ਸਾਹਿਤਕ ਸੱਥਸਿਆਸਤਖਬਰਾਂ

ਸੰਤਾਲੀ ਦੀ ਵਹਿਸ਼ਤ ਦੇ ਦਾਗ ਪੰਜਾਬੀ ਸਭਿਆਚਾਰ ‘ਤੇ ਧੱਬਾ – ਡਾ. ਅਨਿਰੁੱਧ ਕਾਲਾ

ਦੋਹਾਂ ਪੰਜਾਬਾਂ ਦੇ ਵੰਡ ਦੇ ਦਰਦ ਨੂੰ ਸੰਭਾਲਣ ਦੀ ਲੋੜ ਹੈ- ਸਾਂਵਲ ਧਾਮੀਂ

ਬਠਿੰਡਾ-ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚਾਰ ਰੋਜ਼ਾ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਪਹਿਲੇ ਸ਼ੈਸ਼ਨ ‘ਦਰਦ ਵਿਛੋੜੇ ਦਾ ਹਾਲ, ਪੰਜਾਬ ਵੰਡ ਦੀ ਗਾਥਾ’ ਵਿਚ ਪ੍ਰਸਿੱਧ ਅੰਗਰੇਜ਼ੀ ਲੇਖਕ ਡਾ. ਅਨਿਰੁੱਧ ਕਾਲਾ ਨੇ ਕਿਹਾ ਕਿ ਸੰਤਾਲੀ ਦੀ ਵਹਿਸ਼ਤ ਦੇ ਦਾਗ ਪੰਜਾਬੀ ਸਭਿਆਚਾਰ ‘ਤੇ ਅਜਿਹਾ ਧੱਬਾ ਹਨ ਜਿਸ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਦਾ ਸ਼ਰਮਸ਼ਾਰ ਹੁੰਦੀਆਂ ਰਹਿਣਗੀਆਂ। ਧਰਮ ਦੀ ਆੜ ਵਿਚ ਕੁਝ ਵਹਿਸ਼ੀ ਲੋਕਾਂ ਨੇ ਸਦੀਆਂ ਪੁਰਾਣੇ ਰਿਸ਼ਤਿਆਂ ਦਾ ਘਾਣ ਕੀਤਾ। ਡਾ. ਅਨਿਰੁੱਧ ਕਾਲਾ ਨੇ ਕਿਹਾ ਕਿ ਸੰਤਾਲੀ ਦੀ ਵੰਡ ਸਮੇਂ ਦਸ ਲੱਖ ਲੋਕ ਮਰੇ ਸਨ ਜੋ ਦੋਨੇ ਪਾਸੇ ਆਮ ਲੋਕਾਂ ਨੇ ਹੀ ਮਾਰੇ ਸਨ। ਐਨਾ ਸਮਾਂ ਹੋ ਗਿਆ ਕਿ ਵੰਡ ਬਾਰੇ ਲੋਕ ਅਜੇ ਵੀ ਗੱਲਾਂ ਕਰਨੀਆਂ ਚਾਹੁੰਦੇ ਹਨ। ਪਰ ਵੰਡ ਦੀਆਂ ਗੱਲਾਂ ਨਹੀਂ ਛੱਡੀਆਂ ਜਾ ਸਕਦੀਆਂ। ਉਹਨਾਂ ਅੱਗੇ ਕਿਹਾ ਕਿ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਤੋਂ ਵੀ ਅਹਿਮ ਸਭਿਆਚਾਰ ਅਤੇ ਭਾਸ਼ਾ ਦੀਆਂ ਤੰਦਾਂ ਹਨ। ਸ਼ੈਸ਼ਨ ਦੇ ਦੂਜੇ ਬੁਲਾਰੇ ਲੇਖਕ ਸਾਂਵਲ ਧਾਮੀਂ ਨੇ ਕਿਹਾ ਕਿ ਦੋਹਾਂ ਪੰਜਾਬਾਂ ਵੰਡ ਦੇ ਦਰਦ ਨੂੰ ਹੱਡੀਂ ਹੰਢਾਉਣ ਵਾਲੇ ਲੋਕਾਂ ਦੀ ਆਖਰੀ ਪੀੜ੍ਹੀ ਵਿੱਚੋਂ ਉਂਗਲਾਂ ਦੇ ਗਿਣਨਯੋਗ ਲੋਕ ਹੀ ਬਚੇ ਹਨ। ਉਹਨਾਂ ਦੇ ਹੱਡੀਂ ਹੰਢਾਏ ਤਜ਼ਰਬਿਆਂ ਨੂੰ ਲਿਖਤਾਂ ਅਤੇ ਫਿਲਮਾਂਕਣ ਦੇ ਰੂਪ ਵਿਚ ਸੰਭਾਲਣ ਦੀ ਅਸਰਦੀ ਲੋੜ ਹੈ ਤਾਂ ਜੋ ਅਾਉਂਦੀਆਂ ਨਸਲਾਂ ਇਸ ਤੋਂ ਸਿੱਖਿਆ ਹਾਸਿਲ ਕਰ ਸਕਣ। ਉਹਨਾਂ ਦੱਸਿਆ ਕਿ ਉਹਨਾਂ ਨੇ ਪੰਜਾਬ ਹੀ ਨਹੀਂ ਬਲਕਿ ਹੋਰਨਾਂ ਰਾਜਾਂ ਵਿਚ ਜਾ ਕੇ ਵੰਡ ਸੰਬੰਧੀ ਕਹਾਣੀਆਂ ਬਜ਼ੁਰਗਾਂ ਦੀ ਜ਼ੁਬਾਨੀ ਸੁਣ ਕੇ ਰਿਕਾਰਡ ਕੀਤੀਆਂ। ਡਾ. ਅਨਿਰੁੱਧ ਕਾਲਾ ਅਤੇ ਸਾਂਵਲ ਧਾਮੀ ਨੇ ਵੰਡ ਸੰਬੰਧੀ ਅਜਿਹੀਆਂ ਅਨੇਕਾਂ ਕਹਾਣੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿੰਨ੍ਹਾਂ ਨੂੰ ਸੁਣ ਕੇ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ। ਪਹਿਲੇ ਸ਼ੈਸ਼ਨ ਦਾ ਸੰਚਾਲਨ ਪ੍ਰਬੁੱਧ ਗੁਰਤੇਜ ਕੋਹਾਰਵਾਲਾ ਨੇ ਕੀਤਾ। ਇਸ ਮੌਕੇ ਅਨਿਰੁੱਧ ਕਾਲਾ ਦੀ ਪੁਸਤਕ ‘ਲਾਹੌਰ ਦਾ ਪਾਗਲਖਾਨਾਂ’ ਅਤੇ ਸਾਂਵਲ ਧਾਮੀਂ ਦੀ ਪੁਸਤਕ ‘ਦੁੱਖੜੇ ਸੰਨ ਸੰਤਾਲੀ ਦੇ’ ਵੀ ਰੀਲੀਜ਼ ਕੀਤੀਆਂ ਗਈ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਫੈਸਟੀਵਲ ਦੇ ਦੂਜੇ ਸ਼ੈਸ਼ਨ ‘ਮੈਂ ਤੇ ਮੇਰੀ ਕਵਿਤਾ’ ਸਿਰਲੇਖ ਹੇਠ ਵਿਚ ਵਿਜੇ ਵਿਵੇਕ, ਜਗਵਿੰਦਰ ਜੋਧਾ, ਸਵਾਮੀ ਅੰਤਰ ਨੀਰਵ ਨਾਲ ਪੰਜਾਬੀ ਕਵਿਤਾ ਬਾਰੇ ਡਾ. ਨੀਤੂ ਨੇ ਗੱਲਬਾਤ ਕੀਤੀ। ਵਿਜੇ ਵਿਵੇਕ ਨੇ ਕਿਹਾ ਕਿ ਸਥਾਪਤੀ ਬਹੁਤ ਬਾਰੀਕ ਹੈ ਇਹ ਪਹਿਲਾਂ ਤੁਹਾਨੂੰ ਆਪਣੇ ਅੰਦਰੋਂ ਤੋੜਨੀ ਪੈਂਦੀ ਹੈ। ਇਸ ਤਰ੍ਹਾਂ ਮੇਰੇ ਅੰਦਰਲੇ ਪੱਥਰ ਨੂੰ ਕਵਿਤਾ ਤੋੜਦੀ ਹੈ। ਗ਼ਜ਼ਲਗੋ ਜਗਵਿੰਦਰ ਜੋਧਾ ਨੇ ਕਿਹਾ ਕਿ ਇਹ ਗੱਲ ਠੀਕ ਨਹੀਂ ਕਿ ਜੋ ਕਵੀ ਮਾੜੀਆਂ ਕਵਿਤਾਵਾਂ ਲਿਖਦਾ ਹੈ ਉਹ ਗਲਪ ਵਧੀਆ ਲਿਖੇ। ਇਹ ਅਕਦਾਮਿਕ ਲੋਕਾਂ ਨੇ ਬਣਾਈ ਗੱਲ ਹੈ। ਕਵੀ ਸਵਾਮੀ ਅੰਤਰ ਨੀਰਵ ਨੇ ਆਖਿਆ ਮੇਰੀ ਕਵਿਤਾ ਪਿੱਛੇ ਭੂਗੋਲ ਪਿਆ ਹੈ। ਬਾਡਰ ਦਾ ਉਹ ਕਸਬਾ ਜਿੱਥੇ ਹਰ ਹੋਜ਼ ਗੋਲੀ ਚਲਦੀ ਹੈ। ਜਦੋਂ ਗੋਲੀ ਨਹੀਂ ਚੱਲਦੀ ਤਾਂ ਅਸੀਂ ਸੋਚਦੇ ਹਾਂ ਕਿ ਹੁਣ ਚਿੱਟੇ ਚੜ੍ਹਨਗੇ। ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾ.ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਆਮ ਕਰਕੇ ਇਕੱਠ ਅਕਾਦਮਿਕ, ਰਾਜਸੀ ਜਾਂ ਵਪਾਰਕ ਹੁੰਦੇ ਹਨ। ਪਰ ਅਜਿਹੇ ਫੈਸਟੀਵਲਾਂ ਦੇ ਇਕੱਠ ਸਮਾਜ ਦੇ ਬਾਕੀ ਇਕੱਠਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀਂ ਚੰਡੀਗੜ੍ਹ ਦੇ ਸਹਿਯੋਗ ਪ੍ਰੀਤਮ ਰੁਪਾਲ ਦੀ ਅਗਵਾਈ ਹੇਠ ਨਾਲ ਤਰਸੇਮ ਚੰਦ ਕਲਹਿਰੀ ਦੀ ਟੀਮ ਵੱਲੋਂ ਫੋਕ ਆਰਕੈਸਟਰਾ ਰਾਹੀਂ ਲੋਕ ਧੁਨਾਂ ਦੀ ਆਹਲਾ ਪੇਸ਼ਕਾਰੀ ਕੀਤਾ ਗਿਆ। ਪੁਸਤਕ ਪ੍ਰਦਰਸ਼ਨੀ ਵਿਚ ਮਾਸਟਰ ਹਰੀਸ਼ ਪੱਖੋਵਾਲ ਨੇ ਦੱਸਿਆ ਕਿ ਬਠਿੰਡੇ ਇਲਾਕੇ ਵਿਚ ਪੁਸਤਕ ਸਭਿਆਚਾਰ ਬਹੁਤ ਪ੍ਰਫੁੱਲਤ ਹੋ ਰਿਹਾ ਹੈ। ਪੁਸਤਕ ਪ੍ਰਦਰਸ਼ਨੀਆਂ ਵਿਚ ਪਾਠਕਾਂ ਨੇ ‘ਪੰਜਾਬ ਐਂਡ ਸੰਨਜ਼’, ‘ਮੈਂ-ਅਮੈਂ’, ‘ਬੀਤੇ ਨੂੰ ਫਰੋਲਦਿਆਂ’, ਨਾਵਲ ‘ਸੋਫੀਆ’ ਅਤੇ ‘ਕਲਮਾਂ ਵਾਲੇ’ ਪੁਸਤਕਾਂ ਤੋਂ ਇਲਾਵਾ ਹੋਰ ਸਮਕਾਲੀ ਸਰੋਕਾਰਾਂ ਨਾਲ ਜੁੜੀਆਂ ਪੁਸਤਕਾਂ ਵਿਚ ਡੂੰਘੀ ਦਿਲਚਸਪੀ ਦਿਖਾਈ।

Comment here