ਅੰਮ੍ਰਿਤਸਰ-ਅੱਜ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਵਿਰੁੱਧ ਪੰਜਾਬ ’ਚ ਹਰ ਥਾਂ ’ਤੇ ਕਿਸਾਨ ਭਾਈਚਾਰੇ ਵੱਲੋਂ ਧਰਨਾ ਲਗਾਇਆ ਗਿਆ ਹੈ ਉਸ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਖੜ੍ਹਾ ਹਾਂ ਅਤੇ ਪਹਿਲੇ ਵੀ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਵੱਲੋਂ ਨਵੀਂ ਦਿੱਲੀ ਵਿਖੇ ਇਕ ਸਾਲ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਲਗਾਇਆ ਗਿਆ ਸੀ ਤੇ ਅੱਜ ਵੀ ਮੈਂ ਕਿਸਾਨਾਂ ਦੇ ਹੱਕ ਵਿਚ ਹਾਂ ਅਤੇ ਇਹ ਵੀ ਸੱਚ ਹੈ ਕਿ ਮੌਜੂਦਾ ‘ਆਪ’ ਦੀ ਪੰਜਾਬ ਸਰਕਾਰ ਕਿਸਾਨੀ ਮਸਲਿਆਂ ਤੇ ਗੰਭੀਰ ਨਹੀਂ ਪਰ ਮੈਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਅੰਮ੍ਰਿਤਸਰ ਸ਼ਹਿਰ ਜੋ ਕਿ ਪਵਿੱਤਰ ਸ਼ਹਿਰ ਹੈ ਗੁਰੂ ਦੀ ਨਗਰੀ ਹੈ ਤੇ ਜਿਥੇ ਦੇਸ਼ਾਂ ਵਿਦੇਸ਼ਾਂ ਤੋਂ ਯਾਤਰੂਆਂ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਭਗਵਾਨ ਵਾਲਮੀਕ ਜੀ ਦੇ ਸਥਾਨ ਰਾਮ ਤੀਰਥ ਤੇ ਜਲਿ੍ਹਆਵਾਲਾ ਬਾਗ ਵਿਖੇ ਨਤਮਸਤਕ ਹੋਣ ਆਉਂਦੇ ਹਨ ਤੇ ਉਸ ਸ਼ਹਿਰ ’ਚ ਮੇਨ ਪੁਲ ਭੰਡਾਰੀ ਪੁੱਲ ’ਤੇ ਧਰਨਾ ਲਗਾਉਣਾ ਬੇਹਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਪੁੱਲ ਹੀ ਏਅਰਪੋਰਟ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਰਾਹ ਨੂੰ ਜੋੜਦਾ ਹੈ ਤੇ ਇਹ ਪੁੱਲ ਰੋਕਣਾ ਬੇਹੱਦ ਮੰਦਭਾਗਾ ਹੈ।
ਔਜਲਾ ਨੇ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਨਾਲ ਜੋ ਨਰਾਜ਼ਗੀ ਹੈ ਉਹ ਧਰਨਾ ਕਿਸੇ ਮੰਤਰੀ ਜਾਂ ਕਿਸੇ ਐਮ.ਐਲ.ਏ. ਦੇ ਘਰ ਦੇ ਬਾਹਰ ਲਗਾਉਣ ਤੇ ਅਸੀਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੌਜੂਦਾ ਸਰਕਾਰ ਦੇ ਵਿਰੁੱਧ ਧਰਨੇ ਤੇ ਬੈਠਾਂਗੇ ਪਰ ਗੁਰੂ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਮੇਨ ਰਸਤੇ ਜੋ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਹੈ ਉਸ ਉਤੇ ਆਪਣਾ ਧਰਨਾ ਨਾ ਲਾਇਆ ਜਾਵੇ।
ਔਜਲਾ ਨੇ ਕਿਹਾ ਕਿ ਅੱਜ ਭੰਡਾਰੀ ਪੁੱਲ ਤੇ ਲੱਗੇ ਧਰਨੇ ਕਾਰਨ ਜਿਥੇ ਕਿ ਰਾਹਗੀਰ ਪ੍ਰੇਸ਼ਾਨ ਹੋਏ, ਉਥੇ ਸਕੂਲੀ ਬੱਚਿਆਂ ਦੀਆਂ ਵੈਨਾਂ, ਐਂਬੂਲੈਂਸ ’ਚ ਮਰੀਜ਼ਾਂ ਤੇ ਭਾਰੀ ਗਿਣਤੀ ’ਚ ਅੰਮ੍ਰਿਤਸਰ ’ਚ ਪਹੁੰਚਣ ਵਾਲੇ ਯਾਤਰੂ ਨੂੰ ਪ੍ਰੇਸ਼ਾਨੀ ਆਈ। ਇਸਦੇ ਨਾਲ ਹੀ ਪਿੰਡੋ ਸ਼ਹਿਰ ਲੋੜਵੰਦ ਪਰਿਵਾਰਾਂ ਦੇ ਲੋਕ ਵੀ ਸ਼ਹਿਰ ’ਚ ਦਿਹਾੜੀ ਕਰਨ ਲਈ ਰੋਜ਼ਾਨਾ ਆਉਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਿ ਮਜ਼ਦੂਰ ਦਿਹਾੜੀਦਾਰ ਰੋਜ਼ਾਨਾ ਨਵੀਂ ਆਸ ਲੈ ਕੇ ਹੀ ਘਰੋਂ ਕੰਮ ਕਰਨ ਲਈ ਚੱਲਦਾ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇਕ ਟੂਰਿਜ਼ਮ ਹੱਬ ਬਣ ਚੁੱਕਿਆ ਹੈ ਅਤੇ ਲੋਕ ਦੂਰੋਂ ਨੇੜਿਓਂ ਇਥੇ ਰਹਿੰਦੇ ਹਨ। ਇਸਦੇ ਨਾਲ ਵਪਾਰਕ ਸ਼ਹਿਰ ਵਜੋਂ ਵੀ ਅੰਮ੍ਰਿਤਸਰ ਪੂਰੀ ਦੁਨੀਆਂ ਦੀ ਨਜ਼ਰ ’ਤੇ ਹੈ ਤੇ ਲੋਕ ਸ਼ਹਿਰੋਂ ਪਿੰਡ ਤੋਂ ਆਪਣੇ ਵਿਆਹ ਜਾਂ ਹੋਰ ਸਾਜੋ ਸਾਮਾਨ ਲਈ ਸ਼ਹਿਰ ’ਚ ਖਰੀਦੋ ਫਰੋਖਤ ਕਰਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਗਰ ਇਹ ਧਰਨਾ ਇਸ ਤਰ੍ਹਾਂ ਕਾਬਜ਼ ਰਿਹਾ ਤਾਂ ਕਾਫੀ ਹੱਦ ਤੱਕ ਸਾਡੀ ਟੂਰਿਜ਼ਮ ਹੱਬ ਨੂੰ ਢਾਹ ਲਗੇਗੀ ਜਿਥੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਪਾਰਕ ਅਦਾਰਿਆਂ ਵਜੋਂ ਕੰਮ ਕਰ ਰਹੇ ਲੋਕਾਂ ਦੀ ਆਰਥਿਕ ਵਿਵਸਥਾ ਕਮਜ਼ੋਰ ਹੋਵੇਗੀ।
Comment here