ਲੰਡਨ-ਯੂਕੇ ਦੇ ਇੱਕ ਹਸਪਤਾਲ ਵਿੱਚ ਸੱਤ ਨਵਜੰਮੇ ਬੱਚਿਆਂ ਦੀ ਹੱਤਿਆ ਅਤੇ ਛੇ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੀ ਦੋਸ਼ੀ ਨਰਸ ਲੂਸੀ ਲੇਟਬੀ ਨੂੰ ਬੀਤੇ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਸਟਿਸ ਜੇਮਸ ਗਾਸ ਨੇ ਉਮਰ ਕੈਦ ਦੀ ਸਜ਼ਾ ਤੋਂ ਛੇਤੀ ਰਿਹਾਈ ਦੀ ਕੋਈ ਵਿਵਸਥਾ ਹਟਾਉਂਦੇ ਹੋਏ ਕਿਹਾ ਕਿ ਅਪਰਾਧਾਂ ਦੀ ਗੰਭੀਰਤਾ ਇਸ ਤਰ੍ਹਾਂ ਹੈ ਕਿ 33 ਸਾਲਾ ਔਰਤ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਸਲਾਖਾਂ ਪਿੱਛੇ ਕੱਟਣੀ ਪਵੇਗੀ। ਉਨ੍ਹਾਂ ਟਿੱਪਣੀ ਕੀਤੀ ਕਿ ਨਰਸ ਵੱਲੋਂ ਕੀਤੀ ਗਈ ਕਾਰਵਾਈ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਦੇਖਭਾਲ ਦੇ ਮਨੁੱਖੀ ਸੁਭਾਅ ਦੇ ਬਿਲਕੁਲ ਉਲਟ ਹੈ। ਇਹ ਕਤਲ 2015 ਤੋਂ 2016 ਦਰਮਿਆਨ ਹੋਏ ਸਨ। ਅਦਾਲਤ ਨੇ ਕਿਹਾ ਕਿ ਇਹ ਉਸ ਵਿਸ਼ਵਾਸ ਦੀ ਵੀ ਉਲੰਘਣਾ ਹੈ ਜੋ ਮੈਡੀਕਲ ਖੇਤਰ ਨਾਲ ਜੁੜੇ ਲੋਕਾਂ ‘ਤੇ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਨੁਕਸਾਨ ਹੋਇਆ ਹੈ, ਉਹ ਸਮੇਂ ਤੋਂ ਪਹਿਲਾਂ ਪੈਦਾ ਹੋਏ ਹਨ। ਉਨ੍ਹਾਂ ਵਿੱਚੋਂ ਕੁਝ ਦੇ ਨਾ ਬਚਣ ਦਾ ਖ਼ਤਰਾ ਸੀ, ਪਰ ਹਰ ਮਾਮਲੇ ਵਿੱਚ ਉਨ੍ਹਾਂ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਇਆ ਗਿਆ ਸੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਸ ਲਈ ਨਰਸ ਦੀ ਨਿੰਦਾ ਕੀਤੀ ਹੈ। ਪੀਐਮ ਸੁਨਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਪਰਾਧੀਆਂ ਬਾਰੇ ਕਾਨੂੰਨ ਵਿੱਚ ਬਦਲਾਅ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਵਿਚ ਬਦਲਾਅ ‘ਤੇ ਵਿਚਾਰ ਕਰ ਰਹੇ ਹਾਂ। ਦੱਸ ਦੇਈਏ ਕਿ ਹਸਪਤਾਲ ਵਿੱਚ ਕੰਮ ਕਰ ਰਹੇ ਭਾਰਤੀ ਮੂਲ ਦੇ ਡਾਕਟਰ ਰਵੀ ਜੈਰਾਮ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਨਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
Comment here