ਇਸਲਾਮਾਬਾਦ-ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕੱਕੜ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਮਹਾਸਭਾ ’ਚ ਆਪਣੇ ਸੰਬੋਧਨ ਵਿਚ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਦਰਮਿਆਨ ਸ਼ਾਂਤੀ ਲਈ ਕਸ਼ਮੀਰ ਅਹਿਮ ਹੈ। ਪਾਕਿਸਤਾਨ ਮੀਟਿੰਗਾਂ ’ਚ ਚਰਚਾ ਦੇ ਏਜੰਡੇ ਅਤੇ ਵਿਸ਼ੇ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ ’ਤੇ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਂਦਾ ਰਿਹਾ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਦੀ ਆਮ ਬਹਿਸ ਦੌਰਾਨ ਕੱਕੜ ਨੇ ਕਿਹਾ ਕਿ ਪਾਕਿਸਤਾਨ, ਭਾਰਤ ਸਮੇਤ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਨ ਅਤੇ ਲਾਭਦਾਇਕ ਸਬੰਧ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਸ਼ਾਂਤੀ ’ਤੇ ਨਿਰਭਰ ਕਰਦਾ ਹੈ। ਪਾਕਿਸਤਾਨ ਆਰਥਿਕ ਤੌਰ ’ਤੇ ਦੁਨੀਆ ਦੇ ਸਭ ਤੋਂ ਘੱਟ ਵਿਕਸਤ ਖੇਤਰ ’ਚ ਸਥਿਤ ਹੈ ਅਤੇ ਸਾਡਾ ਮੰਨਣਾ ਹੈ ਕਿ ਖੇਤਰ ਰਲ-ਮਿਲ ਕੇ ਵਿਕਸਿਤ ਹੁੰਦਾ ਹੈ, ਇਸ ਲਈ ਭਾਰਤ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ ਪਾਕਿਸਤਾਨ ਸ਼ਾਂਤੀਪੂਰਨ ਅਤੇ ਲਾਭਦਾਇਕ ਸਬੰਧ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਲਈ ਸੰਯੁਕਤ ਰਾਸ਼ਟਰ ਮਿਲਟਰੀ ਆਬਜ਼ਰਵਰ ਗਰੁੱਪ (ਯੂ. ਐੱਨ. ਐੱਮ. ਓ. ਜੀ. ਆਈ. ਪੀ.) ਨੂੰ ‘ਮਜ਼ਬੂਤ’ ਕੀਤਾ ਜਾਣਾ ਚਾਹੀਦਾ ਹੈ। ਕੱਕੜ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਕਸ਼ਮੀਰ ’ਤੇ ਆਪਣੇ ਪ੍ਰਸਤਾਵਾਂ ਦੇ ਲਾਗੂਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
Comment here