ਮਨੋਰੰਜਨ

ਸੰਗੀਤ ਜਗਤ ਦਾ ਸੂਰਜ ਹੈ ਨੁਸਰਤ ਫ਼ਤਿਹ ਅਲੀ ਖ਼ਾਨ

-ਗੁਰਪ੍ਰੀਤ ਸਿੰਘ ਰਤਨ
ਨੁਸਰਤ ਫ਼ਤਹਿ ਅਲੀ ਖ਼ਾਨ ਬੇਸ਼ਕ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀ ਪਰ ਉਹਨਾਂ ਦੀਆਂ ਸੁਰਾਂ ਅਮਰ ਹਨ, ਜਿਹਨਾਂ ਕਰਕੇ ਉਹ ਸੰਗੀਤ ਪ੍ਰੇਮੀਆਂ ਦੀਆਂ ਧੜਕਣਾਂ ਚ ਹਮੇਸ਼ਾ ਜਿਉੰਦੇ ਰਹਿਣਗੇ। ਦਾ ਜਨਮ 13 ਅਕਤੂਬਰ 1948 ਨੂੰ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਵਿੱਚ ਹੋਇਆ। ਉਸ ਦਾ ਪਹਿਲਾ ਨਾਂ ਪਰਵੇਜ਼ (ਪੇਜੀ) ਸੀ, ਪਰ ਗੁਲਾਮ ਗੌਸ ਸਾਮਦਾਨੀ ਦੇ ਇਤਰਾਜ਼ ਕਰਨ ’ਤੇ ਨਾਂ ਨੁਸਰਤ ਰੱਖਿਆ ਗਿਆ। ਬਚਪਨ ਤੋਂ ਹੀ ਭਾਰੇ ਜੁੱਸੇ ਵਾਲੇ ਨੁਸਰਤ ਨੂੰ ਸੰਗੀਤ ਦਾ ਸ਼ੌਕ ਸੀ, ਪਰ ਉਸ ਦੇ ਪਿਤਾ ਉਸਤਾਦ ਫ਼ਤਹਿ ਅਲੀ ਖ਼ਾਨ ਜੋ ਨਾਤ, ਗ਼ਜ਼ਲ, ਠੁਮਰੀ, ਦਾਦਰਾ, ਤਰਾਨਾ, ਖਿਆਲ ਅਤੇ ਕਲਾਸੀਕਲ ਗਾਇਕੀ ਵਿੱਚ ਮਾਹਰ ਸਨ, ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ।
ਮਗਰੋਂ ਹਾਲਾਤ ਕੁਝ ਅਜਿਹੇ ਬਣੇ ਕਿ ਪਿਤਾ ਨੇ ਨੁਸਰਤ ਨੂੰ ਆਪ ਹੀ ਸੰਗੀਤ ਸਿੱਖਣ ਦੀ ਇਜਾਜ਼ਤ ਦੇ ਦਿੱਤੀ। ਪਹਿਲਾਂ ਉਸ ਨੇ ਤਬਲਾ ਵਾਦਨ ਸਿੱਖਿਆ ਅਤੇ ਮਗਰੋਂ ਆਪਣੇ ਪਿਤਾ ਕੋਲੋਂ ਹੀ ਗਾਇਕੀ ਦੀ ਤਾਲੀਮ ਹਾਸਲ ਕੀਤੀ। 1964 ਵਿੱਚ ਪਿਤਾ ਦੀ ਮੌਤ ਹੋਣ ਮਗਰੋਂ ਉਸ ਨੇ ਬਾਕੀ ਸੰਗੀਤਕ ਬਾਰੀਕੀਆਂ ਆਪਣੇ ਤਾਇਆ ਮੁਬਾਰਕ ਅਲੀ ਖ਼ਾਨ ਅਤੇ ਸਲਾਮਤ ਅਲੀ ਖ਼ਾਨ ਕੋਲੋਂ ਸਿੱਖੀਆਂ। ਫ਼ਤਹਿ ਅਲੀ ਖ਼ਾਨ ਅਤੇ ਮੁਬਾਰਕ ਅਲੀ ਖ਼ਾਨ ਦੀ ਜੋੜੀ ਦਾ ਉਸ ਵੇਲੇ ਆਪਣਾ ਹੀ ਮੁਕਾਮ ਸੀ।
