ਚੰਡੀਗੜ੍ਹ: ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਬੀਤੀ ਰਾਤ ਕਰੀਬ 2 ਵਜੇ ਗ੍ਰਿਫ਼ਤਾਰ ਕਰ ਲਿਆ ਹੈ। ਸਾਲ 2018 ‘ਚ ਦਰਜ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ 18 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਦੇ ਮੋਹਾਲੀ, ਲੁਧਿਆਣਾ ਤੇ ਪਠਾਨਕੋਟ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਈਡੀ ਨੇ ਭੁਪਿੰਦਰ ਦੇ ਟਿਕਾਣੇ ਤੋਂ 7.9 ਕਰੋੜ ਰੁਪਏ, ਭੁਪਿੰਦਰ ਦੇ ਸਾਥੀ ਸੰਦੀਪ ਤੋਂ 2 ਕਰੋੜ ਰੁਪਏ, 21 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਬਰਾਮਦ ਕੀਤੀ ਸੀ। ਇਸ ਉਤੇ ਪੰਜਾਬ ਦੀ ਸਿਆਸਤ ਮਘੀ ਪਈ ਹੈ, ਵਿਰੋਧੀ ਦੋਸ਼ ਲਾ ਰਹੇ ਨੇ ਕਿ ਅਸਲ ਦੋਸ਼ੀ ਤਾਂ ਚੰਨੀ ਹੈ, ਤੇ ਕਾਂਗਰਸੀ ਚੰਨੀ ਦਾ ਬਚਾਅ ਕਰ ਰਹੇ ਹਨ।
ਚੰਨੀ ‘ਤੇ ਹੋਵੇਗੀ ਈਡੀ ਦੀ ਕਾਰਵਾਈ:ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੇਤਰ ਦਾ ਸਭ ਤੋਂ ਵੱਡਾ ਰੇਤ ਮਾਫੀਆ ਹੈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਉਸ ਦੇ ਭਤੀਜੇ ਤੋਂ ਬਾਅਦ ਅਗਲਾ ਵਿਅਕਤੀ ਹੋਵੇਗਾ। ਉਨ੍ਹਾਂ ਕਿਹਾ, “ਚੰਨੀ ਖੇਤਰ ਦਾ ਸਭ ਤੋਂ ਵੱਡਾ ਰੇਤ ਮਾਫੀਆ ਹੈ, ਮੈਂ ਲੰਬੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹਾਂ। ਉਸ ਨੇ ਸਰਕਾਰ ਨੂੰ 200 ਕਰੋੜ ਦਾ ਚੂਨਾ ਲਾਇਆ ਹੈ। ਇਹ ਚੰਗੀ ਗੱਲ ਹੈ ਅਤੇ ਮੈਨੂੰ ਲਗਦਾ ਹੈ ਕਿ ਅੱਗੇ ਚੰਨੀ ਖੁਦ ਹੈ। ਉਸਦਾ ਭਾਣਜਾ ਸਿਰਫ ਖਜਾਨਚੀ ਹੈ।ਚੰਨੀ ਦੇ ਭਤੀਜੇ ਭੂਪੇਂਦਰ ਸਿੰਘ ਹਨੀ ਦੀ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿੱਚ ਗ੍ਰਿਫ਼ਤਾਰੀ ਕਾਂਗਰਸ ਵੱਲੋਂ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕਰਨ ਤੋਂ ਦੋ ਦਿਨ ਪਹਿਲਾਂ ਹੋਈ ਹੈ। ਇਸ ਕਾਰਨ ਅਕਾਲੀ ਦਲ ਵਰਗੀਆਂ ਵਿਰੋਧੀ ਪਾਰਟੀਆਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਇਹ ਪੁੱਛੇ ਜਾਣ ‘ਤੇ ਕਿ ਉਹ ਕੀ ਸੋਚਦੇ ਹਨ ਕਿ ਕਾਂਗਰਸ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਆਪਣਾ ਮੁੱਖ ਮੰਤਰੀ ਚਿਹਰਾ ਕਿਸ ਨੂੰ ਚੁਣੇਗੀ, ਉਨ੍ਹਾਂ ਕਿਹਾ: “ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ, ਕਾਂਗਰਸ ਖਤਮ ਹੋ ਗਈ ਹੈ, ਉਨ੍ਹਾਂ ਨੇ ਸੂਬੇ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਅਤੇ ਕੋਈ ਵੀ ਨਹੀਂ। ਉਹ ਚਾਹੁੰਦੇ ਹਨ…ਸਿੱਧੂ ਭਾਵੇਂ ਚੋਣ ਹਾਰ ਰਹੇ ਹਨ, ਮੈਂ ਆਪਣੇ ਵੱਡੇ ਨੇਤਾ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਉਨ੍ਹਾਂ ਦੇ ਖਿਲਾਫ ਮੈਦਾਨ ‘ਚ ਉਤਾਰਿਆ ਹੈ…ਇਸ ਲਈ ਉਨ੍ਹਾਂ ਦਾ ਚਿਹਰਾ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਹੁਣ ਚੰਨੀ ਦੀ ਵਾਰੀ: ਮਜੀਠੀਆ
ਹਨੀ ਦੀ ਗ੍ਰਿਫਤਾਰੀ ਤੇ ਤਨਜ਼ ਕਸਦੇ ਹੋਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾ ਮਨੀ, ਹੁਣ ਹਨੀ ਤੇ ਹੁਣ ਹਨੀ ਤੋਂ ਬਾਅਦ ਹੁਣ ਚੰਨੀ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਹਨੀ ਦੇ ਘਰੋਂ ਬਰਾਮਦ ਹੋਇਆ ਪੈਸਾ ਹਨੀ ਦਾ ਨਹੀਂ ਸਗੋਂ ਚੰਨੀ ਦਾ ਹੈ। ਹਨੀ ਸਿਰਫ਼ ਉਸਦਾ ਖਜਾਨਚੀ ਹੈ।
ਸਿਆਸੀ ਬਦਲਾਖੋਰੀ: ਰਵਨੀਤ ਬਿੱਟੂ
ਹਨੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਘਟਨਾ ਦੀ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਿਫਤਾਰੀ ਕੇਂਦਰ ਵੱਲੋਂ ਬਦਲਾਖੋਰੀ ਦੀ ਭਾਵਨਾ ਨਾਲ ਕਰਵਾਈ ਗਈ ਹੈ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਈ. ਡੀ. ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਈ. ਡੀ. ਨੇ ਹਨੀ ਨੂੰ 8-8 ਘੰਟੇ ਇੰਟੈਰੋਗੇਟ ਕਰ ਉਸ ਕੋਲੋਂ ਉਗਲਵਾਇਆ ਹੈ। ਪੰਜਾਬ ’ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਇਹ ਕਿਸਾਨ ਅੰਦੋਲਨ ਲਈ ਬਦਲਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣਾ ਨਾਂ ਬਦਲ ਕੇ ਈ. ਡੀ. ਜਾਂ ਸੀ. ਬੀ. ਆਈ. ਰੱਖ ਲੈਣਾ ਚਾਹੀਦਾ ਹੈ।
ਚੰਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼-ਰੰਧਾਵਾ
ਕਾਂਗਰਸ ਹਨੀ ਦੀ ਗ੍ਰਿਫਤਾਰੀ ਨੂੰ ਬਦਲਾਖੋਰੀ ਦੀ ਰਾਜਨੀਤੀ ਕਰਾਰ ਦੱਸ ਰਹੀ ਹੈ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਰੇਡ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਚੋਣਾਂ ’ਚ ਹੋ ਰਹੀ ਹੈ। ਮਜੀਠੀਆ ਅਤੇ ਕੈਪਟਨ ’ਤੇ ਤੰਜ ਕੱਸਦੇ ਹੋਏ ਰੰਧਾਵਾ ਨੇ ਕਿਹਾ ਕਿ ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਬਿਕਰਮ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਕੀਤੀ ਜਾਵੇ, ਕਿਉਂਕਿ ਉਨ੍ਹਾਂ ’ਤੇ ਈ.