ਸਿਆਸਤਖਬਰਾਂਦੁਨੀਆ

ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਦੀ ਭਾਰਤੀ ਪ੍ਰਧਾਨ ਮੰਤਰੀ ਨਾਲ ਬੈਠਕ

ਨਵੀਂ ਦਿੱਲੀ-ਮਾਲਦੀਵਜ਼ ਦੇ ਵਿਦੇਸ਼ ਮੰਤਰੀ ਅਤੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ 76ਵੇਂ ਸੈਸ਼ਨ ਲਈ ਚੁਣੇ ਗਏ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ ਭਾਰਤ ਦੌਰੇ ਦੌਰਾਨ ਭਾਰਤ ਦੇ  ਪ੍ਰਧਾਨ ਮੰਤਰੀ ਨਰੇੰਦਰ  ਮੋਦੀ ਨਾਲ ਮੁਲਾਕਾਤ ਕੀਤੀ। ਮਹਾਮਹਿਮ ਅਬਦੁੱਲਾ ਸ਼ਾਹਿਦ 7 ਜੁਲਾਈ, 2021 ਨੂੰ ਨਿਊ ਯਾਰਕ ਵਿਖੇ ਹੋਈ ਚੋਣ ਦੌਰਾਨ ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ) ਦੇ 76ਵੇਂ ਸੈਸ਼ਨ ਲਈ ਚੁਣੇ ਗਏ ਪ੍ਰਧਾਨ ਦੇ ਤੌਰ ‘ਤੇ ਭਾਰਤ ਦਾ ਦੌਰਾ ਕਰ ਰਹੇ ਹਨ। ਨਰੇਂਦਰ ਮੋਦੀ ਨੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਉੱਤੇ ਵਧਾਈ ਦਿੱਤੀ, ਅਤੇ ਨਾਲ ਹੀ ਇਹ ਗੱਲ ਰੇਖਾਂਕਿਤ ਕੀਤੀ ਕਿ ਇਹ ਵਿਸ਼ਵ ਪੱਧਰ ਉੱਤੇ ਮਾਲਦੀਵਜ਼ ਦੇ ਵਧਦੇ ਕੱਦ ਨੂੰ ਦਰਸਾਉਂਦਾ ਹੈ। ਮੋਦੀ ਨੇ ਉਨ੍ਹਾਂ ਦੀ ‘ਉਮੀਦਾਂ ਭਰੀ ਪ੍ਰਧਾਨਗੀ’ ਲਈ ਉਨ੍ਹਾਂ ਦੇ ‘ਦੂਰ–ਦ੍ਰਿਸ਼ਟੀ ਨਾਲ ਭਰਪੂਰ ਬਿਆਨ’ ਵਾਸਤੇ ਵਧਾਈ ਦਿੰਦੇ ਹੋਏ, ਉਨ੍ਹਾਂ ਨੂੰ ਭਾਰਤ ਦੇ ਮੁਕੰਮਲ ਸਮਰਥਨ ਤੇ  ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਸੰਯੁਕਤ ਰਾਸ਼ਟਰ ਦੀਆਂ ਸ਼ਾਖਾਵਾਂ ਸਮੇਤ ਬਹੁ–ਪੱਖੀ ਪ੍ਰਣਾਲੀ ਦੇ ਸੁਧਾਰ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਤਾਂ ਜੋ ਵਿਸ਼ਵ ਦੀਆਂ ਮੌਜੂਦਾ ਹਕੀਕਤਾਂ ਅਤੇ ਵਿਸ਼ਵ ਦੀ ਵਿਸ਼ਾਲ ਬਹੁ–ਗਿਣਤੀ ਦੀਆਂ ਖ਼ਾਹਿਸ਼ਾਂ ਪ੍ਰਤੀਬਿੰਬਤ ਹੋ ਸਕਣ। ਦੋਵਾਂ ਨੇਤਾਵਾਂ ਨੇ ਹਾਲੀਆ ਵਰ੍ਹਿਆਂ ਦੌਰਾਨ ਭਾਰਤ–ਮਾਲਦੀਵਜ਼ ਦੇ ਦੁਵੱਲੇ ਸਬੰਧਾਂ ਵਿੱਚ ਤੇਜ਼ੀ ਨਾਲ ਹੋਏ ਵਿਕਾਸ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ। ਭਾਰਤੀ ਪੀ ਐਮ ਨੇ ਭਾਰਤ ਦੀ ‘ਗੁਆਂਢੀ ਪਹਿਲਾਂ’ ਦੀ ਨੀਤੀ ਤੇ ਸਾਗਰ ਦੀ ਦੂਰ–ਦ੍ਰਿਸ਼ਟੀ ਲਈ ਮਾਲਦੀਵਜ਼ ਦੀ ਇੱਕ ਪ੍ਰਮੁੱਖ ਥੰਮ੍ਹ ਵਜੋਂ ਮਹੱਤਤਾ ਉੱਤੇ ਜ਼ੋਰ ਦਿੱਤਾ। ਨਰੇਂਦਰ ਮੋਦੀ ਨੇ  ਤਸੱਲੀ ਪ੍ਰਗਟਾਈ ਕਿ ਕੋਵਿਡ–19 ਮਹਾਮਾਰੀ ਦੀਆਂ ਬੰਦਸ਼ਾਂ ਦੇ ਬਾਵਜੂਦ ਦੁਵੱਲੇ ਪ੍ਰੋਜੈਕਟ ਵਧੀਆ ਤਰੀਕੇ ਨਾਲ ਪ੍ਰਫ਼ੁੱਲਤ ਹੋ ਰਹੇ ਹਨ। ਅਬਦੁੱਲਾ ਸ਼ਾਹਿਦ ਨੇ ਕਿਹਾ,”ਮਾਲਦੀਵ ਦੀ ਜ਼ਰੂਰਤ ਦੇ ਸਮੇਂ ਭਾਰਤ ਹਮੇਸ਼ਾ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦਿੰਦਾ ਰਿਹਾ ਹੈ। ਇੱਥੇ ਤੱਕ ਕਿ ਕੋਰੋਨਾ ਆਫ਼ਤ ਦੌਰਾਨ ਵੀ ਭਾਰਤ ਸਾਡੀ ਮਦਦ ਕਰਨ ‘ਚ ਸਭ ਤੋਂ ਅੱਗੇ ਰਿਹਾ। ਜੇਕਰ ਤੁਸੀਂ ਵੁਹਾਨ ਤੋਂ ਮਾਲਦੀਵ ਦੇ ਵਿਦਿਆਰਥੀਆਂ ਦੀ ਨਿਕਾਸੀ ਦੀ ਗੱਲ ਕਰੋ ਤਾਂ ਭਾਰਤ ਨੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ‘ਚ ਸਾਡੀ ਬਹੁਤ ਮਦਦ ਕੀਤੀ। ਭਾਰਤ ਨੇ ਬਜਟ ਸਮਰਥਨ ‘ਚ ਸਾਡੀ ਮਦਦ ਕੀਤੀ ਅਤੇ ਉਸ ਨੇ ਆਪਣੇ ਰਾਸ਼ਟਰੀ ਰੋਲ-ਆਊਟ ਦੇ 48 ਘੰਟਿਆਂ ਅੰਦਰ ਸਾਨੂੰ ਟੀਕੇ ਉਪਲੱਬਧ ਕਰਵਾਏ। ਭਾਰਤ ਭੂਗੋਲਿਕ ਰੂਪ ਅਤੇ ਕਈ ਹੋਰ ਤਰੀਕਿਆਂ ਨਾਲ ਮਾਲਦੀਵ ਦੇ ਬਹੁਤ ਕਰੀਬ ਹੈ।  ਪਾਕਿਸਤਾਨ ਵਲੋਂ ਸਪਾਂਸਰ ਅੱਤਵਾਦ ‘ਤੇ ਸ਼ਾਹਿਦ ਨੇ ਕਿਹਾ,”ਅੱਤਵਾਦ ਦਾ ਮੁੱਦਾ 6ਵੀਂ ਕਮੇਟੀ ‘ਚ ਹੈ। ਇਸ ਤੋਂ ਬਾਹਰ ਕੱਢਣ ਨੂੰ ਲੈ ਕੇ ਗੰਭੀਰ ਗੱਲਬਾਤ ਜਾਰੀ ਹੈ। ਆਸ ਹੈ ਕਿ 76ਵੇਂ ਸੈਸ਼ਨ ‘ਚ ਕੁਝ ਸਾਰਥਕ ਤਰੱਕੀ ਹੁੰਦੀ ਹੈ। ਇਸ ਮੁੱਦੇ ‘ਤੇ ਅਸੀਂ ਭਾਰਤ, ਸ਼੍ਰੀਲੰਕਾ ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਮਿਲ ਕੇ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਅੱਤਵਾਦ ਨਾਲ ਨਜਿੱਠਣ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਵੀ ਗੱਲਬਾਤ ਜਾਰੀ ਹੈ।ਚੀਨ ਬਾਰੇ ਅਬਦੁੱਲਾ ਨੇ ਕਿਹਾ,”ਸਾਨੂੰ ਤੁਲਨਾ ਨਹੀਂ ਕਰਨਾ ਚਾਹੀਦੀ ਕਿ ਦੂਜੇ ਦੇਸ਼ ਸਾਡੇ ਲਈ ਕੀ ਕਰਦੇ ਹਨ। ਭਾਰਤ ਨੇ ਸਾਡੇ ਲਈ ਜੋ ਕੀਤਾ ਹੈ, ਅਸੀਂ ਉਸ ਦਾ ਸੁਆਗਤ ਕਰਦੇ ਹਾਂ। ਅਸੀਂ ਹੋਰ ਦੇਸ਼ਾਂ ਨਾਲ ਜੁੜਨਾ ਜਾਰੀ ਰੱਖਾਂਗੇ, ਇਹੀ ਮੌਜੂਦਾ ਸਰਕਾਰ ਦੀ ਨੀਤੀ ਹੈ। ਅਸੀਂ ਸਾਰੇ ਦੋਸਤ ਹਾਂ ਅਤੇ ਦੁਸ਼ਮਣ ਕਿਸੇ ਦੇ ਨਹੀਂ।”

Comment here