ਮਾਨਸਾ-ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਰਾਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰਨ ਅਤੇ ਸੰਸਦ ਵਿਚ ਧੱਕੇ ਨਾਲ ਸਰਕਾਰੀ ਖਰੀਦ, ਖੇਤੀ ਮੰਡੀਆਂ ਤੇ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਵਾਲੇ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਨ ਵਾਲੀ ਬੀਜੇਪੀ ਹੁਣ ਕੈਪਟਨ ਤੇ ਢੀਂਡਸੇ ਵਰਗੇ ਮੌਕਾਪ੍ਰਸਤਾਂ ਨਾਲ ਮਿਲ ਕੇ ਬੜੀ ਢੀਠਤਾਈ ਨਾਲ ਪੰਜਾਬ ਵਿਚ ਅਪਣੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੀ ਹੈ, ਪਰ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉਤੇ ਚਲੇ 13 ਮਹੀਨੇ ਲੰਬੇ ਇਤਿਹਾਸਕ ਕਿਸਾਨ ਅੰਦੋਲਨ ਦੀ ਰੀੜ ਦੀ ਹੱਡੀ ਬਣਨ ਵਾਲੇ ਪੰਜਾਬ ਦੇ ਬਹਾਦਰ ਕਿਸਾਨ ਐਨੇ ਭੋਲੇ ਨਹੀਂ ਕਿ ਉਹ ਭੇਡ ਦੀ ਖੱਲ ਵਿਚ ਲੁਕੇ ਇੰਨਾਂ ਬਘਿਆੜਾਂ ਨੂੰ ਨਾ ਪਛਾਣ ਸਕਣ, ਇਸ ਲਈ ਸੂਬੇ ਦੇ ਕਿਸਾਨ ਮਜ਼ਦੂਰ ਪੰਜਾਬ ਵਿਚ ਬੀਜੇਪੀ ਗੱਠਜੋੜ ਨੂੰ ਪੂਰੀ ਤਾਕਤ ਨਾਲ ‘ਵੋਟ ਦੀ ਚੋਟ’ ਦਾ ਨਿਸ਼ਾਨਾ ਬਣਾਉਣਗੇ – ਇਹ ਗੱਲ ਪੰਜਾਬ ਕਿਸਾਨ ਯੂਨੀਅਨ ਵਲੋਂ ਜਾਰੀ ਇਕ ਬਿਆਨ ਵਿਚ ਕਹੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਬੀਰ ਸਿੰਘ ਰੰਧਾਵਾ ਅਤੇ ਸੂਬਾ ਵਿੱਚ ਸਕੱਤਰ ਕਾਮਰੇਡ ਨਛੱਤਰ ਸਿੰਘ ਖੀਵਾ ਵਲੋਂ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ – ਖਾਸ ਕਰ ਇਸ ਵਿਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਮੰਗ ਕਰਦੇ ਹਾਂ ਕਿ ਉਹ ਪੰਜਾਬ ਵਿਚ ਵੋਟਾਂ ਦੇ ਸੁਆਲ ‘ਤੇ ਚੁੱਪ ਵੱਟਣ ਦੀ ਬਜਾਏ, ਬੰਗਾਲ, ਯੂਪੀ ਤੇ ਉਤਰਾਖੰਡ ਵਾਂਗ ਇਥੇ ਵੀ ਵੋਟਰਾਂ ਨੂੰ ਬੀਜੇਪੀ ਤੇ ਉਸ ਦੇ ਭਾਈਵਾਲਾਂ ਦਾ ਡੱਟ ਕੇ ਵਿਰੋਧ ਕਰਨ ਤੇ ਉਨਾਂ ਨੂੰ ਕੋਈ ਵੋਟ ਨਾ ਪਾਉਣ ਦਾ ਸਪਸ਼ਟ ਸੱਦਾ ਦਿੱਤਾ ਜਾਵੇ । ਅਜਿਹਾ ਸਪਸ਼ਟ ਸਟੈਂਡ ਨਾ ਲੈਣ ਕਾਰਨ ਸੂਬੇ ਵਿਚ ਸਮੁੱਚੀ ਕਿਸਾਨ ਲੀਡਰਸ਼ਿਪ ਵੱਲ ਉਂਗਲਾਂ ਉਠ ਰਹੀਆਂ ਹਨ ਅਤੇ ਅੰਦੋਲਨ ਦੇ ਸਮਰਥਕ ਵੀ ਦੁਬਿਧਾ ਵਿਚ ਫਸ ਕੇ ਵੰਡੇ ਹੋਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਬੀਜੇਪੀ ਗੁੰਮਰਾਹਕੁੰਨ ਪ੍ਰਚਾਰ, ਪੈਸੇ ਦੀ ਦੁਰਵਰਤੋਂ ਅਤੇ ਮੌਕਾਪ੍ਰਸਤ ਜੋੜਾਂ ਤੋੜਾਂ ਦੇ ਬਲ ‘ਤੇ ਪੰਜਾਬ ਵਿਚ ਅਪਣੀ ਤਾਕਤ ਵਧਾਉਣ ਜਾਂ ਬਣਨ ਵਾਲੀ ਸਰਕਾਰ ਦੀ ਚਾਬੀ ਅਪਣੇ ਹੱਥ ਲੈਣ ਲਈ ਹਰ ਹਰਬਾ ਵਰਤ ਰਹੀ ਹੈ। ਅਗਰ ਉਹ ਇਸ ਵਿਚ ਥੋੜਾ ਬਹੁਤਾ ਵੀ ਸਫਲ ਹੁੰਦੀ ਹੈ, ਤਾਂ ਇਹ ਕਿਸਾਨ ਅੰਦੋਲਨ ਦੀਆਂ ਮਹਾਨ ਪ੍ਰਾਪਤੀਆਂ ਉਤੇ ਪਾਣੀ ਫਿਰਨ ਦੇ ਤੁੱਲ ਹੋਵੇਗਾ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਪੰਜਾਬ ਬਾਰੇ ਅਪਣੀ ਤਹਿਸ਼ੁਦਾ ਸਾਂਝੀ ਪਹੁੰਚ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ।
ਕਿਸਾਨ ਆਗੂਆਂ ਨੇ ਪੰਜਾਬ ਵਿਚ ਕੁਝ ਕਿਸਾਨ ਜਥੇਬੰਦੀਆਂ ਵਲੋਂ ਇਕ ਸਿਆਸੀ ਪਾਰਟੀ ਬਣਾ ਕੇ ਚੋਣ ਲੜਨ ਦੀ ਕਵਾਇਦ ਨੂੰ ਵੀ ਕਿਸਾਨ ਅੰਦੋਲਨ ਦੀ ਏਕਤਾ ਅਤੇ ਨੈਤਿਕ ਅਪੀਲ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ।
ਸੰਯੁਕਤ ਮੋਰਚਾ ਪੰਜਾਬ ਚੋਣਾਂ ਬਾਰੇ ਸਟੈਂਡ ਸਪੱਸ਼ਟ ਕਰੇ-ਪੰਜਾਬ ਕਿਸਾਨ ਯੂਨੀਅਨ

Comment here