ਵਿਸ਼ੇਸ਼ ਰਿਪੋਰਟ-ਜਗਵੰਤ ਸਰਾਓ
ਭਾਰਤ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ 2021 ਵਿੱਚ 163,370 ਲੋਕਾਂ ਨੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ ਸੀ। ਸੰਸਦ ਵਿੱਚ ਪੇਸ਼ ਦਸਤਾਵੇਜ਼ ਅਨੁਸਾਰ ਇਨ੍ਹਾਂ ਲੋਕਾਂ ਨੇ “ਨਿੱਜੀ ਕਾਰਨਾਂ” ਕਰਕੇ ਆਪਣੀ ਨਾਗਰਿਕਤਾ ਛੱਡਣ ਦਾ ਫੈਸਲਾ ਕੀਤਾ ਸੀ।ਇਹਨਾਂ ਵਿੱਚੋਂ ਸਭ ਤੋਂ ਵੱਧ 78,284 ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਹੈ। ਇਸ ਤੋਂ ਇਲਾਵਾ 23,533 ਲੋਕਾਂ ਨੇ ਆਸਟ੍ਰੇਲੀਆ ਅਤੇ 21,597 ਨੇ ਕੈਨੇਡੀਅਨ ਨਾਗਰਿਕਤਾ ਲਈ ਭਾਰਤ ਦੀ ਨਾਗਰਿਕਤਾ ਛੱਡੀ ਸੀ।
ਸਾਲ 2020 ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਗਿਣਤੀ 85,256 ਸੀ। ਸਾਲ 2019 ਵਿੱਚ 144,017 ਲੋਕਾਂ ਨੇ ਨਾਗਰਿਕਤਾ ਛੱਡੀ ਸੀ।ਅੱਠ ਲੱਖ ਤੋਂ ਵੱਧ ਲੋਕਾਂ ਨੇ 2015 ਤੋਂ 2020 ਵਿਚਕਾਰ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਸੀ। ਇਹਨਾਂ ਅੰਕੜਿਆਂ ਵਿੱਚ ਸਾਲ 2020 ਵਿੱਚ ਕਮੀ ਦੇਖੀ ਗਈ ਸੀ ਪਰ ਇਸਦਾ ਕਾਰਨ ਕੋਰੋਨਾ ਮਹਾਂਮਾਰੀ ਨੂੰ ਮੰਨਿਆ ਜਾ ਰਿਹਾ ਹੈ।ਵਿਦੇਸ਼ੀ ਮਾਮਲਿਆਂ ਦੇ ਮਾਹਰ ਹਰਸ਼ ਪੰਤ ਨੇ ਅਨੁਸਾਰ ਇਸ ਵਾਧੇ ਦਾ ਕਾਰਨ ਇਹ ਹੋ ਸਕਦਾ ਹੈ ਕਿ ਪਿਛਲੇ ਸਾਲ ਕੁਝ ਲੋਕ ਜੋ ਕੋਰੋਨਾ ਕਾਰਨ ਕੰਮ ਬੰਦ ਹੋਣ ਕਰਕੇ ਨਾਗਰਿਕਤਾ ਨਹੀਂ ਲੈ ਸਕੇ ਸਨ, ਉਹਨਾਂ ਨੂੰ ਵੀ ਇਸ ਸਾਲ ਨਾਗਰਿਕਤਾ ਮਿਲ ਗਈ ਹੈ। ਹਰਸ਼ ਪੰਤ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਬਿਹਤਰ ਕੰਮ, ਪੈਸਾ ਅਤੇ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਦੇਸ਼ ਛੱਡਦੇ ਹਨ।ਪੰਤ ਮੁਤਾਬਕ, “ਵੱਡੇ ਦੇਸਾਂ ਵਿੱਚ ਵਧੀਆ ਸਹੂਲਤਾਂ ਮਿਲਦੀਆਂ ਹਨ ਪਰ ਕਈ ਲੋਕ ਛੋਟੇ ਮੁਲਕਾਂ ਵਿੱਚ ਵੀ ਜਾਂਦੇ ਹਨ। ਕਈ ਛੋਟੇ ਦੇਸ਼ ਕਾਰੋਬਾਰ ਲਈ ਚੰਗੀਆਂ ਸਹੂਲਤਾਂ ਦਿੰਦੇ ਹਨ। ਕੁਝ ਲੋਕਾਂ ਦੇ ਪਰਿਵਾਰ ਵੀ ਅਜਿਹੇ ਮੁਲਕਾਂ ਵਿੱਚ ਸੈਟਲ ਹੁੰਦੇ ਹਨ ਇਸ ਲਈ ਉਹ ਉਨ੍ਹਾਂ ਦੇ ਨਾਲ ਉੱਥੇ ਕੰਮ ਕਰਨ ਲਈ ਜਾਂਦੇ ਹਨ।”
ਅਮਰੀਕਾ ਦੀ ਰਹਿਣ ਵਾਲੀ ਮਨਜੀਤ ਕੌਰ ਸੇਖੋਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਨੇ ਆਪਣੀ ਨਾਗਰਿਕਤਾ ਛੱਡਣ ਜਾਂ ਬ੍ਰੇਨ ਡਰੇਨ ਦੀ ਦਰ ਨੂੰ ਕਾਬੂ ਕਰਨਾ ਹੈ ਤਾਂ ਉਸ ਨੂੰ ਕਈ ਕਦਮ ਚੁੱਕਣੇ ਪੈਣਗੇ।ਇਸ ਲਈ ਨਵੇਂ ਮੌਕਿਆਂ ਤੋਂ ਲੈ ਕੇ ਦੋਹਰੀ ਨਾਗਰਿਕਤਾ ਤੱਕ ਚੰਗੀਆਂ ਸਹੂਲਤਾਂ ਉਪਰ ਵਿਚਾਰ ਕਰਨਾ ਜ਼ਰੂਰੀ ਹੈ।ਬੀਬੀ ਸੇਖੋਂ ਸਾਲ 2003 ਵਿੱਚ ਨੌਕਰੀ ਦੇ ਸਬੰਧ ਵਿੱਚ ਅਮਰੀਕਾ ਗਈ ਸੀ ਪਰ ਉਸ ਨੂੰ ਉੱਥੇ ਹੀ ਰਹਿਣਾ ਪਸੰਦ ਆਇਆ ਅਤੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ।ਉਹਨਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਅਤੇ ਕੁਝ ਸਾਲ ਪਹਿਲਾਂ ਉਸ ਨੂੰ ਨਾਗਰਿਕਤਾ ਮਿਲ ਗਈ।ਉਨ੍ਹਾਂ ਕਿਹਾ, “ਇੱਥੇ ਜੀਵਨ ਬਹੁਤ ਆਸਾਨ ਹੈ। ਜੀਵਨ ਪੱਧਰ ਬਹੁਤ ਵਧੀਆ ਹੈ। ਬੱਚਿਆਂ ਦੀ ਆਪਣੀ ਪੜ੍ਹਾਈ ਚੰਗੀ ਹੋ ਜਾਂਦੀ ਹੈ। ਉਨ੍ਹਾਂ ਨੂੰ ਭਾਰਤ ਨਾਲੋਂ ਵੀ ਵਧੀਆ ਮੌਕੇ ਮਿਲਣਗੇ।ਅਮਰੀਕਾ ਵਿੱਚ ਕੰਮ ਦਾ ਮਾਹੌਲ ਬਹੁਤ ਵਧੀਆ ਹੈ। ਤੁਸੀਂ ਜਿੰਨਾ ਕੰਮ ਕਰਦੇ ਹੋ ਉਸ ਹਿਸਾਬ ਨਾਲ ਚੰਗੀ ਤਨਖ਼ਾਹ ਮਿਲਦੀ ਹੈ।ਕੰਮ ਦੀਆਂ ਥਾਵਾਂ ਦਾ ਮਹੌਲ
