ਵਿਸ਼ੇਸ਼ ਰਿਪੋਰਟ-ਰੋਹਿਨੀ
ਬੀਤੇ ਦਿਨ ਸੰਗਰੂਰ ਲੋਕ ਸਭਾ ਹਲਕੇ ਲਈ ਜਿ਼ਮਨੀ ਚੋਣ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਮਹਿਜ ਤਿੰਨ ਮਹੀਨੇ ਪਹਿਲਾਂ ਜਿਸ ਪਾਰਟੀ ਨੂੰ ਲੋਕਾਂ ਨੇ ਹੂੰਝਾਫੇਰੂ ਜਿੱਤ ਦਿਵਾਈ ਸੀ, ਉਸ ਨੂੰ ਬੁਰੀ ਤਰਾਂ ਪਲਟਾਅ ਕੇ ਮਾਰਿਆ। 23 ਸਾਲਾਂ ਬਾਅਦ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਐੱਮਪੀ ਬਣਨ ਦੇ ਬਹੁਤ ਗੂੜ੍ਹ ਅਰਥ ਹਨ। ਇਸ ਤੋਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ 5,822 ਵੋਟਾਂ ਨਾਲ ਹੋਈ ਇਹ ਜਿੱਤ ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ। ਉਸ ਨੂੰ ਹੁਣ ਚਿੰਤਾ ਛੱਡ ਕੇ ਚਿੰਤਨ ਤੇ ਮੰਥਨ ਵੀ ਕਰਨਾ ਹੋਵੇਗਾ ਕਿ ਆਖ਼ਰ ਅਜਿਹੇ ਹਾਲਾਤ ਕਿਵੇਂ ਪੈਦਾ ਹੋ ਗਏ ਕਿ ਸਿਰਫ਼ ਤਿੰਨ ਮਹੀਨੇ ਪਹਿਲਾਂ ਵਿਧਾਨ ਸਭਾ ਚੋਣਾਂ ’ਚ ਜਿਹੜੀ ਪਾਰਟੀ ਨੇ ਹੂੰਝਾ–ਫੇਰੂ ਜਿੱਤ ਹਾਸਲ ਕੀਤੀ ਹੋਵੇ, ਉਸ ਨੂੰ ਸੰਸਦੀ ਚੋਣ ਵਿਚ ਇੰਜ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਆਮ ਤੌਰ ’ਤੇ ਹੁਣ ਤਕ ਵੇਖਿਆ ਇਹੋ ਗਿਆ ਹੈ ਕਿ ਜ਼ਿਮਨੀ ਚੋਣਾਂ ਜ਼ਿਆਦਾਤਰ ਇਲਾਕੇ ਦੀ ਸੱਤਾਧਾਰੀ ਪਾਰਟੀ ਦੇ ਹੱਕ ’ਚ ਭੁਗਤਿਆ ਕਰਦੀਆਂ ਹਨ। ਉਂਜ ਵੀ ਸੰਗਰੂਰ ਹਲਕੇ ਦੇ ਵੋਟਰ ਬਾਗ਼ੀਆਨਾ ਤਬੀਅਤ ਦੇ ਮਾਲਕ ਹਨ। ਸਾਲ 2014 ’ਚ ਜਦੋਂ ਪੂਰੇ ਦੇਸ਼ ਵਿਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਵਾ ਸੀ, ਤਦ ਇੱਥੋਂ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਖਾਂ ਵੋਟਾਂ ਦੇ ਫ਼ਰਕ ਨਾਲ ਜਿਤਾਇਆ ਸੀ। ਉਸ ਤੋਂ ਪਹਿਲਾਂ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਤਦ 2014 ’ਚ ਇਸੇ ਹਲਕੇ ਦੇ ਵੋਟਰਾਂ ਨੇ ਕਾਂਗਰਸ ਦੇ ਵਿਜੇਇੰਦਰ ਸਿੰਗਲਾ ਨੂੰ ਐੱਮਪੀ ਬਣਾਇਆ ਸੀ। ਐਤਕੀਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਧੂੜ ਚਟਾ ਦਿੱਤੀ ਹੈ ਜਦਕਿ ਇਹ ਹਲਕਾ ਤਾਂ ਹੁਣ ਤਕ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨਿਆ ਜਾਂਦਾ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਇਸ ਵਾਰ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਵਿਚਾਰਧਾਰਾ ਦਾ ਵੀ ਵੱਡਾ ਸਹਾਰਾ ਮਿਲਿਆ ਜੋ ਉਨ੍ਹਾਂ ਦੀ ਜਿੱਤ ਵਿਚ ਫ਼ੈਸਲਾਕੁੰਨ ਸਿੱਧ ਹੋਇਆ। ਇਸ ਵਾਰ ਦੀ ਸੰਸਦੀ ਚੋਣ ’ਚ ਅਕਾਲੀ ਦਲ ਨਾਲੋਂ ਭਾਰਤੀ ਜਨਤਾ ਪਾਰਟੀ ਨੂੰ ਵੱਧ ਵੋਟਾਂ ਮਿਲੀਆਂ ਹਨ। ਇਹ ਦੋਵੇਂ ਪਾਰਟੀਆਂ ਪਿਛਲੇ ਸਾਲ ਦੇ ਕਿਸਾਨ ਅੰਦੋਲਨ ਤੋਂ ਪਹਿਲਾਂ ਤਕ ਭਾਈਵਾਲ ਸਨ। ਸ਼੍ਰੋਮਣੀ ਅਕਾਲੀ ਦਲ ਦਾ ਇਸ ਚੋਣ ਵਿਚ 5ਵੇਂ ਸਥਾਨ ’ਤੇ ਰਹਿਣਾ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਹੁਣ ਉਸ ਦਾ ਇਸ ਮੁੱਦੇ ’ਤੇ ਆਤਮ–ਮੰਥਨ ਕਰਨਾ ਬਣਦਾ ਹੈ ਕਿ ਕੀ ਉਸ ਦਾ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ–ਵਿਛੋੜਾ ਠੀਕ ਸੀ ਅਤੇ ਉਨ੍ਹਾਂ ਦੋਵਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਕਿਉਂ ਜ਼ਬਤ ਹੋਈਆਂ ਹਨ। ਓਧਰ ਬੀਬੀ ਕਮਲਦੀਪ ਕੌਰ ਨੂੰ ਸੰਗਰੂਰ ਦੇ ਚੋਣ ਮੈਦਾਨ ’ਚ ਉਤਾਰ ਕੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਣਾ ਕੇ ਕੁਝ ਧਿਰਾਂ ਨੇ ਸਿੱਖ ਪੰਥ ਦੇ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਸੀ ਪਰ ਇਹ ਕੋਸ਼ਿਸ਼ ਵੀ ਨਾਕਾਮ ਰਹੀ। ਇਨ੍ਹਾਂ ਧਿਰਾਂ ਨੂੰ ਲੱਗਦਾ ਸੀ ਕਿ ਅਕਾਲੀ ਦਲ ਤਾਂ ਪੰਥਕ ਮੁੱਦੇ ਸੰਭਾਲ ਨਹੀਂ ਸਕਿਆ ਅਤੇ ਹੁਣ ਉਹ ਇਹ ਵਾਗਡੋਰ ਸੰਭਾਲ ਕੇ ਉਸ ਦੀ ਥਾਂ ਲੈ ਲੈਣਗੇ ਪਰ ਵੋਟਰਾਂ ਨੇ ਇਹ ਸਭ ਪ੍ਰਵਾਨ ਨਹੀਂ ਕੀਤਾ। ਯਕੀਨੀ ਤੌਰ ’ਤੇ ਵੋਟਰ ਬੜੇ ਸਿਆਣੇ ਹੁੰਦੇ ਹਨ। ਉਨ੍ਹਾਂ ਨੇ ਜੋ ਵੀ ਫ਼ਤਵਾ ਦਿੱਤਾ ਹੈ, ਉਹ ਆਮ ਆਦਮੀ ਪਾਰਟੀ ਸਮੇਤ ਸਭ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ। ਸਿਮਰਨਜੀਤ ਸਿੰਘ ਮਾਨ ਨੇ ਜਿੱਤ ਤੋਂ ਬਾਅਦ ਕਿਹਾ ਹੈ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਤੇ ਆਮ ਲੋਕਾਂ ਦੇ ਦੁੱਖ ਦੂਰ ਕਰਨ ਲਈ ਸਖ਼ਤ ਮਿਹਨਤ ਕਰਨਗੇ। ‘ਆਪ’ ਦੇ ਗੜ੍ਹ ’ਚ ਉਨ੍ਹਾਂ ਦੀ ਇਹ ਸੰਨ੍ਹ ਪੰਜਾਬੀਆਂ ਨੂੰ ਚਿਰਾਂ ਤਕ ਚੇਤੇ ਰਹੇਗੀ। ਬਾਕੀ ਧਿਰਾਂ ਜੋ ਆਮ ਆਦਮੀ ਪਾਰਟੀ ਦੀ ਹਾਰ ਦੇ ਜਸ਼ਨ ਚ ਆਪਣੀ ਹਾਰ ਦਾ ਗਮ ਰੋਲ ਰਹੀਆਂ ਹਨ, ਉਹਨਾਂ ਲਈ ਵੀ ਇਹ ਨਤੀਜੇ ਵੱਡਾ ਸਬਕ ਹਨ ਕਿ ਪੰਜਾਬ ਦੀ ਸੱਤਾ ਤੇ ਰਾਜ ਕਰਦੀਆਂ ਰਹਿਣ ਵਾਲੀਆਂ ਧਿਰਾਂ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕੀਆਂ। ਇਹ ਹਾਰ ਭਗਵੰਤ ਮਾਨ ਲਈ ਨਿੱਜੀ ਤੌਰ ‘ਤੇ ਨਮੋਸ਼ੀ ਵਾਲੀ ਹੈ, ਕਿਉਂਕਿ ਸੰਗਰੂਰ ਤੋਂ ਉਹ ਦੋ ਵਾਰ ਲੋਕ ਸਭਾ ਦੇ ਮੈਂਬਰ ਬਣੇ ਤੇ ਮੁੱਖ ਮੰਤਰੀ ਬਣਨ ‘ਤੇ ਉਨ੍ਹਾ ਵੱਲੋਂ ਸੀਟ ਛੱਡਣ ਕਾਰਨ ਇਥੇ ਜ਼ਿਮਨੀ ਚੋਣ ਕਰਾਈ ਗਈ | ਭਗਵੰਤ ਸਿੰਘ ਮਾਨ ਵੱਲੋਂ ਦੋ ਵਾਰ ਵੋਟਾਂ ਦੀ ਵੱਡੀ ਲੀਡ ਨਾਲ ਸੰਗਰੂਰ ਪਾਰਲੀਮੈਂਟ ਹਲਕੇ ਵਿਚੋਂ ਜਿੱਤ ਹਾਸਲ ਕਰਨਾ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੂਰੀ ਤੋਂ ਜਿੱਤਣਾ ਤੇ ਆਮ ਆਦਮੀ ਪਾਰਟੀ ਦੀਆਂ 92ਵੇਂ ਸੀਟਾਂ ਪੰਜਾਬ ਭਰ ‘ਚ ਆਉਣਾ ਇੱਕ ਅਚੰਭਾ ਲੱਗਦਾ ਸੀ | ਲੋਕ ਇਹ ਆਸ ਰੱਖਦੇ ਸਨ ਕਿ ਸ਼ਾਇਦ ਰਵਾਇਤੀ ਪਾਰਟੀਆਂ ਤੋਂ ਹਟ ਕੇ ਇਹ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰੇਗੀ, ਕਿਉਂਕਿ ਭਗਵੰਤ ਮਾਨ ਹਮੇਸ਼ਾ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਸਨ, ਪਰ ਸਰਕਾਰ ਲੋਕਾਂ ਦੀਆਂ ਆਸਾਂ, ਉਮੀਦਾਂ ‘ਤੇ ਖਰਾ ਨਹੀਂ ਉਤਰੀ, ਨਤੀਜੇ ਵਜੋਂ ਇਸ ਦੇ ਉਮੀਦਵਾਰ ਗੁਰਮੇਲ ਸਿੰਘ ਹਾਰ ਗਏ | ਜੇਕਰ ਏਨੀ ਜਲਦੀ ਆਮ ਆਦਮੀ ਪਾਰਟੀ ਤੋਂ ਲੋਕ ਅੱਕ ਜਾਣ ਤਾਂ ਇਸ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੈ | ਮੰਤਰੀਆਂ ਤੇ ਵਿਧਾਇਕਾਂ ਨੇ ਪਾਰਲੀਮੈਂਟ ਹਲਕਾ ਸੰਗਰੂਰ ਦੇ ਪਿੰਡ, ਸ਼ਹਿਰ ਤੇ ਗਲੀਆਂ ਤੱਕ ਪਹੁੰਚ ਕੀਤੀ, ਪਰ ਫਿਰ ਵੀ ਉਹਨਾਂ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ | ਅਸ਼ੋਕ ਮੋਹਨ ਰਿਟਾਇਰਡ ਡੀ ਐੱਸ ਪੀ ਦਾ ਕਹਿਣਾ ਹੈ ਕਿ ਲੋਕਾਂ ਨੇ ਜਿਸ ਆਸਾਂ ਤੇ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਤਿੰਨ ਮਹੀਨੇ ਪਹਿਲਾਂ ਸੱਤਾ ‘ਤੇ ਬਿਠਾਇਆ ਸੀ, ਇਹਨਾਂ ਦੀ ਸਰਕਾਰ ਉਹਨਾਂ ਆਸਾਂ ‘ਤੇ ਖਰੀ ਨਹੀਂ ਉਤਰੀ, ਜਿਸ ਕਾਰਨ ਲੋਕਾਂ ਨੇ ਆਪ ਸਰਕਾਰ ਵਿਰੁੱਧ ਆਪਣਾ ਰੋਸ਼ ਜ਼ਾਹਰ ਕਰਦਿਆਂ ਫਤਵਾ ਦੇ ਦਿੱਤਾ | ਵਿਜੈ ਗੁਪਤਾ ਇੰਡਸਟਰੀ ਚੈਂਬਰ ਦੇ ਆਗੂ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਈ ਲੀਡਰਸ਼ਿਪ ਦੀ ਵਿਚਾਰਧਾਰਾ ਪੰਜਾਬੀਆਂ ਦੇ ਹਿੱਤ ਵਿੱਚ ਨਹੀਂ ਸੀ, ਇਸ ਲਈ ਪੰਜਾਬ ਦੇ ਲੋਕਾਂ ਨੇ ਜਲਦੀ ਪਰਖਦਿਆਂ ਆਪ ਸਰਕਾਰ ਨੂੰ ਸਬਕ ਸਿੱਖਾ ਦਿੱਤਾ ਤੇ ਜ਼ਿਮਨੀ ਚੋਣ ਵਿੱਚ ਹਰਾ ਕੇ ਉਸੇ ਰਸਤੇ ਮੋੜ ਦਿੱਤਾ | ਸੁਰਜੀਤ ਸਿੰਘ ਸਾਬਕਾ ਸਰਪੰਚ ਖੇੜੀ ਜੱਟਾਂ ਦਾ ਕਹਿਣਾ ਹੈ ਕਿ ਧੂਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੂੰ ਇਸ ਲਈ ਵੋਟ ਜਿੱਤੀ ਸੀ ਕਿ ਇਹ ਰਵਾਇਤੀ ਪਾਰਟੀਆਂ ਤੋਂ ਹਟ ਕੇ ਪਾਰਟੀ ਹੈ ਅਤੇ ਪੰਜਾਬ ਦਾ ਸਰਬਪੱਖੀ ਵਿਕਾਸ ਕਰਾਏਗੀ, ਅਜਿਹਾ ਕੁਝ 3 ਮਹੀਨਿਆਂ ਦੀ ਸਰਕਾਰ ਅੰਦਰ ਨਹੀਂ ਹੋਇਆ, ਜਿਸ ਕਾਰਨ ਲੋਕਾਂ ਨੇ ਵੀ ਮੋੜਵਾਂ ਜਵਾਬ ਦੇ ਦਿੱਤਾ |
Comment here