ਨੁਸਰਤ ਪੜ੍ਹਾਈ ਵਿੱਚ ਬਹੁਤਾ ਚੰਗਾ ਨਹੀਂ ਸੀ, ਫਿਰ ਵੀ ਉਸ ਨੇ ਖਿੱਚ-ਧੂਹ ਕੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ। ਬਾਅਦ ਵਿੱਚ ਗਾਇਕੀ ਦੀ ਬਦੌਲਤ ਉਸ ਨੂੰ ਡਾਕਟਰੇਟ ਅਤੇ ਪ੍ਰੋਫ਼ੈਸਰ ਵਰਗੇ ਖਿਤਾਬਾਂ ਨਾਲ ਸਨਮਾਨਿਆ ਗਿਆ। ਪਿਤਾ ਦੀ ਮੌਤ ਮਗਰੋਂ ਉਸ ਨੇ ਕੱਵਾਲ ਪਾਰਟੀ ਦੀ ਕਮਾਂਡ ਸਾਂਭ ਲਈ ਅਤੇ ਹੌਲੀ-ਹੌਲੀ ਤਾਇਆ ਉਸਤਾਦ ਮੁਬਾਰਕ ਅਲੀ ਖ਼ਾਨ ਦੇ ਬੇਟੇ ਮੁਜਾਹਦ ਅਲੀ ਖ਼ਾਨ, ਉਸਤਾਦ ਸਲਾਮਤ ਅਲੀ ਖ਼ਾਨ ਦੇ ਬੇਟੇ ਅਸਦ ਅਲੀ ਖ਼ਾਨ, ਚਾਚਾ ਨਵਾਜ਼ਿਸ਼ ਅਲੀ ਖ਼ਾਨ ਦੇ ਬੇਟੇ ਕੋਕੁਬ ਅਲੀ ਖ਼ਾਨ ਸਮੇਤ ਹੋਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। 23 ਮਾਰਚ 1965 ਵਿੱਚ ਰੇਡੀਓ ਪਾਕਿਸਤਾਨ ਦੇ ਪ੍ਰੋਗਰਾਮ ‘ਜਸ਼ਨ-ਏ-ਬਹਾਰਾ’ ਵਿੱਚ ਉਸ ਨੇ ਅਮੀਰ ਖੁਸਰੋ ਦੀ ਰਚਨਾ ਗਾ ਕੇ ਆਪਣੀ ਪਹਿਲੀ ਪੇਸ਼ਕਾਰੀ ਦਿੱਤੀ। ਇਸ ਦੌਰਾਨ ਨੁਸਰਤ ਨੇ ਜੋ ਗਾਇਕੀ ਦਿਖਾਈ, ਉਸ ਨੂੰ ਦੇਖ ਕੇ ਸਭ ਦੰਗ ਰਹਿ ਗਏ। ਇਸ ਪ੍ਰੋਗਰਾਮ ਵਿੱਚ ਰੌਸ਼ਨ ਆਰਾ ਬੇਗ਼ਮ, ਉਸਤਾਦ ਸਲਾਮਤ ਅਲੀ ਖ਼ਾਨ, ਨਜ਼ਾਕਤ ਅਲੀ ਖ਼ਾਨ ਤੇ ਅਮੀਰ ਅਲੀ ਖ਼ਾਨ ਵਰਗੇ ਮਹਾਨ ਕਲਾਕਾਰਾਂ ਨੇ ਫ਼ਨ ਦਾ ਮੁਜ਼ਾਹਰਾ ਕੀਤਾ, ਪਰ ਸੁਣਨ ਵਾਲੇ ਨੁਸਰਤ ਦੀ ਆਵਾਜ਼ ਅਤੇ ਗਾਇਕੀ ਵੱਲ ਖਿੱਚੇ ਗਏ। ਇਹ ਉਹ ਦਿਨ ਸੀ ਜਿਸ ਮਗਰੋਂ ਨੁਸਰਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੇ ਪਰਿਵਾਰ ਦੀ 600 ਸਾਲਾਂ ਤੋਂ ਚੱਲੀ ਆ ਰਹੀ ਕੱਵਾਲੀ ਦੀ ਰੀਤ ਨੂੰ ਅੱਗੇ ਤੋਰਦਿਆਂ ਇਸ ਵਿੱਚ ਆਪਣਾ ਨਵਾਂ ਰੰਗ ਭਰਿਆ।
