ਕਾਬੁਲ-ਤਾਲਿਬਾਨਾਂ ਵਲੋਂ ਅਫਗਾਨਿਸਤਾਨ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਗਿਆ ਹੈ, ਹਮਲੇ ਜਾਰੀ ਹਨ, ਇਸ ਦੌਰਾਨ ਅਫਗਾਨ ਸਰਕਾਰ ਨੇ ਤਾਲਿਬਾਨ ਨੂੰ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਹੈ। ਇਕ ਸਰਕਾਰੀ ਸਰੋਤ ਨੇ ਸਮਾਚਾਰ ਏਜੰਸੀ ਅਲ ਜਜ਼ੀਰਾ ਨੂੰ ਦੱਸਿਆ ਕਿ ਦੇਸ਼ ਨੂੰ ਗ੍ਰਹਿਯੁੱਧ ਅਤੇ ਹਿੰਸਾ ਤੋਂ ਬਚਾਉਣ ਲਈ ਅਫਗਾਨ ਸਰਕਾਰ ਨੇ ਤਾਲਿਬਾਨ ਨੂੰ ਸੱਤਾ ਵਿਚ ਹਿੱਸੇਦਾਰੀ ਦਾ ਆਫਰ ਦਿੱਤਾ ਹੈ। ਭਾਵੇਂਕਿ ਇਸ ਦੇ ਬਦਲੇ ਅਫਗਾਨਿਸਤਨ ਸਰਕਾਰ ਨੇ ਇਕ ਸਖ਼ਤ ਸ਼ਰਤ ਵੀ ਰੱਖੀ ਹੈ। ਅਸ਼ਰਫ ਗਨੀ ਸਰਕਾਰ ਨੇ ਆਪਣੇ ਨਵੇਂ ਸ਼ਾਂਤੀ ਪ੍ਰਸਤਾਵ ਵਿਚ ਤਾਲਿਬਾਨ ਨੂੰ ਕਿਹਾ ਹੈ ਕਿ ਉਸ ਨੂੰ ਸੱਤਾ ਵਿਚ ਹਿੱਸੇਦਾਰੀ ਉਦੋਂ ਦਿੱਤੀ ਜਾਵੇਗੀ ਜਦੋਂ ਉਹ ਦੇਸ਼ ਦੇ ਸ਼ਹਿਰਾਂ ‘ਤੇ ਹਮਲੇ ਕਰਨਾ ਬੰਦ ਕਰ ਦੇਵੇਗਾ। ਅਫਗਾਨ ਸਰਕਾਰ ਨੇ ਇਹ ਪ੍ਰਸਤਾਵ ਅਜਿਹੇ ਸਮੇਂ ‘ਤੇ ਦਿੱਤਾ ਹੈ ਜਦੋਂ ਤਾਲਿਬਾਨ ਨੇ ਦੇਸ਼ ਦੀ 10ਵੀਂ ਸੂਬਾਈ ਰਾਜਧਾਨੀ ਗਜ਼ਨੀ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਦੇ 1 ਟੀਵੀ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਅਫਗਾਨਿਸਤਾਨ ਦੇ ਨਵੇਂ ਸ਼ਾਂਤੀ ਪ੍ਰਸਤਾਵ ਦੇ ਬਾਰੇ ਜਾਣਕਾਰੀ ਦਿੱਤੀ।ਭਾਵੇਂਕਿ ਹਾਲੇ ਅਜਿਹਾ ਹੋਣ ਦੀ ਆਸ ਬਹੁਤ ਘੱਟ ਹੈ ਕਿ ਤਾਲਿਬਾਨ ਅਫਗਾਨ ਸਕਾਰ ਦੇ ਨਵੇਂ ਸ਼ਾਂਤੀ ਪ੍ਰਸਤਾਵ ਨੂੰ ਸਵੀਕਾਰ ਕਰੇਗਾ। ਉਹ ਵੀ ਉਦੋਂ ਜਦੋਂ ਉਸ ਦੇ ਲੜਾਕੇ ਇਕ ਦੇ ਬਾਅਦ ਇਕ ਸ਼ਹਿਰ ‘ਤੇ ਕਬਜ਼ਾ ਕਰਦੇ ਜਾ ਰਹੇ ਹਨ।ਅਧਿਕਾਰੀਆਂ ਨੇ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਨੇ ਕਈ ਸੂਬਾਈ ਰਾਜਧਾਨੀਆਂ ‘ਤੇ ਕਬਜ਼ਾ ਕਰ ਲਿਆ ਹੈ। ਸ਼ਹਿਰ ਦੇ ਬਾਹਰੀ ਖੇਤਰਾਂ ਵਿਚ ਲੜਾਈ ਜਾਰੀ ਹੈ। ਤਾਲਿਬਾਨ ਉੱਥੇ ਝੰਡੇ ਲਹਿਰਾ ਰਹੇ ਹਨ। ਭਾਵੇਂਕਿ ਕਾਬੁਲ ਵਿਚ ਅਫਗਾਨ ਕੇਂਦਰੀ ਸਰਕਾਰ ਅਤੇ ਸੁਰੱਖਿਆ ਬਲਾਂ ਨੇ ਗਜ਼ਨੀ ‘ਤੇ ਤਾਲਿਬਾਨ ਦੇ ਕਬਜ਼ੇ ਦੀ ਗੱਲ ਸਵੀਕਾਰ ਨਹੀਂ ਕੀਤੀ ਹੈ। ਗਜ਼ਨੀ ਕਾਬੁਲ ਦੇ ਦੱਖਣ-ਪੱਛਮ ਵਿਚ 130 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਵਿਚਕਾਰ ਤਾਲਿਬਾਨ ਨੇ ਗਜ਼ਨੀ ਸੂਬੇ ‘ਤੇ ਕਬਜ਼ਾ ਕਰਨ ਮਗਰੋਂ ਸੂਬਾਈ ਗਵਰਨਰ ਅਤੇ ਰਾਸ਼ਟਰੀ ਪੁਲਸ ਪ੍ਰਮੁੱਖ ਨੂੰ ਕਾਬੁਲ ਆਉਣ ਦੀ ਇਜਾਜ਼ਤ ਦੇ ਦਿੱਤੀ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਰਾਜਪਾਲ ਦਾਉਦ ਲਘਮਨੀ ਦੇ ਅੰਗ ਰੱਖਿਅਕਾਂ ਨੂੰ ਕਥਿਤ ਤੌਰ ‘ਤੇ ਨਿਹੱਥਾ ਕਰ ਦਿੱਤਾ ਗਿਆ ਅਤੇ ਦੋਹਾਂ ਪੱਖਾਂ ਵਿਚਕਾਰ ਸਮਝੌਤੇ ਦੇ ਆਧਾਰ ‘ਤੇ ਉਹਨਾਂ ਨੂੰ ਕਾਬੁਲ ਤੱਕ ਲਿਜਾਇਆ ਗਿਆ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਇਕ ਟਵਿੱਟਰ ਪੋਸਟ ਵਿਚ ਕਿਹਾ ਕਿ ਲੜਾਕਿਆਂ ਨੇ ਰਾਸ਼ਟਰੀ ਪੁਲਸ ਹੈੱਡਕੁਆਰਟਰ, ਕੇਂਦਰੀ ਜੇਲ੍ਹ ਅਤੇ ਹੋਰ ਸਰਕਾਰੀ ਬਲਾਂ ਦੀਆਂ ਸਹੂਲਤਾਂ ‘ਤੇ ਕੰਟਰੋਲ ਕਰ ਲਿਆ ਹੈ। ਇਸ ਦੌਰਾਨ ਫਰਾਹ ਦੇ ਸੂਬਾਈ ਗਵਰਨਰ ਦੇ ਨਾਲ ਚਾਰ ਸਰਕਾਰੀ ਅਧਿਕਾਰੀਆਂ ਨੇ ਵੀ ਤਾਲਿਬਾਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਅਤੇ ਬਾਅਦ ਵਿਚ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਸੂਬੇ ਵਿਚ ਰਾਸ਼ਟਰੀ ਪੁਲਸ ਹੈੱਡਕੁਆਰਟਰ ਲਿਜਾਇਆ ਗਿਆ। ਅਫਗਾਨ ਸਰਕਾਰ ਨੇ ਇਸ ਮੁੱਦੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਜਿਵੇਂ-ਜਿਵੇਂ ਸੁਰੱਖਿਆ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਅਫਗਾਨ ਸਰਕਾਰ ਨੇ ਆਪਣੀ ਮਿਲਟਰੀ ਅਗਵਾਈ ਵਿਚ ਫੇਰਬਦਲ ਕੀਤਾ ਅਤੇ ਹੇਬਤੁੱਲਾਹ ਅਲੀਜਾਈ ਨੂੰ ਨਵਾਂ ਫੌਜ ਮੁਖੀ ਨਿਯੁਕਤ ਕੀਤਾ ਹੈ। ਹਾਲਾਤ ਚਿੰਤਾਜਨਕ ਬਣੇ ਹੋਣ ਕਰਕੇ ਗੁਆਂਢੀ ਮੁਲਕ ਵੀ ਚੌਕਸ ਹਨ।
Comment here