਕਪਤਾਨ ਹਰਮਨਪ੍ਰੀਤ ਨੇ ਐੱਫਆਈਐੱਚ ਹਾਕੀ ਪ੍ਰਰੋ ਲੀਗ 2021-22 ਵਿਚ 16 ਮੈਚਾਂ ਵਿਚ 18 ਗੋਲ ਕੀਤੇ ਹਨ। ਜਿਨ੍ਹਾਂ ਵਿਚ ਦੋ ਹੈਟਿ੍ਕਾਂ ਵੀ ਸ਼ਾਮਲ ਹਨ। ਇਨ੍ਹਾਂ 18 ਗੋਲਾਂ ਦੀ ਬਦੌਲਤ ਉਹ ਭਾਰਤ ਲਈ ਸੈਸ਼ਨ ਦੇ ਅੰਤ ਵਿਚ ਸਰਬੋਤਮ ਗੋਲ ਕਰਨ ਵਾਲੇ ਖਿਡਾਰੀ ਰਹੇ ਤੇ ਉਨ੍ਹਾਂ ਦੇ ਨਾਂ ਪ੍ਰੋ ਲੀਗ ਦੇ ਇਕ ਹੀ ਸੈਸ਼ਨ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਦਰਜ ਹੋ ਗਿਆ ਹੈ। ਹਰਮਨਪ੍ਰੀਤ ਪਿਛਲੇ ਸਾਲ ਢਾਕਾ ਵਿਚ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਸ਼ਾਨਦਾਰ ਲੈਅ ਵਿਚ ਸਨ ਜਿਸ ਵਿਚ ਉਨ੍ਹਾਂ ਨੇ ਛੇ ਮੈਚਾਂ ਵਿਚ ਅੱਠ ਗੋਲ ਕੀਤੇ ਸਨ। ਉਨ੍ਹਾਂ ਨੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਲਈ ਵੀ ਅਹਿਮ ਭੂਮਿਕਾ ਨਿਭਾਈ ਸੀ। ਮਹਿਲਾ ਵਰਗ ਵਿਚ ਨੀਦਰਲੈਂਡ ਦੀ ਫੇਲਿਸ ਅਲਬਰਸ ਨੂੰ ਐੱਫਆਈਐੱਚ ਦੀ ਸਰਬੋਤਮ ਖਿਡਾਰਨ ਚੁਣਿਆ ਗਿਆ ਹੈ। ਉਹ ਮਹਿਲਾ ਵਰਗ ਵਿਚ ਜਰਮਨੀ ਦੀ ਨਤਾਸ਼ਾ ਕੇਲਰ (1999) ਤੋਂ ਬਾਅਦ ਐੱਫਆਈਐੱਚ ਦੀ ਸਰਬੋਤਮ ਖਿਡਾਰਨ ਦਾ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਨੌਜਵਾਨ ਖਿਡਾਰਨ ਵੀ ਬਣ ਗਈ ਹੈ। ਅਲਬਰਸ ਦੇ ਕੁੱਲ ਅੰਕ 29.1 ਹਨ, ਉਨ੍ਹਾਂ ਨੇ ਮਾਰੀਓ ਗ੍ਰਾਨਾਟੋ (26.9 ਅੰਕ) ਨੂੰ ਪਛਾੜਿਆ। ਆਗਸਟੀਨਾ ਗੋਰਜੇਲਾਨੀ 16.4 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।

Comment here