1980ਵਿਆਂ ’ਚ ਆਈ ਅੰਗਰੇਜ਼ੀ ਫ਼ਿਲਮ ‘ਦਿ ਲਾਸਟ ਟੈਂਪਟੇਸ਼ਨ ਆਫ ਕਰਾਈਸਟ’ ਦੇ ਸਾਊਂਡਟਰੈਕ ਰਾਹੀਂ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕਮਰਸ਼ਲ ਖੇਤਰ ਵਿੱਚ ਪਹਿਲੀ ਬਰੇਕ ਮਿਲੀ। ਨੈਚੂਰਲ ਬੋਰਨ ਕਿਲਰਜ਼ ਵਿੱਚ ਪੀਟਰ ਗੈਬਰੀਅਲ ਨਾਲ ਕੰਮ ਕਰਨ ਤੋਂ ਬਾਅਦ ਉਸ ਨੇ ਮਿਊਜ਼ਿਕਲ ਫਿਊਜ਼ਨ ਸ਼ੁਰੂ ਕੀਤਾ। ਇੰਨੇ ਨੂੰ ਉਹ ਲੰਡਨ ਦੇ ਵੋਮੈਡ ਮੇਲੇ, ਪੈਰਿਸ, ਜਾਪਾਨ ਅਤੇ ਨਿਊਯਾਰਕ ਦੀ ਬਰੂਕਲਿਨ ਅਕੈਡਮੀ ਆਫ ਮਿਊਜ਼ਿਕ ਵਿੱਚ ਸ਼ੋਅ ਕਰ ਚੁੱਕਿਆ ਸੀ। ਇਨ੍ਹਾਂ ਥਾਵਾਂ ’ਤੇ ਉਸ ਨੇ ਅਜਿਹਾ ਜਲਵਾ ਬਿਖੇਰਿਆ ਕਿ ਉੱਥੋਂ ਦੇ ਲੋਕ ਉਸ ਦੀ ਗਾਇਨ ਸ਼ੈਲੀ ਦੇ ਸ਼ੁਦਾਈ ਹੋ ਗਏ। ਜਾਪਾਨ ਦੇ ਲੋਕ ਤਾਂ ਉਸ ਨੂੰ ‘ਦੇਵਤਾ’ ਮੰਨਣ ਲੱਗ ਪਏ। ਉੱਥੋਂ ਦੇ ਲੋਕ ਉਸ ਨੂੰ ‘ਸਿੰਗਿੰਗ ਬੁੱਧਾ’ ਕਹਿੰਦੇ ਸਨ।
ਉਂਜ ਉਹ 1980 ਵਿੱਚ ਰਾਜ ਕੁਮਾਰ ਦੇ ਬੇਟੇ ਦੇ ਵਿਆਹ ਉਤੇ ਭਾਰਤ ਆ ਚੁੱਕਿਆ ਸੀ, ਪਰ 1996 ਵਿੱਚ ਆਈ ਐਲਬਮ ‘ਬੈਂਡਿਟ ਕੁਈਨ’ ਤੋਂ ਬਾਅਦ ਉਸ ਨੂੰ ਭਾਰਤ ਵਿੱਚ ਕਾਫ਼ੀ ਪ੍ਰਸਿੱਧੀ ਮਿਲੀ। ਇਸ ਮਗਰੋਂ ਉਸ ਨੇ ਭਾਰਤੀ ਫ਼ਿਲਮਾਂ ਲਈ ਕੰਪੋਜ਼ਿੰਗ ਕਰਨੀ ਸ਼ੁਰੂ ਕੀਤੀ। ਇਸ ਵੇਲੇ ਕੱਵਾਲੀ ਨੂੰ ਇੰਨੀ ਪ੍ਰਸਿੱਧ ਮਿਲ ਗਈ ਸੀ ਕਿ ਜਿਹੜੀ ਕੱਵਾਲੀ ਪਹਿਲਾਂ ਸਿਰਫ਼ ਦਰਗਾਹਾਂ ਆਦਿ ਵਿੱਚ ਸੁਣੀ ਜਾਂਦੀ ਸੀ, ਉਹ ਹੁਣ ਘਰ-ਘਰ ਸੁਣੀ ਜਾਣ ਲੱਗ ਪਈ। ਉਸ ਨੇ ਸੂਫ਼ੀ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਰਚਨਾਵਾਂ ਦੇ ਨਾਲ ਨਾਲ ਭਗਤ ਰਵਿਦਾਸ, ਭਗਤ ਕਬੀਰ, ਗੁਰੂ ਨਾਨਕ ਦੀ ਬਾਣੀ ਅਤੇ ਮੀਰਾ ਦੇ ਭਜਨ ਵੀ ਗਾਏ। ਇੱਕ ਅਜਿਹਾ ਵੇਲਾ ਵੀ ਆਇਆ ਜਦੋਂ ਮੁਸਲਿਮ ਭਾਈਚਾਰੇ ਦੀ ਬਹੁ-ਗਿਣਤੀ ਵਾਲੇ ਦੇਸ਼ ਪਾਕਿਸਤਾਨ ਵਿੱਚ ਨੁਸਰਤ ਵੱਲੋਂ ਗਾਇਆ ਗਿਆ ਮੀਰਾ ਦਾ ਭਜਨ ‘ਸਾਂਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ’ ਵੱਜ ਰਿਹਾ ਸੀ ਅਤੇ ਦੂਜੇ ਪਾਸੇ ਭਾਰਤ ਵਿੱਚ ‘ਦਮ ਮਸਤ ਕਲੰਦਰ ਮਸਤ ਮਸਤ’ ਦੇ ਰਿਕਾਰਡ ਵੱਜ ਰਹੇ ਸਨ।
ਇਹ ਕਲਾਕਾਰ ਕਿੰਨੀਆਂ ਖ਼ੂਬੀਆਂ ਦਾ ਮਾਲਕ ਸੀ।  ਜਦੋਂ ਸਟੇਜ ’ਤੇ ਚੜ੍ਹਦਾ ਸੀ ਤਾਂ ਸਾਰੇ ਉਸ ਵੱਲ ਖਿੱਚੇ ਜਾਂਦੇ। ਉਹ ਆਪਣੇ ਹੁਨਰ ਦੇ ਦਮ ’ਤੇ ਮਿੰਟ ਵਿੱਚ ਸਰੋਤਿਆਂ ਨੂੰ ਨਚਾ ਦਿੰਦਾ ਸੀ ਅਤੇ ਮਿੰਟ ਵਿੱਚ ਹੀ ਰੋਣ ਲਾ ਦਿੰਦਾ। ਉਸ ਨੇ ਭਾਵੇਂ ਵਿਦੇਸ਼ੀ ਕਲਾਕਾਰਾਂ ਨਾਲ ਕਈ ਕੋਲੈਬੋਰੇਸ਼ਨਜ਼ ਕੀਤੀਆਂ, ਪਰ ਮਲਿਕਾ-ਏ-ਤਰੱਨੁਮ ਨੂਰਜਹਾਂ ਨਾਲ ਉਸ ਵੱਲੋਂ ਗਾਏ ਗੀਤ ‘ਤੇਰੇ ਬਿਨਾਂ ਰੋਗੀ ਹੋਏ ਪਿਆਸੇ ਨੈਣ’ ਅਤੇ ‘ਮੇਰੀ ਜ਼ਿੰਦਗੀ ਤੇਰਾ ਪਿਆਰ’ ਦਾ ਆਪਣਾ ਹੀ ਪੱਧਰ ਹੈ। ਨੂਰਜਹਾਂ ਨੁਸਰਤ ਦੇ ਕਰੀਬੀਆਂ ’ਚੋਂ ਇੱਕ ਸੀ। ਜਦੋਂ ਨੁਸਰਤ ਨੂੰ ਇਲਾਜ ਲਈ ਲੰਡਨ ਲਿਜਾਇਆ ਗਿਆ ਤਾਂ ਨੂਰ ਜਹਾਂ ਉਸ ਨੂੰ ਹਸਪਤਾਲ ਮਿਲਣ ਗਈ। ਨੁਸਰਤ ਦੇ ਮੈਨੇਜਰ ਹਾਜੀ ਇਕਬਾਲ ਨਕੀਬੀ ਦੱਸਦੇ ਹਨ ਕਿ ਅਮਰੀਕੀ ਗਾਇਕਾ ਮੈਡੋਨਾ ਅਤੇ ਮਾਈਕਲ ਜੈਕਸਨ ਵੀ ਨੁਸਰਤ ਨਾਲ ਕੋਲੈਬੋਰੇਸ਼ਨ ਕਰਨਾ ਚਾਹੁੰਦੇ ਸਨ। ਇਸ ਸਬੰਧੀ ਉਨ੍ਹਾਂ ਦਾ ਇਕਰਾਰਨਾਮਾ ਵੀ ਹੋ ਗਿਆ ਸੀ, ਪਰ ਨੁਸਰਤ ਦੇ ਬਿਮਾਰ ਹੋਣ ਕਾਰਨ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕੇ।
