ਦੇਹਰਾਦੂਨ-ਉੱਤਰਾਖੰਡ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਹੋਈ ਜਦ ਭਾਜਪਾ ’ਚੋਂ ਕੱਢੇ ਜਾਣ ਦੇ ਛੇ ਦਿਨ ਬਾਅਦ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਆਪਣੀ ਨੂੰਹ ਅਨੁਕ੍ਰਿਤੀ ਗੋਸਾਈਂ ਰਾਵਤ ਨਾਲ ਕਾਂਗਰਸ ’ਚ ਵਾਪਸ ਆ ਗਏ। ਦਿੱਲੀ ’ਚ ਉਨ੍ਹਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੇ ਮੌਕੇ ’ਤੇ ਹਰੀਸ਼ ਰਾਵਤ ਮੌਜੂਦ ਰਹੇ। ਪਾਰਟੀ ਚ ਵਾਪਸੀ ਕਰਦਿਆਂ ਹਰਕ ਸਿੰਘ ਨੇ ਕਿਹਾ ਕਿ 2016 ’ਚ ਕਾਂਗਰਸ ਸਰਕਾਰ ਤੋਂ ਬਗ਼ਾਵਤ ਮੰਦਭਾਗੀ ਸੀ। ਉਹ ਬਿਨਾਂ ਸ਼ਰਤ ਪਾਰਟੀ ’ਚ ਸ਼ਾਮਲ ਹੋਏ ਹਨ। ਹੁਣ ਕਾਂਗਰਸ ਨੂੰ ਸੱਤਾ ’ਚ ਲਿਆਉਣਾ ਹੀ ਉਨ੍ਹਾਂ ਦਾ ਟੀਚਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਦੀ ਨੂੰਹ ਅਨੁਕ੍ਰਿਤੀ ਨੂੰ ਲੈਂਸਡੌਨ ਤੋਂ ਟਿਕਟ ਦੇ ਸਕਦੀ ਹੈ। ਹਰਕ ਸਿੰਘ ਨੇ ਬੀਤੇ ਐਤਵਾਰ ਤੋਂ ਕਾਂਗਰਸ ’ਚ ਸ਼ਾਮਲ ਹੋਣ ਲਈ ਦਿੱਲੀ ’ਚ ਡੇਰੇ ਲਾਏ ਹੋਏ ਸਨ। ਉਨ੍ਹਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਜਾਣਕਾਰੀ ਮਿਲਣ ’ਤੇ ਬੀਤੇ ਐਤਵਾਰ ਨੂੰ ਹੀ ਭਾਜਪਾ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਕੇ ਪਾਰਟੀ ਦੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਹਟਾ ਦਿੱਤਾ ਸੀ। ਕਾਂਗਰਸ ’ਚ ਉਨ੍ਹਾਂ ਦੀ ਵਾਪਸੀ ’ਤੇ ਪੇਚ ਫਸਣ ਦੀ ਖਬਰ ਵੀ ਆਈ, ਜਦੋਂ ਸਾਬਕਾ ਮੁੱਖ ਮੰਤਰੀ ਤੇ ਸੂਬਾਈ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਮੁਖੀ ਹਰੀਸ਼ ਰਾਵਤ ਨੇ ਉਨ੍ਹਾਂ ਦੇ ਵਿਰੋਧ ’ਚ ਮੋਰਚਾ ਖੋਲ੍ਹ ਦਿੱਤਾ। 2016 ’ਚ ਉਨ੍ਹਾਂ ਦੀ ਸਰਕਾਰ ਨੂੰ ਸੰਕਟ ’ਚ ਪਾਉਣ ’ਚ ਤੱਤਕਾਲੀ ਕੈਬਨਿਟ ਮੰਤਰੀ ਵਜੋਂ ਹਰਕ ਸਿੰਘ ਨੇ ਵੱਡੀ ਭੂਮਿਕਾ ਨਿਭਾਈ ਸੀ। ਹਰੀਸ਼ ਰਾਵਤ ਉਦੋਂ ਤੋਂ ਹੀ ਹਰਕ ਸਿੰਘ ਤੋਂ ਨਾਰਾਜ਼ ਚਲੇ ਆ ਰਹੇ ਸਨ ਤੇ ਉਨ੍ਹਾਂ ਨਾਲ ਬਗ਼ਾਵਤ ਕਰਨ ਵਾਲਿਆਂ ਨੂੰ ‘ਉਜਾੜੂ ਬਲਦ’ (ਖੇਤ ’ਚ ਫ਼ਸਲ ਤਬਾਹ ਕਰਨ ਵਾਲਾ ਬੈਲ) ਕਿਹਾ ਸੀ। ਹਰੀਸ਼ ਰਾਵਤ ਦੀ ਨਾਰਾਜ਼ਗੀ ਕਾਰਨ ਹੀ ਉਨ੍ਹਾਂ ਦੀ ਘਰ ਵਾਪਸੀ ’ਚ ਕਰੀਬ ਇਕ ਹਫ਼ਤਾ ਲੱਗਾ। ਰਾਵਤ ਨੇ ਕਿਹਾ ਸੀ ਕਿ ਹਰਕ ਨੂੰ ਕਾਂਗਰਸ ਸਰਕਾਰ ਡੇਗਣ ਲਈ ਜਨਤਕ ਤੌਰ ’ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਬਾਅਦ ਹਰਕ ਨੇ ਕਿਹਾ ਕਿ ਹਰੀਸ਼ ਰਾਵਤ ਉਨ੍ਹਾਂ ਦੇ ਵੱਡੇ ਭਰਾ ਹਨ। ਉਹ ਉਨ੍ਹਾਂ ਤੋਂ ਇਕ ਲੱਖ ਵਾਰ ਮਾਫ਼ੀ ਮੰਗਣ ਲਈ ਤਿਆਰ ਹਨ। ਕਈ ਦਿਨ ਦੀ ਵਿਚਾਰ ਚਰਚਾ ਮਗਰੋਂ ਲੰਘੇ ਦਿਨ ਦੁਪਹਿਰੇ ਹਰਕ ਸਿੰਘ ਨੂੰ ਦਿੱਲੀ ’ਚ ਕਾਂਗਰਸ ਦੇ ਰਕਾਬਗੰਜ ਸਥਿਤ ਵਾਰ ਰੂਮ ’ਚ ਸੱਦਿਆ ਗਿਆ। ਉੱਥੇ ਉਨ੍ਹਾਂ ਨੇ ਆਪਣੀ ਨੂੰਹ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ।
Comment here