ਸਿਆਸਤਵਿਸ਼ੇਸ਼ ਲੇਖ

ਸੰਵਿਧਾਨਘਾੜੇ ਤੇ ਦਲਿਤ ਪੱਤਰਕਾਰੀ ਦੇ ਪਿਤਾਮਾ ਡਾ ਰਾਓ ਨੂੰ ਯਾਦ ਕਰਦਿਆਂ..

ਅੱਜ ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦੀ 66 ਵੀਂ ਬਰਸੀ ਹੈ, ਉਹ ਭਾਰਤੀ ਸੰਵਿਧਾਨ ਦੇ ਪਿਤਾਮਾ, ਸੰਵਿਧਾਨ ਦੀ ਖਰੜਾ ਕਮੇਟੀ ਦੇ ਪ੍ਰਧਾਨ, ਪ੍ਰਸਿੱਧ ਵਕੀਲ, ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ, ਭਾਰਤੀ ਗਣਰਾਜ ਦੇ ਨਿਰਮਾਤਾ, ਭਾਸ਼ਾ ਸ਼ਾਸਤਰੀ, ਪੁਸਤਕ ਪ੍ਰੇਮੀ, ਪ੍ਰਸਿੱਧ ਅਰਥ ਸ਼ਾਸਤਰੀ, ਸਮਾਜਿਕ ਕ੍ਰਾਂਤੀਕਾਰੀ, ਰਾਹ ਦਸੇਰਾ, ਉੱਚ ਕੋਟੀ ਦੇ ਅੰਦੋਲਨਕਾਰੀ, ਦਾਰਸ਼ਨਿਕ ਤੇ ਚਿੰਤਕ, ਔਰਤਾਂ, ਕਿਸਾਨਾਂ ਤੇ ਕਿਰਤੀਆਂ ਦੇ ਹਮਦਰਦ ਸਨ। ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ ’ਚ 50,000 ਤੋਂ ਜ਼ਿਆਦਾ ਕਿਤਾਬਾਂ ਸਨ। ਉਹ ਪ੍ਰਤਿਭਾਸ਼ਾਲੀ ਲੇਖਕ ਦੇ ਰੂਪ ’ਚ ਦੁਨੀਆ ਭਰ ’ਚ ਪ੍ਰਸਿੱਧ ਹੋਏ। ਉਨ੍ਹਾਂ ਨੇ 32 ਕਿਤਾਬਾਂ, 10 ਭਾਸ਼ਣ, 10 ਖੋਜ ਦਸਤਾਵੇਜ਼, ਲੇਖਾਂ, ਕਿਤਾਬਾਂ ਦੀ ਸਮੀਖਿਆ ਤੇ 10 ਪ੍ਰਸਤਾਵਨਾਵਾਂ ਲਿਖੀਆਂ। ਉਨ੍ਹਾਂ ਨੂੰ 11 ਭਾਸ਼ਾਵਾਂ ਮਰਾਠੀ, ਹਿੰਦੀ, ਅੰਗਰੇਜ਼ੀ, ਪਾਲੀ, ਸੰਸਕ੍ਰਿਤ, ਗੁਜਰਾਤੀ, ਜਰਮਨ, ਫ਼ਾਰਸੀ, ਫਰੈਂਚ, ਕੰਨੜ ਤੇ ਬੰਗਾਲੀ ਦਾ ਗਿਆਨ ਸੀ। ਉਨ੍ਹਾਂ ਬਾਰੇ ਦੁਨੀਆ ਦੇ ਪ੍ਰਸਿੱਧ ਵਿਦਵਾਨਾਂ ਦਾ ਮੰਨਣਾ ਹੈ ਕਿ ਉਹ ਆਪਣੇ ਸਮੇਂ ਦੇ ਦੁਨੀਆ ਭਰ ਦੇ ਨੇਤਾਵਾਂ ’ਚੋਂ ਸਭ ਤੋਂ ਵੱਧ ਪੜ੍ਹੇ- ਲਿਖੇ ਤੇ ਵਿਦਵਾਨ ਸਨ। ਇਹੋ ਕਾਰਨ ਹੈ ਕਿ ਮਹਾਤਮਾ ਗਾਂਧੀ ਦੀ ਸਲਾਹ ਦੇ ਆਧਾਰ ’ਤੇ ਉਨ੍ਹਾਂ ਨੂੰ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਪ੍ਰਧਾਨ ਦੇ ਰੂਪ ’ਚ ਸਵੀਕਾਰ ਕੀਤਾ ਗਿਆ। ਉਹ ਇਕ ਯੁਗ ਪੁਰਸ਼ ਤੇ ਮਹਾਨ ਦਾਰਸ਼ਨਿਕ ਦੇ ਰੂਪ ’ਚ ਦੁਨੀਆ ਭਰ ’ਚ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਬਰਾਬਰੀ, ਆਜ਼ਾਦੀ ਤੇ ਭਰਾਤਰੀਭਾਵ ਦਾ ਪੈਰੋਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਵਿਚਾਰਾਂ ਤੋਂ ਦੁਨੀਆ ਭਰ ਦੇ ਦੱਬੇ- ਕੁਚਲੇ ਵਰਗਾਂ ਦੇ ਲੋਕ ਪ੍ਰੇਰਨਾ ਲੈਂਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਇਕ ਪੱਤਰਕਾਰ ਵੀ ਸਨ। ਉਨ੍ਹਾਂ ਅਨੁਸਾਰ ਉਸ ਸਮੇਂ ਅਖ਼ਬਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਦਲਿਤ ਤੇ ਸ਼ੋਸ਼ਿਤ ਵਰਗ ਦੇ ਵਿਰੁੱਧ ਸਨ ਜਦਕਿ ਅਜਿਹਾ ਹੋਣਾ ਨਹੀਂ ਚਾਹੀਦਾ। ਉਨ੍ਹਾਂ ਦਾ ਮੰਨਣਾ ਸੀ ਕਿ ਦਲਿਤ ਵਰਗ ਕੋਲ ਨਾ ਨੌਕਰੀ ਹੈ, ਨਾ ਹੀ ਕੋਈ ਪੇਸ਼ਾ ਹੈ, ਨਾ ਹੀ ਜ਼ਮੀਨ ਹੈ ਤੇ ਸਮਾਜ ’ਚ ਬਾਈਕਾਟ ਹੋਣ ਕਾਰਨ ਉਹ ਇਕ ਮੂਕ ਨਾਇਕ ਦੇ ਬਰਾਬਰ ਹਨ। ਅਜਿਹੀ ਸਥਿਤੀ ’ਚ ਉਨ੍ਹਾਂ ਕੋਲ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇੱਕੋ-ਇੱਕ ਸਹਾਰਾ ਅਖ਼ਬਾਰ ਦਾ ਹੁੰਦਾ ਹੈ। ਹਾਲਾਤ ਨੂੰ ਦੇਖਦਿਆਂ ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ’ਚ ਕਦਮ ਰੱਖਿਆ। 31 ਜਨਵਰੀ 1920 ਨੂੰ ਉਨ੍ਹਾਂ ਨੇ ‘ਮੂਕਨਾਇਕ’ ਮਰਾਠੀ ਪੱਤ੍ਰਿਕਾ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਉਸ ਸਮੇਂ ਉਨ੍ਹਾਂ ਦੀ ਉਮਰ 29 ਸਾਲ ਦੀ ਸੀ। ਇਸ ਪੱਤ੍ਰਿਕਾ ਦੀ ਪ੍ਰਕਾਸ਼ਨਾ ਲਈ ਸਾਹੂ ਮਹਾਰਾਜ ਵੱਲੋਂ 2500 ਰੁਪਏ ਦਿੱਤੇ ਗਏ ਸਨ। 1920 ਤੋਂ 1956 ਤਕ ਉਹ 36 ਸਾਲ ਪੱਤਰਕਾਰੀ ਕਰਦੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪੰਜ ਮਰਾਠੀ ਪੱਤ੍ਰਿਕਾਵਾਂ ਦਾ ਸੰਪਾਦਨ ਕੀਤਾ। ਇਨ੍ਹਾਂ ’ਚ ਸਮਾਜਿਕ, ਰਾਜਸੀ ਤੇ ਆਰਥਿਕ ਮੁੱਦਿਆਂ ’ਤੇ ਉਹ ਆਪਣੇ ਵਿਚਾਰ ਪ੍ਰਗਟ ਕਰਦੇ ਸਨ, ਜਿਸ ਨਾਲ ਦਲਿਤਾਂ ਦੀ ਸੋਚ ਤੇ ਜ਼ਿੰਦਗੀ ’ਚ ਤਬਦੀਲੀ ਆਈ ਤੇ ਦਲਿਤ ਅੰਦੋਲਨ ਨੂੰ ਅੱਗੇ ਵਧਾਉਣ ’ਚ ਮਹੱਤਵਪੂਰਨ ਮਦਦ ਮਿਲੀ। ਉਨ੍ਹਾਂ ਨੇ ਦਲਿਤ ਪੱਤਰਕਾਰੀ ਦੀ ਨੀਂਹ ਰੱਖੀ। ਉਹ ਦਲਿਤ ਪੱਤਰਕਾਰੀ ਦੇ ਪਹਿਲੇ ਸੰਪਾਦਕ, ਸੰਸਥਾਪਕ ਤੇ ਪ੍ਰਕਾਸ਼ਕ ਹਨ। 