ਸਿਆਸਤਖਬਰਾਂ

ਸੰਸਦ ਕੋਲ ਕਿਸਾਨਾਂ ਦਾ ਪਰਦਰਸ਼ਨ, ਪੁਲਸ ਨੇ ਨਹੀਂ ਦਿੱਤੀ ਇਜਾਜ਼ਤ

ਨਵੀਂ ਦਿੱਲੀ-ਖੇਤੀ ਕਨੂੰਨਾਂ ਦੀ ਵਿਰੋਧਤਾ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 22 ਜੁਲਾਈ ਤੋਂ ਸੰਸਦ ਭਵਨ ਨੇੜੇ ਕਿਸਾਨ ਪੰਚਾਇਤ ਕਰਨ ਦੀ ਇਜਾਜ਼ਤ ਲਈ ਕਿਸਾਨ ਆਗੂਆਂ ਅਤੇ ਦਿੱਲੀ ਪੁਲਿਸ ਦਰਮਿਆਨ ਮੀਟਿੰਗ ਦਾ ਦੂਜਾ ਦੌਰ ਬੇਸਿੱਟਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ, ਪਰ ਕਿਸਾਨ ਨਿਸ਼ਚਤ ਤੌਰ ‘ਤੇ ਸੰਸਦ ਵੱਲ ਜਾਣਗੇ। ਇਸ ਦੇ ਨਾਲ ਹੀ ਤੀਜੇ ਗੇੜ ਦੀ ਬੈਠਕ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਦਿੱਲੀ ਪੁਲਿਸ ਨਾਲ ਸਾਡੀ ਮੁਲਾਕਾਤ ਬਹੁਤ ਸਕਾਰਾਤਮਕ ਰਹੀ ਹੈ। ਸਾਡੀ ਕਿਸਾਨ ਪੰਚਾਇਤ 22 ਜੁਲਾਈ ਨੂੰ ਤੈਅ ਪ੍ਰੋਗਰਾਮ ਮੁਤਾਬਕ ਹੋਵੇਗੀ। ਇਸ ਦੇ ਨਾਲ ਹੀ ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਸਾਡਾ ਜਥਾ ਜਾਵੇਗਾ, ਜਿਸ ਵਿਚ 200 ਲੋਕ ਸ਼ਾਮਲ ਹੋਣਗੇ। ਇਜਾਜ਼ਤ ਦੀ ਕੋਈ ਗੱਲ ਹੀ ਨਹੀਂ ਹੈ। ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨਾਲ ਸ਼ੰਕਿਆਂ ਅਤੇ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਹਨ। ਇਜਾਜ਼ਤ ਕੋਈ ਸਰਕਾਰ ਲਿਖਤੀ ਤੌਰ ਉਤੇ ਨਹੀਂ ਦਿੰਦੀ ਹੈ, ਉਹ ਵੀ ਨਹੀਂ ਦੇਣਗੇ। ਸਾਡੇ ਦੋ ਸੌ ਕਿਸਾਨ ਜਾਣਗੇ, ਜਿਵੇਂ ਦੀ ਉਨ੍ਹਾਂ ਉਤੇ ਕਾਰਵਾਈ ਹੋਵੇਗੀ, ਉਸੇ ਤਰ੍ਹਾਂ ਸਾਡੀ ਕਾਰਵਾਈ ਵੀ ਹੋਵੇਗੀ। ਇਹ ਪ੍ਰਦਰਸ਼ਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ। ਮੀਟਿੰਗ ਦੂਜੀ ਵਾਰ ਬੇਸਿੱਟਾ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਹੁਣ ਦੁਬਾਰਾ ਮੁਲਾਕਾਤ ਕਿਉਂ ਕਰਾਂਗੇ, ਜੇ ਹੋਣੀ ਹੋਵੇਗੀ ਤਾਂ ਹੋ ਜਾਵੇਗੀ।

Comment here