1997 ਵਿੱਚ ਉਸ ਨੂੰ ਗ੍ਰੈਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। 2001 ਵਿੱਚ 125 ਤੋਂ ਵੱਧ ਕੱਵਾਲੀ ਐਲਬਮਾਂ ਦੀਆਂ ਰਿਕਾਰਡਿੰਗਜ਼ ਲਈ ਗਿੰਨੀਜ਼ ਵਰਲਡ ਰਿਕਾਰਡ ਵਿੱਚ ਉਸ ਦਾ ਨਾਂ ਦਰਜ ਕੀਤਾ ਗਿਆ। 6 ਨਵੰਬਰ 2006 ਦੇ ਅੰਕ ਵਿੱਚ ‘ਟਾਈਮ’ ਮੈਗਜ਼ੀਨ ਉਸ ਨੂੰ ਪਿਛਲੇ 60 ਸਾਲਾਂ ਵਿੱਚ ਚੋਟੀ ਦੇ 12 ਕਲਾਕਾਰਾਂ ’ਚੋਂ ਇੱਕ ਵਜੋਂ ਸੂਚੀਬੱਧ ਕਰਦਾ ਹੈ। ਅਮਰੀਕਾ ਦੇ ਰੇਡੀਓ ਐੱਨਪੀਆਰ ਵੱਲੋਂ ਉਸ ਨੂੰ 50 ਮਹਾਨ ਆਵਾਜ਼ਾਂ ਦੀ ਸੂਚੀ ਵਿੱਚ ਰੱਖਿਆ ਗਿਆ।
ਨੁਸਰਤ ਲੰਮੇ ਸਮੇਂ ਤੋਂ ਸਿਹਤ ਨਾਲ ਜੂਝ ਰਿਹਾ ਸੀ, ਪਰ ਜਦੋਂ ਅੰਤ ਆਇਆ ਤਾਂ ਜ਼ਿਆਦਾ ਜਲਦੀ ਹੀ ਆ ਗਿਆ। ਅਗਸਤ 1997 ਵਿੱਚ ਇਲਾਜ ਲਈ ਉਸ ਨੂੰ ਪਾਕਿਸਤਾਨ ਤੋਂ ਲੰਡਨ ਲਿਜਾਇਆ ਗਿਆ, ਜਿੱਥੇ 48 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਸ ਦੇ ਸ਼ਾਗਿਰਦਾਂ ਰਾਹਤ ਫ਼ਤਹਿ ਅਲੀ ਖ਼ਾਨ (ਭਤੀਜਾ), ਰਿਜ਼ਵਾਨ-ਮੁਅੱਜ਼ਮ (ਭਤੀਜੇ), ਨਵੀਦ-ਜਾਵੇਦ (ਪਿਤਾ ਫ਼ਤਹਿ ਅਲੀ ਖ਼ਾਨ ਦੇ ਸ਼ਾਗਿਰਦ ਬਖਸ਼ੀ ਸਲਾਮਤ ਦੇ ਲੜਕੇ), ਕਾਲੇ ਖ਼ਾਨ (ਸਾਥੀ ਅੱਤਾ ਫਰੀਦ ਦਾ ਲੜਕਾ) ਅਤੇ ਜ਼ੈਨ-ਜ਼ੋਹੇਬ (ਨੁਸਰਤ ਨਾਲ ਦੂਜੇ ਹਾਰਮੋਨੀਅਮ ’ਤੇ ਸਾਥ ਦੇਣ ਵਾਲੇ ਹਾਜੀ ਰਹਿਮਤ ਅਲੀ ਖ਼ਾਨ ਦੇ ਪੋਤੇ) ਨੇ ਉਸ ਦੀ ਰੀਤ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਉਸ ਵੱਲੋਂ ਸਰ ਕੀਤੀਆਂ ਮੰਜ਼ਲਾਂ ਤੱਕ ਨਹੀਂ ਪਹੁੰਚ ਸਕਿਆ। ਉਸ ਦੀ ਮੌਤ ਦੇ ਇੰਨੇ ਸਾਲਾਂ ਬਾਅਦ ਵੀ ਉਸ ਦੀ ਪ੍ਰਸਿੱਧੀ ਅਤੇ ਉਸ ਨੂੰ ਸੁਣਨ ਵਾਲਿਆਂ ਵਿੱਚ ਕਮੀ ਨਹੀਂ ਆਈ। ਸਗੋਂ ਮੌਜੂਦਾ ਸਮੇਂ ਉਸ ਨੂੰ ਪਹਿਲਾਂ ਨਾਲੋਂ ਵੱਧ ਹੀ ਸੁਣਿਆ ਜਾਂਦਾ ਹੈ।

Comment here