ਡੀ. ਵਲੋਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਈ.ਡੀ. ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਕਾਗਰਸ ਬਰਦਾਸ਼ਤ ਨਹੀਂ ਕਰੇਗੀ। ਇਸ ਤੋਂ ਇਲਾਵਾ ਸੁਨੀਲ ਜਾਖੜ ਦੇ ਮੁੱਖ ਮੰਤਰੀ ਦੀ ਵੋਟਿੰਗ ਦੇ ਦਿੱਤੇ ਬਿਆਨ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਐਲਾਨ ਹਾਈ ਕਮਾਂਡ ਵਲੋਂ ਕੀਤਾ ਗਿਆ ਸੀ ਅਤੇ ਇਸ ਲਈ ਵੋਟਿੰਗ ਅਹਿਮ ਨਹੀਂ ਸੀ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੁਝ ਦਿਨਾਂ ਤੱਕ ਰਾਹੁਲ ਗਾਂਧੀ ਪੰਜਾਬ ਦੀ ਫੇਰੀ ’ਤੇ ਆ ਰਹੇ ਹਨ, ਜਿਨ੍ਹਾਂ ਵਲੋਂ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ।
ਹਨੀ ਦੀ ਗ੍ਰਿਫਤਾਰੀ ਨੂੰ ਸਿਆਸੀ ਚਾਲ ਕਹਿਣਾ ਗਲਤ : ਚੁੱਘ
ਸੀ.ਐੱਮ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਬਾਰੇ ਰੰਧਾਵਾ ਦੇ ਬਿਆਨ ਨੂੰ ਗਲਤ ਆਖਦਿਆਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਸਿਆਸੀ ਆਧਾਰ ’ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਚੁੱਘ ਨੇ ਕਿਹਾ ਕਿ ਚੰਨੀ ਦੇ ਭਾਣਜੇ ਖ਼ਿਲਾਫ਼ ਕੇਸ 2018 ’ਚ ਉਦੋਂ ਦਰਜ ਕੀਤਾ ਗਿਆ ਸੀ, ਜਦੋਂ ਸੀ. ਐੱਮ. ਚੰਨੀ ਕਾਂਗਰਸ ਸਰਕਾਰ ’ਚ ਕੈਬਨਿਟ ਮੰਤਰੀ ਸਨ। ਉਨ੍ਹਾਂ ਕਿਹਾ ਕਿ ਈ.ਡੀ. ਨੇ ਜਾਂਚ ’ਚ ਸਿਰਫ਼ ਇੱਕ ਕਦਮ ਹੋਰ ਅੱਗੇ ਵਧੀ ਹੈ। ਉਨ੍ਹਾਂ ਕਿਹਾ ਕਿ ਹਨੀ ਦੀ ਰਿਹਾਇਸ਼ ਤੋਂ 10 ਕਰੋੜ ਰੁਪਏ ਦੀ ਬਰਾਮਦਗੀ ਨੇ ਸਾਫ਼ ਕੀਤਾ ਸੀ ਕਿ ਮੁੱਖ ਮੰਤਰੀ ਦਾ ਪਰਿਵਾਰ ਰੇਤ ਮਾਫ਼ੀਆ ਨੂੰ ਸਰਪ੍ਰਸਤੀ ਦੇ ਰਿਹਾ ਹੈ। ਚੁੱਘ ਨੇ ਕਿਹਾ ਕਿ ਪੰਜਾਬ ’ਚ ਹਰ ਤਰ੍ਹਾਂ ਦੇ ਮਾਫ਼ੀਆ ਕਾਂਗਰਸ ਦੀ ਸਰਕਾਰ ਚਲਾ ਰਹੀ ਹੈ ਅਤੇ ਵੋਟਰ ਚੋਣਾਂ ’ਚ ਇਸ ਦਾ ਢੁੱਕਵਾਂ ਜਵਾਬ ਦੇਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੇ ਨਵੇਂ ਮਾਡਲ ਬਾਰੇ ਵਾਰ-ਵਾਰ ਕੀਤੇ ਜਾ ਰਹੇ ਐਲਾਨਾਂ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਚੁੱਘ ਨੇ ਕਿਹਾ ਕਿ ਪੰਜਾਬ ਮਾਡਲ ਇਕ ਦਿਖਾਵਾ ਸੀ। ਸਿੱਧੂ ਕੈਬਨਿਟ ਮੰਤਰੀ ਜਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਕਿਸੇ ਵੀ ਮਾਡਲ ਨੂੰ ਦੇਣ ਲਈ ਪੰਜਾਬ ਦੇ ਲੋਕਾਂ ’ਤੇ ਖੇਡ ਰਿਹਾ ਹੈ।
Comment here