31 ਜਨਵਰੀ 1920 ਨੂੰ ‘ਮੂਕਨਾਇਕ’ ਦੀ ਪਹਿਲੀ ਸੰਪਾਦਕੀ ’ਚ ਉਨ੍ਹਾਂ ਨੇ ਸਪੱਸ਼ਟ ਲਿਖਿਆ ਕਿ ਪੱਤਰਕਾਰੀ ਬਿਲਕੁਲ ਨਿਰਪੱਖ ਹੋਣੀ ਚਾਹੀਦੀ ਹੈ। ਪੱਤਰਕਾਰਾਂ ’ਚ ਕਿਸੇ ਵਿਸ਼ੇਸ਼ ਜਾਤ ਤੇ ਧਰਮ ਪ੍ਰਤੀ ਦੁਰਭਾਵਨਾ ਨਹੀਂ ਹੋਣੀ ਚਾਹੀਦੀ। ਪੱਤਰਕਾਰੀ ਦਾ ਮੁੱਖ ਮਕਸਦ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਨਾ ਇਕ ਮਿਸ਼ਨ ਦੇ ਰੂਪ ’ਚ ਹੋਣਾ ਚਾਹੀਦਾ ਹੈ, ਵਪਾਰ ਜਾਂ ਬਿਜਨਸ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਸਮਾਜ ’ਚ ਅਸ਼ਾਂਤੀ, ਫਿਰਕੂਵਾਦ, ਜਾਤੀਵਾਦ ਤੇ ਹਿੰਸਾ ਦਾ ਪ੍ਰਚਾਰ ਹੋਵੇ। ਜੇ ਉਹ ਅਜਿਹਾ ਕਰਦੇ ਹਨ ਤਾਂ ਉਹ ਸਮਾਜ ਤੇ ਦੇਸ਼ ਦੇ ਦੁਸ਼ਮਣ ਹਨ। ਦੇਸ਼ ਦੀ ਆਜ਼ਾਦੀ ਤੋਂ ਏਨੇ ਸਾਲ ਬਾਅਦ ਵੀ ਦਲਿਤ ਵਰਗ ਦੀ ਆਰਥਿਕ ਤੇ ਸਮਾਜਿਕ ਸਥਿਤੀ ’ਚ ਕੋਈ ਤਬਦੀਲੀ ਨਹੀਂ ਹੋਈ। 2011 ਦੀ ਆਰਥਿਕ ਤੇ ਜਾਤੀ ਜਨਗਣਨਾ ਅਨੁਸਾਰ ਭਾਰਤ ’ਚ 4.42 ਕਰੋੜ ਅਨੁਸੂਚਿਤ ਜਾਤੀ ਪਰਿਵਾਰ ਹਨ। ਇਨ੍ਹਾਂ ’ਚੋਂ ਸਿਰਫ਼ 23 ਫ਼ੀਸਦੀ ਚੰਗੇ ਮਕਾਨ, 2 ਫ਼ੀਸਦੀ ਰਹਿਣ ਯੋਗ ਮਕਾਨ, 12 ਫ਼ੀਸਦੀ ਬਦਹਾਲ ਮਕਾਨ ਤੇ 24 ਫ਼ੀਸਦੀ ਪਰਿਵਾਰ ਘਾਹ- ਫੂਸ ਦੇ ਮਕਾਨਾਂ ’ਚ ਰਹਿੰਦੇ ਹਨ। 39 ਫ਼ੀਸਦੀ ਦਲਿਤ ਪਰਿਵਾਰਾਂ ਕੋਲ ਘਰ ਬਣਾਉਣ ਲਈ ਜਗ੍ਹਾ ਹੀ ਨਹੀਂ ਹੈ। 4.42 ਕਰੋੜ ਅਨੁਸੂਚਿਤ ਜਾਤੀ ਪਰਿਵਾਰਾਂ ’ਚੋਂ ਸਿਰਫ਼ 3. 95 ਫ਼ੀਸਦੀ ਦਲਿਤ ਪਰਿਵਾਰਾਂ ਕੋਲ ਸਰਕਾਰੀ ਤੇ ਨਿੱਜੀ ਖੇਤਰ ’ਚ ਨੌਕਰੀ ਹੈ। ਬਾਬਾ ਸਾਹਿਬ ਤੋਂ ਪ੍ਰੇਰਨਾ ਲੈਂਦਿਆਂ ਅੱਜ ਵੀ ਕਈ ਲੇਖਕ ਤੇ ਪੱਤਰਕਾਰ ਦਲਿਤ ਵਰਗ ਦੀ ਆਵਾਜ਼ ਨੂੰ ਸਰਕਾਰ ਤਕ ਪਹੁੰਚਾਉਂਦੇ ਹਨ ਤੇ ਦਲਿਤ ਵਰਗ ’ਚ ਚੇਤਨਾ ਪੈਦਾ ਕਰ ਰਹੇ ਹਨ। ਉਨ੍ਹਾਂ ਦੇ ਵਿਚਾਰ ਮੌਜੂਦਾ ਸੰਦਰਭ ’ਚ ਹੋਰ ਵੀ ਜ਼ਿਆਦਾ ਮਹੱਤਵਪੂਰਨ ਹਨ। ਉਹ ਭਾਰਤੀ ਪੱਤਰਕਾਰਾਂ ਲਈ ਇਕ ਰੋਲ ਮਾਡਲ ਹੋਣੇ ਚਾਹੀਦੇ ਹਨ।

-ਡਾ ਰਾਮਜੀ ਲਾਲ

Comment here