ਸਿਆਸਤਖਬਰਾਂ

ਸੰਯੁਕਤ ਕਿਸਾਨ ਮੋਰਚੇ ਵਿਚ ਫੁਟ ਪਈ   

ਡੱਲੇਵਾਲ ਤੇ ਕੱਕਾ ਨੂੰ ਕੱਢਿਆ ਬਾਹਰ ,ਯੋਗੇਂਦਰ ਯਾਦਵ ਵਲੋਂ ਅਸਤੀਫ਼ਾ
ਨਵੀਂ ਦਿੱਲੀ-ਤਕਰੀਬਨ 2 ਮਹੀਨੇ ਤੋਂ ਸੰਯੁਕਤ ਕਿਸਾਨ ਮੋਰਚੇ ‘ਵਿਚ ਮਹਿਸੂਸ ਕੀਤੀਆਂ ਜਾ ਰਹੀਆਂ ਤਰੇੜਾਂ ਬੀਤੇ ਦਿਨੀਂ  ਖੁੱਲ੍ਹ ਕੇ ਸਾਹਮਣੇ ਆ ਗਈਆਂ ਅਤੇ ਮੋਰਚੇ ਨੇ ਦੋ ਕੋਰ ਕਮੇਟੀ ਮੈਂਬਰਾਂ ਜਗਜੀਤ ਸਿੰਘ ਡੱਲੇਵਾਲ ਅਤੇ ਸ਼ਿਵ ਕੁਮਾਰ ਸ਼ਰਮਾ ਕੱਕਾ ਨੂੰ ਮੋਰਚਾ ਵਿਰੋਧੀ ਸਰਗਰਮੀਆਂ ਕਾਰਨ ਮੋਰਚੇ ਤੋਂ ਕੱਢ ਦਿੱਤਾ ।ਇਸ ਤੋਂ ਇਲਾਵਾ ਮੋਰਚੇ ਦੇ ਤਾਲਮੇਲ ਕਮੇਟੀ ਦੇ ਮੈਂਬਰ ਯੋਗੇਂਦਰ ਯਾਦਵ ਨੇ ਸਰਕਾਰ ਦੀਆਂ ਨੀਤੀਆਂ ਖਿਲਾਫ਼ ਹੋਰ ਮਜ਼ਬੂਤੀ ਨਾਲ ਲੜਨ ਲਈ ਮੋਰਚੇ ਦੇ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਮੋਰਚੇ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ । ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ । ਡਾ. ਦਰਸ਼ਨ ਪਾਲ, ਰਾਕੇਸ਼ ਟਿਕੈਤ, ਹਨਨ ਮੌਲਾ, ਰੁਲਦੂ ਸਿੰਘ ਅਤੇ ਤਜਿੰਦਰ ਵਿਰਕ ਵਲੋਂ ਮੋਰਚੇ ਲਈ ਜਾਰੀ ਬਿਆਨ ‘ਵਿਚ ਕੱਕਾ ਅਤੇ ਡੱਲੇਵਾਲ ਦਾ ਨਾਂਅ ਲਏ ਬਿਨਾਂ ਕਿਹਾ ਗਿਆ ਕਿ ਫੁੱਟ ਪਾਉਣ ਵਾਲੀਆਂ ਕੁਝ ਜਥੇਬੰਦੀਆਂ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹਨ ।ਰੁਲਦੂ ਸਿੰਘ ਮਾਨਸਾ ਨੇ ਮੋਰਚੇ ‘ਵਿਚੋਂ ਕੱਢੇ ਗਏ ਦੋਵਾਂ ਆਗੂਆਂ ‘ਤੇ ਮੋਰਚਾ ਵਿਰੋਧੀ ਸਰਗਰਮੀਆਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੋ ਗੱਲ ਅੰਦਰ ਮੀਟਿੰਗ ‘ਵਿਚ ਕੀਤੀ ਜਾਣ ਵਾਲੀ ਹੁੰਦੀ ਸੀ, ਉਹ ਬਾਹਰ ਮੀਡੀਆ ਨੂੰ ਨਾਲ ਕਰਦੇ ਸਨ । ਮੋਰਚੇ ਦੇ ਇਕ ਹੋਰ ਆਗੂ ਨੇ ਕਿਹਾ ਕਿ ਉਹ ਕੁਝ ਮੈਂਬਰਾਂ ‘ਤੇ ਦੋਸ਼ ਲਾ ਕੇ ਮੋਰਚੇ ਦੇ ਅਕਸ ਨੂੰ ਢਾਹ ਲਾ ਰਹੇ ਸਨ । ਨਾਲ ਹੀ ਕੱਕਾ ਨੂੰ ਵਧੇਰੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਸਰਕਾਰ ਦੇ ਇਸ਼ਾਰਿਆਂ ‘ਤੇ ਵਧੇਰੇ ਚਲਦੇ ਨਜ਼ਰ ਆ ਰਹੇ ਸਨ । ਜ਼ਿਕਰਯੋਗ ਹੈ ਕਿ ਡੱਲੇਵਾਲ ਅਤੇ ਕੱਕਾ ਨੇ 18 ਜੁਲਾਈ ਨੂੰ ਦਿੱਲੀ ‘ਵਿਚ ਆਪਣੇ ਤੌਰ ‘ਤੇ ਪ੍ਰਦਰਸ਼ਨ ਕੀਤਾ ਸੀ । ਉਸ ਸਮੇਂ ਵੀ ਮੋਰਚੇ ਦੀਆਂ ਤਰੇੜਾਂ ਸਾਹਮਣੇ ਆਈਆਂ ਸਨ ਜਦੋਂ ਮੋਰਚੇ ਦੇ ਕੁਝ ਹੋਰ ਆਗੂ ਦਿੱਲੀ ‘ਵਿਚ ਮੌਜੂਦ ਹੁੰਦਿਆਂ ਹੋਇਆ ਵੀ ਪ੍ਰਦਰਸ਼ਨ ‘ਵਿਚ ਸ਼ਾਮਿਲ ਨਹੀਂ ਹੋਏ ।ਜ਼ਿਕਰਯੋਗ ਹੈ ਕਿ ਕੱਕਾ ਪਹਿਲਾਂ ਆਰ. ਐਸ. ਐਸ. ਨਾਲ ਤਾਅਲੁੱਕ ਰੱਖਦੇ ਭਾਰਤੀ ਕਿਸਾਨ ਸੰਘ ਦੇ ਆਗੂ ਸਨ ਅਤੇ ਹੁਣ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਮੁਖੀ ਸਨ । ਕੱਕਾ ਨੂੰ ਕਿਸੇ ਵੇਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਦੇ ਨਾਲ ਨੇੜਤਾ ਲਈ ਵੀ ਜਾਣਿਆ ਜਾਂਦਾ ਸੀ ਜਦਕਿ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਹਨ ।
3 ਅਕਤੂਬਰ ਨੂੰ ਲਖੀਮਪੁਰ ਖੀਰੀ ‘ਵਿਚ ਕਤਲ ਦਿਵਸ
ਮੋਰਚੇ ਵਲੋਂ ਮੀਟਿੰਗ ‘ਵਿਚ ਲਏ ਕੁਝ ਸਖ਼ਤ ਫੈਸਲਿਆਂ ਤੋਂ ਇਲਾਵਾ 3 ਅਕਤੂਬਰ ਨੂੰ ਲਖੀਮਪੁਰ ਖੀਰੀ ‘ਵਿਚ ਕਤਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ, ਜਿਸ ‘ਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਜਾਏਗਾ ।ਮੋਰਚੇ ਨੇ 15 ਤੋਂ 25 ਸਤੰਬਰ ਨੂੰ ਦੇਸ਼ ਭਰ ‘ਚ ਤਹਿਸੀਲ ਪੱਧਰੀ ਮੰਗਾਂ ਦੀ ਮੁਹਿੰਮ ਵਜੋਂ ਭਵਿੱਖੀ ਅੰਦੋਲਨ ਕਰਨ ਦਾ ਐਲਾਨ ਕੀਤਾ ।ਮੋਰਚੇ ਵਲੋਂ 26 ਨਵੰਬਰ ਨੂੰ ਰਾਜ ਪੱਧਰ ‘ਤੇ ਰਾਜਪਾਲਾਂ ਨੂੰ ਮੰਗ ਪੱਤਰ ਸੌਂਪਿਆ ਜਾਏਗਾ ।

Comment here