ਖਬਰਾਂ

ਸੰਸਦ ਦੇ ਦੋਵਾਂ ਸਦਨਾਂ ਚ ਹੰਗਾਮੇ, ਪੀ ਐਮ ਨੇ ਵਿਰੋਧੀ ਧਿਰ ਨੂੰ ਸ਼ਾਂਤੀ ਨਾਲ ਗੱਲ ਕਰਨ-ਸੁਣਨ ਦੀ ਅਪੀਲ ਕੀਤੀ

ਨਵੀਂ ਦਿੱਲੀ-ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ 13 ਅਗਸਤ ਤੱਕ ਚੱਲੇਗਾ। ਪਹਿਲਾ ਦਿਨ ਹੀ ਹੰਗਾਮੇਦਾਰ ਰਿਹਾ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਹਾਂ ਸਦਨਾਂ- ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ। ਅਕਾਲੀ ਦਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਖੜ੍ਹੀਆਂ ਹੋਣ ਅਤੇ ਕਾਨੂੰਨ ਵਾਪਸ ਲੈਣ ਦਾ ਦਬਾਅ ਬਣਾਇਆ ਜਾਵੇ। ਲੋਕ ਸਭਾ ’ਚ ਪ੍ਰਧਾਨ ਮੰਤਰੀ ਮੋਦੀ ਕੈਬਨਿਟ ’ਚ ਸ਼ਾਮਲ ਨਵੇਂ ਮੰਤਰੀਆਂ ਦੀ ਪਛਾਣ ਕਰਵਾ ਰਹੇ ਸਨ ਤਾਂ ਇਸ ਦਰਮਿਆਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਰੌਲੇ-ਰੱਪੇ ਦਰਮਿਆਨ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਦਨ ਦੀ ਮਰਿਆਦਾ ਨੂੰ ਭੰਗ ਨਾ ਕਰੋ। ਪੀ ਐਮ ਮੋਦੀ ਨੇ ਕਿਹਾ ਕਿ ਸ਼ਾਇਦ ਇਹ ਗੱਲ ਕੁਝ ਲੋਕਾਂ ਨੂੰ ਰਾਸ ਨਹੀਂ ਆਉਂਦੀ ਕਿ ਦਲਿਤ ਮਹਿਲਾ, ਕਿਸਾਨ ਮੰਤਰੀ ਬਣੇ। ਵਿਰੋਧੀ ਧਿਰ ਮੰਤਰੀਆਂ ਦਾ ਸਨਮਾਨ ਕਰੇ, ਪਰ ਵਿਰੋਧੀ ਐਮ ਪੀਜ਼ ਨੇ ਕਿਸਾਨ ਅੰਦੋਲਨ ਅਤੇ ਮਹਿੰਗਾਈ ਦੇ ਮੁੱਦੇ ’ਤੇ ਨਾਅਰੇਬਾਜ਼ੀ ਕਰਦੇ ਰਹੇ, ਜਿਸ ਨੂੰ ਲੈ ਕੇ ਮੋਦੀ ਅਤੇ ਰਾਜਨਾਥ ਸਿੰਘ ਨੇ ਨਾਰਾਜ਼ਗੀ ਜ਼ਾਹਰ ਕੀਤੀ।

ਰਾਜ ਸਭਾ ਵਿਚ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ। ਰਾਜ ਸਭਾ ਵਿਚ ਸੰਸਦ ਮੈਂਬਰਾਂ ਨੇ ਅਦਾਕਾਰ ਦਿਲੀਪ ਕੁਮਾਰ ਅਤੇ ਐਥਲੀਟ ਮਿਲਖਾ ਸਿੰਘ ਸਮੇਤ ਇਸ ਸਾਲ ਜਾਨ ਗੁਆਉਣ ਵਾਲੇ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਰ ਹੰਗਾਮੇ ਕਾਰਨ ਅਗਲੀ ਕਾਰਵਾਈ ਨਹੀ ਚਲ ਸਕੀ। ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਪੈਗਾਸਿਸ ਜਾਸੂਸੀ ਮਾਮਲੇ ’ਤੇ ਰਾਜ ਸਭਾ ਵਿੱਚ ਚਰਚਾ ਕਰਵਾਉਣ ਦੀ ਮੰਗ ਕੀਤੀ । ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਜ਼ਰਾਇਲ ਦੇ ਸਪਾਈਵੇਅਰ ਪੈਗਾਸਸ ਰਾਹੀਂ ਪੱਤਰਕਾਰਾਂ ਸਣੇ ਕਈ ਲੋਕਾਂ ਦੀ ਕਥਿਤ ਜਾਸੂਸੀ ਦੇ ਮੁੱਦੇ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਤ੍ਰਿਣਮੂਲ ਕਾਂਗਰਸ ਨੇ ਹਾਲ ਹੀ ਵਿਚ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਹੋਏ ਪੱਛਮੀ ਬੰਗਾਲ ਦੇ ਇਕ ਸੰਸਦ ਮੈਂਬਰ ਨੂੰ ਕਥਿਤ ਤੌਰ ਤੇ ਬੰਗਲਾਦੇਸ਼ੀ ਦੱਸਿਆ ਅਤੇ ਇਸ ਬਾਰੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ। ਇਸ ਮੁੱਦੇ ਤੇ ਵੀ ਸਦਨ ਚ ਹੰਗਾਮਾ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਸੰਸਦ ਵਿਚ ਵਿਰੋਧੀ ਧਿਰ ਦੇ ਅਤੇ ਜਨਤਾ ਦੇ ਹਰ ਤਿੱਖੇ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਹੈ ਪਰ ਵਿਰੋਧੀ ਧਿਰ ਨੂੰ ਵੀ ਸਦਨ ’ਚ ਸ਼ਾਂਤੀ ਵਾਲਾ ਮਾਹੌਲ ਬਣਾਉਣਾ ਹੋਵੇਗਾ।

Comment here