ਕੈਨੇਡਾ ਦੇ ਰਹਿਣ ਵਾਲੇ ਤੇਜਪ੍ਰੀਤ ਕੌਰ (28) ਵੀ ਅਜਿਹਾ ਹੀ ਸੋਚਦੀ ਹੈ। ਤੇਜਪ੍ਰੀਤ ਕੌਰ ਨੇ ਕੈਨੇਡਾ ਵਿੱਚ ਹੀ ਆਈ ਟੀ ਪੜ੍ਹਾਈ ਕੀਤੀ ਹੈ ਅਤੇ ਪਿਛਲੇ ਇੱਕ ਸਾਲ ਤੋਂ ਉਥੇ ਹੀ ਕੰਮ ਕਰ ਰਹੀ ਹੈ। ਉਹ ਅਜੇ ਵੀ ਭਾਰਤੀ ਪਾਸਪੋਰਟ ਦੀ ਵਰਤੋਂ ਕਰਦੀ ਹੈ ਪਰ ਭਾਰਤ ਦੀ ਨਾਗਰਿਕਤਾ ਛੱਡਣ ਲਈ ਤਿਆਰ ਹੈ।
ਉਸਦਾ ਦਾ ਕਹਿਣਾ ਹੈ ਕਿ ਇਥੇ ਕੰਮ ਦਾ ਚੰਗਾ ਮਾਹੌਲ ਹੋਣਾ,ਸਿਸਟਮ ਚੰਗਾ ਹੋਣਾ ਵੀ ਇੱਕ ਕਾਰਨ ਹੈ ਜਿਸ ਕਰਕੇ ਉਹ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੀ।ਇੱਥੇ ਕੰਮ ਦੇ ਘੰਟੇ ਨਿਸ਼ਚਿਤ ਹਨ। ਕੰਮ ਵਾਲੀ ਥਾਂ ‘ਤੇ ਨਿਯਮਾਂ ਦੀ ਪਾਲਣਾ ਕੀਤਾ ਜਾਂਦੀ ਹੈ। ਤੁਸੀਂ ਜਿੰਨਾ ਕੰਮ ਕਰਦੇ ਹੋ ਉਸ ਹਿਸਾਬ ਨਾਲ ਤਨਖਾਹ ਮਿਲਦੀ ਹੈ।ਭਾਰਤ ਵਿੱਚ ਨਿਯਮਾਂ ਦੀ ਪਾਲਣਾ ਐਨੀ ਨਹੀਂ ਕੀਤੀ ਜਾਂਦੀ ਹੈ ਇਸ ਲਈ ਮੈਂ ਕੰਮ ਵਾਸਤੇ ਭਾਰਤ ਜਾਣਾ ਨਹੀਂ ਚਾਹੁੰਦੀ। ਜੇਕਰ ਮੈਂ ਕਿਸੇ ਹੋਰ ਦੇਸ਼ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੀ ਹਾਂ ਤਾਂ ਉੱਥੇ ਦੀ ਨਾਗਰਿਕਤਾ ਲੈਣ ਵਿੱਚ ਕੀ ਹਰਜ਼ ਹੈ।”
ਦੋਹਰੀ ਨਾਗਰਿਕਤਾ ਦੀ ਜ਼ਰੂਰਤ?
ਤੇਜਪ੍ਰੀਤ ਕੌਰ ਕਹਿੰਦੀ ਹੈ ਕਿ ਜੇਕਰ ਭਾਰਤ ਦੋਹਰੀ ਨਾਗਰਿਕਤਾ ਦੀ ਸਹੂਲਤ ਲਿਆਉਂਦਾ ਹੈ ਤਾਂ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਵੇਗੀ।ਉਹ ਕਹਿੰਦੀ ਹੈ, “ਮੇਰੇ ਕੋਲ ਹਮੇਸ਼ਾ ਉਸ ਦੇਸ਼ ਦੀ ਨਾਗਰਿਕਤਾ ਹੋਣੀ ਚਾਹੀਦੀ ਹੈ ਜਿੱਥੇ ਮੈਂ ਪੈਦਾ ਹੋਈ ਸੀ। ਪਰ ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਮੇਰੇ ਕੋਲ ਨਾਗਰਿਕਤਾ ਛੱਡਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਬਹੁਤ ਸਾਰੇ ਲੋਕ ਹਨ ਜੋ ਆਪਣੀ ਨਾਗਰਿਕਤਾ ਛੱਡ ਦੇਣਗੇ। ਕਿਉਂਕਿ ਉਨ੍ਹਾਂ ਨੂੰ ਭਾਰਤ ਵਿੱਚ ਦੋਹਰੀ ਨਾਗਰਿਕਤਾ ਨਹੀਂ ਮਿਲ ਸਕਦੀ ਹੈ।”
ਓਸੀਆਈ ਕਾਰਡ ਕੀ ਹੈ?
ਭਾਰਤ ਵਿੱਚ ਦੋਹਰੀ ਨਾਗਰਿਕਤਾ ਦੀ ਕੋਈ ਵਿਵਸਥਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਦੀ ਨਾਗਰਿਕਤਾ ਛੱਡਣੀ ਪਵੇਗੀ।ਓਸੀਆਈ ਕਾਰਡ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸਹੂਲਤ ਦਾ ਨਾਮ ਹੈ । ਜੋ ਵਿਦੇਸ਼ ਵਿੱਚ ਵਸ ਗਏ ਹਨ ਅਤੇ ਉਥੋਂ ਦੀ ਨਾਗਰਿਕਤਾ ਲੈ ਚੁੱਕੇ ਹਨ ਉਹਨਾਂ ਨੂੰ ਓਸੀਆਈ ਕਾਰਡ ਜਾਰੀ ਹੁੰਦਾ ਹੈ। ਓਸੀਆਈ ਦਾ ਅਰਥ ਹੈ – ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ।ਦੁਨੀਆ ਵਿੱਚ ਬਹੁਤ ਸਾਰੇ ਦੇਸ਼ਾਂ ‘ਵਿਚ ਦੋਹਰੀ ਨਾਗਰਿਕਤਾ ਦੀ ਸਹੂਲਤ ਹੈ ਪਰ ਭਾਰਤੀ ਨਾਗਰਿਕਤਾ ਕਾਨੂੰਨ ਦੇ ਅਨੁਸਾਰ ਅਜਿਹਾ ਨਹੀਂ ਹੈ। ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਂਦਾ ਹੈ ਤਾਂ ਉਸ ਨੂੰ ਆਪਣੀ ਭਾਰਤੀ ਨਾਗਰਿਕਤਾ ਛੱਡਣੀ ਪੈਂਦੀ ਹੈ। ਅਜਿਹੇ ਲੋਕਾਂ ਦੀ ਗਿਣਤੀ ਲੱਖਾਂ ਵਿਚ ਹੈ ਜਿਨ੍ਹਾਂ ਨੇ ਅਮਰੀਕਾ, ਬ੍ਰਿਟੇਨ ਜਾਂ ਕੈਨੇਡਾ ਵਰਗੇ ਦੇਸ਼ਾਂ ਦੀ ਨਾਗਰਿਕਤਾ ਲੈ ਲਈ ਹੈ ਪਰ ਉਨ੍ਹਾਂ ਦਾ ਭਾਰਤ ਨਾਲ ਸਬੰਧ ਕਾਇਮ ਹੈ।ਭਾਰਤ ਦੀ ਨਾਗਰਿਕਤਾ ਛੱਡਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਦੇਸ਼ ਵਿੱਚ ਆਉਣ ਲਈ ਵੀਜ਼ਾ ਲੈਣਾ ਪੈਂਦਾ ਸੀ। ਅਜਿਹੇ ਲੋਕਾਂ ਦੀ ਸਹੂਲਤ ਲਈ ਸਾਲ 2003 ਵਿੱਚ ਭਾਰਤ ਸਰਕਾਰ ਨੇ ਪੀਆਈਓ ਕਾਰਡ ਦੀ ਵਿਵਸਥਾ ਕੀਤੀ ਸੀ।
ਪੀਆਈਓ ਦਾ ਅਰਥ ਹੈ– ਭਾਰਤੀ ਮੂਲ ਦਾ ਵਿਅਕਤੀ। ਇਹ ਕਾਰਡ ਪਾਸਪੋਰਟ ਵਾਂਗ ਦਸ ਸਾਲਾਂ ਲਈ ਜਾਰੀ ਕੀਤਾ ਜਾਂਦਾ ਸੀ।ਸਾਲ 2006 ਵਿੱਚ ਪਰਵਾਸੀ ਭਾਰਤੀ ਦਿਵਸ ਦੇ ਮੌਕੇ ਭਾਰਤ ਸਰਕਾਰ ਨੇ ਹੈਦਰਾਬਾਦ ਵਿੱਚ ਓਸੀਆਈ ਕਾਰਡ ਦੇਣ ਦਾ ਐਲਾਨ ਕੀਤਾ ਹੈ।