ਸਿਆਸਤਖਬਰਾਂਦੁਨੀਆ

ਹਜ਼ਾਰਾਂ ਅਫਗਾਨੀ ਸ਼ਰਨ ਲੈਣ ਲਈ ਈਰਾਨ ਵੱਲ ਜਾ ਰਹੇ ਨੇ

ਕਾਬੁਲ ਅਫਗਾਨਿਸਤਾਨ ਵਿੱਚ ਤਾਲਿਬਾਨੀ ਸੱਤਾ ਤੋਂ ਬਾਅਦ ਅਵਾਮ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ, ਲੋਕ ਰਾਹਤ ਲਈ ਜਿਧਰ ਰਾਹ ਮਿਲ ਰਿਹਾ ਹੈ, ਓਧਰ ਭੱਜ ਰਹੇ ਹਨ। ਹਜ਼ਾਰਾਂ ਲੋਕ ਭੱਜ ਕੇ ਰੋਜ਼ਾਨਾ ਗੁਆਂਢੀ ਦੇਸ਼ ਈਰਾਨ ਵਿਚ ਸ਼ਰਨ ਲੈ ਰਹੇ ਹਨ। ਇਹ ਇਕ ਅਜਿਹੀ ਸਥਿਤੀ ਹੈ ਜੋ ਯੂਰਪ ਵਿਚ ਸ਼ਰਨਾਰਥੀ ਸੰਕਟ ਦੇ ਮੁੱਦੇ ਨੂੰ ਹੋਰ ਡੂੰਘਾ ਕਰੇਗੀ। ਦੇਸ਼ ਦੇ ਇਕ ਉੱਚ ਸਹਾਇਤਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਾਰਵੇਈ ਸ਼ਰਨਾਰਥੀ ਕੌਂਸਲ ਦੇ ਸਕੱਤਰ ਜਨਰਲ ਜੈਨ ਇੰਗਲੈਂਡ ਨੇ ਇਸ ਹਫ਼ਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਈਰਾਨ ਦੇ ਕਰਮਨ ਸੂਬੇ ਦੇ ਨੇੜੇ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਫਗਾਨਿਸਤਾਨ ਤੋਂ ਲੋਕ ਸ਼ਰਨ ਦੀ ਭਾਲ ਵਿੱਚ ਈਰਾਨ ਭੱਜਣਾ ਜਾਰੀ ਰੱਖਦੇ ਹਨ ਤਾਂ ਇਸ ਨਾਲ ਯੂਰਪ ਪ੍ਰਭਾਵਿਤ ਹੋ ਸਕਦਾ ਹੈ। ਬੁੱਧਵਾਰ ਨੂੰ ਆਪਣੀ ਯਾਤਰਾ ਦੇ ਆਖਰੀ ਦਿਨ, ਇੰਗਲੈਂਡ ਨੇ ਤਹਿਰਾਨ ਵਿੱਚ ਏਜੰਸੀ ਨੂੰ ਦੱਸਿਆ ਕਿ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜ ਰਹੇ ਲੋਕਾਂ ਨੂੰ ਉਮੀਦ, ਭੋਜਨ ਅਤੇ ਦੇਖਭਾਲ ਪ੍ਰਦਾਨ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਈ ਅਫਗਾਨ ਸ਼ਰਨਾਰਥੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਹੈ ਕਿ ਉਹ ਈਰਾਨ ਜਾ ਰਹੇ ਹਨ। 15 ਅਗਸਤ ਨੂੰ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਵੱਡੇ ਪੱਧਰ ‘ਤੇ ਹਵਾਈ ਨਿਕਾਸੀ ਮੁਹਿੰਮ ਸ਼ੁਰੂ ਹੋਈ ਅਤੇ 1,20,000 ਅਮਰੀਕੀ, ਅਫਗਾਨ ਅਤੇ ਹੋਰਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਗਿਆ ਪਰ ਹਜ਼ਾਰਾਂ ਅਜੇ ਵੀ ਬਚੇ ਹੋਏ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਸਰਹੱਦੀ ਖੇਤਰਾਂ ਵੱਲ ਚਲੇ ਗਏ ਹਨ ਅਤੇ ਸਹਾਇਤਾ ਏਜੰਸੀਆਂ ਤੋਂ ਮਦਦ ਮੰਗ ਰਹੇ ਹਨ। ਐਨ ਆਰ ਸੀ ਦੇ ਮੁਤਾਬਕ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 300,000 ਅਫਗਾਨੀ ਲੋਕ ਅਫਗਾਨਿਸਤਾਨ ਤੋਂ ਈਰਾਨ ਆਏ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ‘ਚ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ ਅਜਿਹੇ ਵਿਚ ਹੋਰ ਲੋਕਾਂ ਦੇ ਸ਼ਰਨ ਦੀ ਭਾਲ ਵਿਚ ਈਰਾਨ ਆਉਣ ਦੀ ਸੰਭਾਵਨਾ ਹੈ। ਉਹਨਾਂ ਨੇ ਅਮੀਰ ਦੇਸ਼ਾਂ ਨੂੰ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਅਫਗਾਨਿਸਤਾਨ ਅਤੇ ਈਰਾਨ ਵਰਗੇ ਗੁਆਂਢੀ ਦੇਸ਼ਾਂ ਨੂੰ ਤੁਰੰਤ ਸਹਾਇਤਾ ਵਧਾਉਣ ਦੀ ਅਪੀਲ ਕੀਤੀ ਹੈ।

Comment here