ਸਿਆਸਤਖਬਰਾਂਦੁਨੀਆ

ਸੱਤਾ ਤੇ ਕਬਜ਼ੇ ਲਈ ਹੱਕਾਨੀ ਤੇ ਤਾਲਿਬਾਨ ਧੜਿਆਂ ਚ ਲੜਾਈ

ਗਨੀ ਬਰਾਦਰ ਦੇ ਜ਼ਖਮੀ ਹੋਣ ਦੀ ਖਬਰ

ਕਾਬੁਲ – ਅਫਗਾਨਿਸਤਾਨ ਵਿਚ ਤਾਲਿਬਾਨ ਨੇ ਨਵੀਂ ਸਰਕਾਰ ਦਾ ਗਠਨ ਨਹੀਂ ਕੀਤਾ। ਖਬਰਾਂ ਆ ਰਹੀਆਂ ਹਨ ਕਿ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦੇ ਨੇਤਾ ਆਪਸ ਵਿਚ ਹੀ ਹਿੱਸੇਦਾਰੀ ਲਈ ਲੜ ਰਹੇ ਹਨ। ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਗਠਨ ਨੂੰ ਲੈ ਕੇ ਹੁਣ ਟਕਰਾਅ ਸਾਫ ਤੌਰ ‘ਤੇ ਸਾਹਮਣੇ ਆ ਗਿਆ ਹੈ। ਹੱਕਾਨੀ ਗੁੱਟ ਅਤੇ ਤਾਲਿਬਾਨ ਵਿਚਕਾਰ ਪਹਿਲਾਂ ਤੋਂ ਹੀ ਗਤੀਰੋਧ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਹੁਣ ਪੰਜਸ਼ੀਰ ਅਬਜ਼ਰਵਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਇਹਨਾਂ ਦੋਹਾਂ ਗੁੱਟਾਂ ਵਿਚਕਾਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਵਿਚ ਅਬਦੁੱਲ ਗਨੀ ਬਰਾਦਰ ਜ਼ਖਮੀ ਹੋ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਜ਼ਖਮੀ ਬਰਾਦਰ ਦਾ ਇਲਾਜ ਪਾਕਿਸਤਾਨ ਵਿਚ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬਰਾਦਰ ਦਾ ਨਾਮ ਤਾਲਿਬਾਨ ਦੀ ਭਵਿੱਖ ਵਿਚ ਬਣਨ ਵਾਲੀ ਸਰਕਾਰ ਵਿਚ ਪ੍ਰਧਾਨ ਮੰਤਰੀ ਦੇ ਤੌਰ ‘ਤੇ ਲਿਆ ਜਾ ਰਿਹਾ ਹੈ। ਪੰਜਸ਼ੀਰ ਆਬਜ਼ਰਵਰ ਦੀ ਮੰਨੀਏ ਤਾਂ ਇਹਨਾਂ ਦੋਹਾਂ ਗੁੱਟਾਂ ਵਿਚਕਾਰ ਗੋਲੀਬਾਰੀ ਸ਼ਨੀਵਾਰ ਰਾਤ ਨੂੰ ਹੋਈ। ਦੋਹਾਂ ਵਿਚਕਾਰ ਸੱਤਾ ਨੂੰ ਲੈ ਕੇ ਲਗਾਤਾਰ ਟਕਰਾਅ ਦੇ ਬਾਅਦ ਹੁਣ ਇਹ ਕਾਫੀ ਹਿੰਸਕ ਰੂਪ ਲੈ ਚੁੱਕਾ ਹੈ। ਟਵੀਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਹੱਕਾਨੀ ਗੁੱਟ ਦੇ ਨੇਤਾ ਅਨਸ ਹੱਕਾਨੀ ਜੋ ਇਸ ਦੇ ਸੰਸਥਾਪਕ ਜਲੀਲੁਦੀਨ ਹੱਕਾਨੀ ਦਾ ਬੇਟਾ ਹੈ, ਪੰਜਸ਼ੀਰ ਵਿਚ ਉੱਤਰੀ ਗਠਜੋੜ ਖ਼ਿਲਾਫ਼ ਛੇੜੀ ਗਈ ਲੜਾਈ ਦੇ ਵਿਰੁੱਧ ਹੈ। ਉਹ ਇਸ ਗੱਲ ‘ਤੇ ਸਹਿਮਤ ਨਹੀਂ ਸੀ ਕਿ ਪੰਜਸ਼ੀਰ ਦਾ ਹੱਲ ਇਸ ਤਰ੍ਹਾਂ ਕੱਢਿਆ ਜਾਵੇ। ਇਸ ਨੂੰ ਲੈ ਕੇ ਜਦੋਂ ਵਿਵਾਦ ਵਧਿਆ ਤਾਂ ਦੋਹਾਂ ਵਿਚ ਹੱਥੋਪਾਈ ਹੋਈ ਅਤੇ ਬਾਅਦ ਵਿਚ ਇਹ ਗੋਲੀਬਾਰੀ ਤੱਕ ਪਹੁੰਚ ਗਈ। ਉੱਤਰੀ ਗਠਜੋੜ ਵੱਲੋਂ ਵੀ ਇਸ ਘਟਨਾ ਨੂੰ ਲੈਕੇ ਟਵੀਟ ਕੀਤਾ ਗਿਆ ਹੈ। ਭਾਵੇਂਕਿ ਟਵਿੱਟਰ ਵੱਲੋਂ ਇਹ ਦੋਵੇਂ ਹੀ ਵੈਰੀਫਾਈਡ ਮਤਲਬ ਪ੍ਰਮਾਣਿਤ ਅਕਾਊਂਟ ਨਹੀਂ ਹਨ। ਇਸ ਲਈ ਇਹਨਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਸ ਅਕਾਊਂਟ ਜ਼ਰੀਏ ਕਿਹਾ ਗਿਆ ਹੈ ਕਿ ਤਾਲਿਬਾਨ ਦੇ ਅੱਤਵਾਦੀ ਪਾਕਿਸਤਾਨ ਦੇ ਆਈ.ਐੱਸ.ਆਈ. ਚੀਫ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੰਜਸ਼ੀਰ ਇਹਨਾਂ ਅੱਤਵਾਦੀਆਂ ਦੇ ਗਠਜੋੜ ਦੇ ਅੱਗੇ ਖ਼ਤਮ ਹੋ ਸਕਦਾ ਹੈ ਪਰ ਪਾਕਿਸਤਾਨ ਦੇ ਅੱਗੇ ਝੁੱਕ ਨਹੀਂ ਸਕਦਾ। ਸਾਨੂੰ ਕਿਸੇ ਵੀ ਹਾਲਾਤ ਵਿਚ ਪਾਕਿਸਤਾਨ ਅਤੇ ਤਾਲਿਬਾਨ ਦੋਵੇਂ ਹੀ ਸਵੀਕਾਰ ਨਹੀਂ ਹਨ।

Comment here