ਅੰਮ੍ਰਿਤਸਰ-ਦਿੱਲੀ ਵਿੱਚ 1984 ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸ ਆਗੂ ਸੱਜਣ ਕੁਮਾਰ ਵਿਰੁੱਧ ਜਨਕਪੁਰੀ ਅਤੇ ਵਿਕਾਸਪੁਰੀ ਮਾਮਲੇ ਵਿੱਚ ਚੱਲ ਰਹੇ ਕੇਸ ਵਿੱਚੋਂ 302 ਧਾਰਾ ਹਟਾਉਣੀ ਮੰਦਭਾਗੀ ਹੈ। ਪਿਛਲੇ 38 ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਪੀੜਤਾਂ ਨੂੰ ਇਸ ਨਾਲ ਮਾਨਸਿਕ ਸੱਟ ਵੱਜੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਇੱਕ ਬਿਆਨ ਵਿੱਚ ਕੀਤਾ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧਾਮੀ ਨੇ ਕਿਹਾ ਹੈ ਕਿ 1984 ਦਾ ਸਿੱਖ ਕਤਲੇਆਮ ਮਨੁੱਖੀ ਇਤਿਹਾਸ ਵਿੱਚ ਮਾਨਵ ਵਿਰੋਧੀ ਕਰੂਰ ਕਾਰੇ ਦੀ ਸਿਖਰ ਵਜੋਂ ਅੰਕਿਤ ਹੈ, ਜਿਸ ਦੇ ਪੀੜਤ ਕਰੀਬ 4 ਦਹਾਕਿਆਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ, ਪਰ ਦੁੱਖ ਦੀ ਗੱਲ ਹੈ ਕਿ ਪੀੜਤਾਂ ਨੂੰ ਨਿਆ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਸੱਜਣ ਕੁਮਾਰ ਸਾਫ਼ ਤੌਰ ’ਤੇ ਦਿੱਲੀ ਸਿੱਖ ਕਤੇਲਆਮ ਦਾ ਦੋਸ਼ੀ ਹੈ, ਜੋ ਪਹਿਲਾਂ ਹੀ ਇੱਕ ਕੇਸ ਵਿੱਚ ਕੈਦ ਕੱਟ ਰਿਹਾ ਹੈ। ਭਾਵੇਂ ਕਿ ਜਨਕਪੁਰੀ ਅਤੇ ਵਿਕਾਸਪੁਰੀ ਮਾਮਲੇ ਵਿੱਚ ਕਈ ਧਾਰਾਵਾਂ ਤਹਿਤ ਅਦਾਲਤ ਵੱਲੋਂ ਦੋਸ਼ ਆਇਦ ਕਰਨਾ ਸਵਾਗਤਯੋਗ ਹੈ ਪਰ ਧਾਰਾ 302 ਹਟਾਉਣੀ ਠੀਕ ਨਹੀਂ ਹੈ, ਕਿਉਂਕਿ ਇਹ ਮਾਮਲਾ ਸਿੱਖਾਂ ਦੇ ਕਤਲੇਆਮ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਹਰ ਕੇਸ ਵਿਚ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਵਿਸ਼ੇਸ਼ ਜਾਂਚ ਟੀਮ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰੇ ਅਤੇ ਜਨਕਪੁਰੀ ਅਤੇ ਵਿਕਾਸਪੁਰੀ ਕੇਸ ਦੇ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਹਟਾਈ ਗਈ ਧਾਰਾ 302 ਨੂੰ ਮੁੜ ਬਹਾਲ ਕਰਵਾਉਣ ਲਈ ਕਾਰਵਾਈ ਕਰੇ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਹੈ ਕਿ ਦਿੱਲੀ ਦੀ ਅਦਾਲਤ ਨੇ ਕਾਂਗਰਸੀ ਨੇਤਾ ਸਜੱਣ ਕੁਮਾਰ ਦੇ ਖਿਲਾਫ 302 ਧਾਰਾ ਹਟਾਉਣ ਦਾ ਜੋ ਫੈਸਲਾ ਕੀਤਾ ਹੈ ਉਹ ਬਹੁਤ ਹੀ ਮੰਦਭਾਗਾ ਹੈ। ਸੁਖਬੀਰ ਬਾਦਲ ਮੁਤਾਬਿਕ ਇਹ ਧਾਰਾ ਹਟਣ ਪਿੱਛੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਸਹੀ ਤਰੀਕੇ ਨਾਲ ਕੇਸ ਦੀ ਪੈਰਵਈ ਅਦਾਲਤ ਵਿੱਚ ਨਹੀਂ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਸਿੱਖ ਪੰਥ ਨੂੰ ਵੀ ਦੁੱਖ ਪਹੁੰਚਾਇਆ ਹੈ ਕਿਉਂਕਿ ਜੋ ਸ਼ਖ਼ਸ ਹਜ਼ਾਰਾਂ ਬੇਗੁਨਾਹ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦਾ ਕਾਤਿਲ ਹੋਵੇ ਉਸ ਤੋਂ ਧਰਾਵਾਂ ਹਟਾ ਦਿੱਤੀਆ ਗਈਆ ਹਨ, ਜੋ ਕਿਸੇ ਵੀ ਤਰੀਕੇ ਸਵੀਕਾਰਨ ਯੋਗ ਨਹੀਂ ਹੈ।
Comment here