ਲੰਬੇ ਸਮੇਂ ਤੋਂ ਪੀਆਈਓ ਅਤੇ ਓਸੀਆਈ ਕਾਰਡ ਦੋਵੇਂ ਪ੍ਰਚਲਨ ਵਿੱਚ ਸਨ ਪਰ 2015 ਵਿੱਚ ਪੀਆਈਓ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ। ਪਰ ਸਰਕਾਰ ਨੇ ਓਸੀਆਈ ਕਾਰਡ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਸੀ।ਓਸੀਆਈ ਭਾਰਤ ਵਿੱਚ ਜੀਵਨ ਭਰ ਰਹਿਣ, ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ-ਦੇਣ ਕਰਨ ਦੇ ਇੱਕ ਤਰੀਕੇ ਦੀ ਇਜਾਜ਼ਤ ਦਿੰਦਾ ਹੈ। ਓਸੀਆਈ ਕਾਰਡ ਧਾਰਕ ਜਦੋਂ ਚਾਹੇ ਵੀਜੇ ਤੋਂ ਬਿਨਾਂ ਭਾਰਤ ਆ ਸਕਦਾ ਹੈ। ਓਸੀਆਈ ਕਾਰਡ ਜ਼ਿੰਦਗੀ ਭਰ ਪ੍ਰਮਾਣਿਤ ਹੁੰਦਾ ਹੈ।
ਭਾਰਤੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਮੁਤਾਬਤ ਓਸੀਆਈ ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਵਾਂਗ ਸਾਰੇ ਅਧਿਕਾਰ ਹਨ ਪਰ ਉਹ ਚਾਰ ਚੀਜ਼ਾਂ ਨਹੀਂ ਕਰ ਸਕਦੇ-
ਚੋਣ ਨਹੀਂ ਲੜ ਸਕਦੇ
ਵੋਟ ਨਹੀਂ ਪਾ ਸਕਦੇ
ਸਰਕਾਰੀ ਨੌਕਰੀ ਜਾਂ ਸੰਵਿਧਾਨਿਕ ਅਹੁਦੇ ਉਪਰ ਨਹੀਂ ਹੋ ਸਕਦੇ
ਖੇਤੀ ਵਾਲੀ ਜ਼ਮੀਨ ਨਹੀਂ ਖਰੀਦ ਸਕਦੇ
ਕੀ ਆਉਣ ਵਾਲੇ ਸਾਲਾਂ ਵਿੱਚ ਗਿਣਤੀ ਵਧੇਗੀ?
ਮੌਜੂਦਾ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਪੰਤ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਸਾਲਾਂ ‘ਵਿਚ ਇਸ ਦੀ ਗਿਣਤੀ ਘੱਟ ਸਕਦੀ ਹੈ।ਉਹ ਕਹਿੰਦੇ ਹਨ, “ਭਾਰਤ ਦੀ ਆਰਥਿਕ ਹਾਲਤ ਦੂਜੇ ਦੇਸ਼ਾਂ ਦੇ ਮੁਕਾਬਲੇ ਚੰਗੀ ਹੈ। ਹੁਣ ਇੱਥੇ ਹੋਰ ਮੌਕੇ ਆਉਣਗੇ। ਇਸ ਲਈ ਲੋਕ ਭਾਰਤ ਵਿੱਚ ਰਹਿਣਾ ਪਸੰਦ ਕਰਨਗੇ। ਪਰ ਜਿਨ੍ਹਾਂ ਲੋਕਾਂ ਨੇ ਅਮਰੀਕਾ ਵਿੱਚ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਹੈ ਉਹ ਨਾਗਰਿਕਤਾ ਲੈਣ ਤੋਂ ਪਿੱਛੇ ਨਹੀਂ ਰਹਿਣਗੇ।”
Comment here