ਸਿਆਸਤਖਬਰਾਂਚਲੰਤ ਮਾਮਲੇ

‘ਭਾਰਤ ਜੋੜੋ ਯਾਤਰਾ’ ਦੌਰਾਨ ਸੰਤੋਖ ਸਿੰਘ ਚੌਧਰੀ ਦਾ ਦਿਹਾਂਤ

ਜਲੰਧਰ-ਪੰਜਾਬ ਦੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ (76) ਦੀ ਭਾਰਤ ਜੋੜੋ ਯਾਤਰਾ ਦੌਰਾਨ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਭਾਰਤ ਜੋੜੋ ਯਾਤਰਾ ’ਚ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਘਰ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਚੌਧਰੀ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਸਵੇਰੇ 11 ਵਜੇ ਜੱਦੀ ਪਿੰਡ ਧਾਲੀਵਾਲ ਵਿਖੇ ਕੀਤਾ ਜਾਵੇਗਾ।
ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਇਸ ਦੁੱਖ਼ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਰਾਹੁਲ ਗਾਂਧੀ ਨੇ ਦੁੱਖ਼ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਨਾਲ ਡੂੰਘੇ ਸਦਮੇ ’ਚ ਹਾਂ। ਸੰਤੋਖ ਸਿੰਘ ਚੌਧਰੀ ਮਿਹਨਤੀ ਨੇਤਾ ਸਨ। ਯੂਵਾ ਕਾਂਗਰਸ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਨੇ ਆਪਣਾ ਜੀਵਨ ਜਨਸੇਵਾ ਨੂੰ ਸਮਰਪਿਤ ਕੀਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ 10 ਜਨਵਰੀ ਤੋਂ ਪੰਜਾਬ ਦੀ ਯਾਤਰਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ ਦੇ ਖੰਨਾ ਤੱਕ ਦੀ ਯਾਤਰਾ ਕੀਤੀ। ਦੂਜੇ ਦਿਨ ਇਹ ਯਾਤਰਾ ਸਮਰਾਲਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਂਕ ਵਿਖੇ ਜਨ ਸਭਾ ਨਾਲ ਸਮਾਪਤ ਹੋਈ। ਇਸ ਦਿਨ ਰਾਹੁਲ ਗਾਂਧੀ ਸ਼ਾਮ ਨੂੰ ਯਾਤਰਾ ਨਹੀਂ ਕੀਤੀ ਅਤੇ ਉਥੋਂ ਦਿੱਲੀ ਲਈ ਰਵਾਨਾ ਹੋ ਗਏ। 13 ਜਨਵਰੀ ਨੂੰ ਲੋਹੜੀ ਕਾਰਨ ਯਾਤਰਾ ਨਹੀਂ ਕੱਢੀ ਗਈ ਸੀ।
ਸੰਤੋਖ ਸਿੰਘ ਚੌਧਰੀ ਦਾ ਸਿਆਸੀ ਸਫ਼ਰ
ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ’ਚ ਸਥਿਤ ਪਿੰਡ ਧਾਲੀਵਾਲ ਵਿਖੇ ਹੋਇਆ ਸੀ। ਸੰਤੋਖ ਸਿੰਘ ਚੌਧਰੀ ਨੇ ਆਪਣੀ ਮੁਢਲੀ ਸਿੱਖਿਆ 1964 ’ਚ ਡੀਏਵੀ ਸਕੂਲ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਅਗਲੇਰੀ ਸਿੱਖਿਆ ਡੀਏਵੀ ਕਾਲਜ ਜਲੰਧਰ ਤੋਂ 1968 ਵਿੱਚ ਅਤੇ ਫਿਰ 1972 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਸੰਤੋਖ ਸਿੰਘ ਚੌਧਰੀ ਪੇਸ਼ੇ ਤੋਂ ਵਕੀਲ ਸਨ।
ਸੰਤੋਖ ਸਿੰਘ ਨੇ ਆਪਣਾ ਸਿਆਸੀ ਸਫ਼ਰ 1978 ਵਿੱਚ ਪੰਜਾਬ ਯੂਥ ਕਾਂਗਰਸ ਦੇ ਆਗੂ ਵਜੋਂ ਸ਼ੁਰੂ ਕੀਤਾ ਸੀ। 1978 ਤੋਂ 1982 ਤੱਕ ਉਹ ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਰਹੇ। 1987 ਤੋਂ 1995 ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਰਹੇ। ਸੰਤੋਖ ਸਿੰਘ ਪਹਿਲੀ ਵਾਰ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਲੌਰ ਤੋਂ ਵਿਧਾਇਕ ਚੁਣੇ ਗਏ ਸਨ। ਸੰਤੋਖ ਸਿੰਘ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ ਖੇਤੀਬਾੜੀ ਤੇ ਜੰਗਲਾਤ ਮੰਤਰੀ ਵੀ ਬਣੇ। ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੋਲ੍ਹ ਕੇ ਪੰਜਾਬ ਸਮੇਤ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ। 1992 ਵਿੱਚ ਪਹਿਲੀ ਜਿੱਤ ਦਰਜ ਕਰਕੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਜਨਰਲ ਸਕੱਤਰ ਵਜੋਂ ਚੁਣੇ ਗਏ। ਸੰਤੋਖ ਸਿੰਘ ਚੌਧਰੀ ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਵਿੱਚੋਂ ਇੱਕ ਸਨ।
1992 ਤੋਂ 1995 ਤੱਕ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਇੰਚਾਰਜ, ਸੰਸਦੀ ਮਾਮਲਿਆਂ ਅਤੇ ਬਿਜਲੀ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਬਣੇ। ਇਸ ਤੋਂ ਬਾਅਦ ਵਿੱਚ ਉਹ ਪੰਜਾਬ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਅਤੇ ਖੁਰਾਕ ਅਤੇ ਸਿਵਲ ਸਪਲਾਈ ਦੇ ਕੈਬਨਿਟ ਮੰਤਰੀ ਰਹੇ। ਉਹ ਜਲੰਧਰ ਲੋਕ ਸਭਾ ਹਲਕੇ ਤੋਂ ਐਮਪੀ ਵੀ ਰਹੇ ਹਨ।

 

Comment here